ਅੰਮ੍ਰਿਤਸਰ-ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਵਿਦਿਆਰਥੀਆਂ ’ਚ ਖੇਡ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਦੇ ਸਰੀਰਕ ਅਤੇ ਸਮਾਜਿਕ ਹੁਨਰ ਨੂੰ ਨਿਖਾਰਨ ਦੇ ਮਕਸਦ ਤਹਿਤ ‘8ਵੀਂ ਸਾਲਾਨਾ ਐਥਲੈਟਿਕ ਮੀਟ’ ਦਾ ਆਯੋਜਨ ਕੀਤਾ ਗਿਆ। ਕਾਲਜ ਡਾਇਰੈਕਟਰ ਡਾ: ਮੰਜੂ ਬਾਲਾ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਉਪਰੰਤ ਡਾ. ਮੰਜੂ ਬਾਲਾ ਵੱਲੋਂ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਅਦਾ ਕਰਨ ਦੇ ਬਾਅਦ ਝੰਡਾ ਲਹਿਰਾਇਆ ਗਿਆ।
ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਮਾਰਚ ਪਾਸਟ ਕੀਤਾ ਗਿਆ ਅਤੇ ਬਾਅਦ ’ਚ ਸਹੁੰ ਚੁੱਕ ਸਮਾਗਮ ਹੋਇਆ ਜਿਸ ’ਚ ਉਨ੍ਹਾਂ ਨੇ ਸੱਚੀ ਖੇਡ ਭਾਵਨਾ ਨੂੰ ਬਰਕਰਾਰ ਰੱਖਣ ਦਾ ਪ੍ਰਣ ਲਿਆ। ਇਸ ਮੌਕੇ ਡਾ. ਮੰਜੂ ਬਾਲਾ ਨੇ ਕਿਹਾ ਕਿ ਖੇਡਾਂ ਇਕ ਅਜਿਹਾ ਖੇਤਰ ਹੈ ਜੋ ਸਾਨੂੰ ਲਗਨ, ਧੀਰਜ ਅਤੇ ਸੰਪੂਰਨ ਚਰਿੱਤਰ ਬਾਰੇ ਸਿਖਾਉਂਦਾ ਹੈ। ਉਨ੍ਹਾਂ ਨੇ ਰੋਜ਼ਾਨਾ ਜੀਵਨ ’ਚ ਖੇਡਾਂ ਦੀ ਮਹੱਤਤਾ ਅਤੇ ਸਮੁੱਚੀ ਸ਼ਖਸੀਅਤ ਵਿਕਾਸ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ’ਚ ਜੋਸ਼, ਪ੍ਰਤਿਭਾ ਅਤੇ ਅਗਵਾਈ ਦਾ ਪ੍ਰਗਟਾਵਾ ਕਰਦੀਆਂ ਹਨ। ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਇਕ ਸੱਚੇ ਅਥਲੀਟ ਕੋਲ ਇਕ ਮਜ਼ਬੂਤ ਸਰੀਰ ਅਤੇ ਇਕ ਚੰਗੀ ਆਤਮਾ ਹੁੰਦੀ ਹੈ। ਇਸ ਮੌਕੇ ਉਨ੍ਹਾਂ ਨੇ ਖੇਡ ਜਿੱਤਣ ਜਾਂ ਹਾਰਨ ਨਾਲੋਂ ਭਾਗੀਦਾਰੀ ਨੂੰ ਜ਼ਿਆਦਾ ਮਹੱਤਵ ਦਿੱਤਾ।
ਇਸ ਮੀਟ ’ਚ 600 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ ਅਤੇ ਇਸ ਈਵੈਂਟ ’ਚ ਵੱਖ-ਵੱਖ ਵਰਗਾਂ ਲਈ 100 ਮੀਟਰ, 200 ਮੀਟਰ ਅਤੇ 400 ਮੀਟਰ, ਲੰਬੀ ਛਾਲ, ਸ਼ਾਟ-ਪੁੱਟ ਅਤੇ ਟੱਗ ਆਫ਼ ਵਾਰ ਵਰਗੀਆਂ ਕਈ ਦੌੜਾਂ ਸ਼ਾਮਿਲ ਸਨ। ਇਸ ਪ੍ਰੋਗਰਾਮ ’ਚ ਲੜਕੀਆਂ ’ਚੋਂ ਮੌਸਮ ਕੁਮਾਰੀ (ਸੀ. ਐਸ. ਈ.-ਦੂਜਾ ਸਮੈਸਟਰ) ਨੂੰ ਸਰਵੋਤਮ ਅਥਲੀਟ ਅਤੇ ਲੜਕਿਆਂ ’ਚੋਂ ਰਾਜ ਕਮਲ (ਬੀ. ਸੀ. ਏ. ਦੂਜਾ ਸਮੈਸਟਰ) ਨੂੰ ਸਰਵੋਤਮ ਅਥਲੀਟ ਐਲਾਨਿਆ ਗਿਆ। ਜਦ ਕਿ ਸ਼ਤਰੰਜ ਟੂਰਨਾਮੈਂਟ ਮਹੇਸ਼ ਰੈਨਾ (ਸੀ. ਐਸ. ਈ. ਚੌਥਾ ਸਮੈਸਟਾਰ) ਦੁਆਰਾ ਜਿੱਤਿਆ ਗਿਆ ਸੀ। ਲੜਕੀਆਂ ’ਚ ਪੈਰਾਮੈਡੀਕਲ ਸਾਇੰਸਜ਼ ਵਿਭਾਗ ਵੱਲੋਂ ਟੱਗ ਆਫ਼ ਵਾਰ ਜਿੱਤਿਆ ਗਿਆ ਅਤੇ ਲੜਕਿਆਂ ’ਚ ਇੰਜੀਨੀਅਰਿੰਗ ਵਿੰਗ ਦੇ ਵਿਦਿਆਰਥੀਆਂ ਨੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਡਾ. ਮੰਜ਼ੂ ਬਾਲਾ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਟਰਾਫੀਆਂ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ: ਮਹਿੰਦਰ ਸੰਗੀਤਾ, ਡਾ: ਜੁਗਰਾਜ ਸਿੰਘ, ਡਾ: ਸੰਦੀਪ ਦੇਵਗਨ, ਡਾ: ਸਿਆਲ, ਇੰਜ਼. ਕਰਨਬੀਰ ਸਿੰਘ, ਡਾ. ਰਿਪਿਨ ਕੋਹਲੀ ਅਤੇ ਹੋਰ ਫੈਕਲਟੀ ਮੈਂਬਰ ਇਸ ਮੌਕੇ ਹਾਜ਼ਰ ਸਨ।