ਕੁੱਝ ਵਿਰਲੇ ਇਨਸਾਨ ਹੁੰਦੇ ਹਨ, ਜੋ ਆਪਣੀਆਂ ਹੱਥਾਂ ਦੀਆਂ ਲਕੀਰਾਂ ਉੱਤੇ ਧੁਰ ਤੋਂ ਹੀ *ਸੰਤ* ਹੋ ਜਾਣ ਦਾ ਰੁਤਬਾ ਲਿਖਾ ਕੇ ਇਸ ਧਰਤੀ ਤੇ ਆਉਂਦੇ ਹਨ ਜਾਂ ਇੰਝ ਕਹਿ ਲਉ ਕਿ ਇਹ ਸੰਤਗਿਰੀ ਉਹਨਾਂ ਨੂੰ ਸਹਿਜੇ ਹੀ ਪ੍ਰਾਪਤ ਹੁੰਦੀ ਹੈ| ਉੱਚਾ ਲੰਮਾ ਕੱਦ, ਹਸੂੰ ਹਸੂੰ ਕਰਦਾ ਚਿਹਰਾ ਤੇ ਬੋਲਾਂ ਤੋਂ ਇੰਝ ਲਗਦਾ ਹੈ ਕਿ ਉਸ ਪ੍ਰਮਾਤਮਾ ਨੇ ਉਹਨਾਂ ਨੂੰ ਏਨਾ ਸਿਦਕ ਬਖਸ਼ਿਆ ਹੋਇਆ ਹੈ ਕਿ ਉਹ ਕਦੇ ਵੀ ਉਦਾਸ ਨਜ਼ਰ ਨਹੀਂ ਆਉਂਦੇ| ਅਜਿਹੀ ਹੀ ਇੱਕ ਬਹੁਪੱਖੀ ਸ਼ਖਸ਼ੀਅਤ ਦਾ ਨਾਂ ਹੈ " ਸੰਤ ਬਾਬਾ ਗੁਰਦੇਵ ਸਿੰਘ ਨਾਨਕ ਸਰ ਵਾਲੇ ਜੋ ਲਗਾਤਾਰ 35 ਸਾਲ ਤੋਂ "ਸੈਕਟਰ 28 ਦੇ ਗੁਰਦੁਆਰਾ ਸਾਹਿਬ ਵਿਖੇ ਨਿਰੰਤਰ ਸੰਗਤਾਂ ਨੂੰ ਨਾਮਬਾਣੀ ਨਾਲ ਜੋੜ ਰਹੇ ਹਨ| ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬਾਬਾ ਜੀ ਨੇ ਕਿਹਾ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਦੇ ਗੜਵਈ *ਸੰਤ ਬਾਬਾ ਸਾਧੂ ਸਿੰਘ ਜਿੰਨ੍ਹਾਂ ਨੇ ਉਹਨਾਂ ਦੀ ਰਹਿਨੁਮਈ ਹੇਠ ਤਕਰੀਬਨ 20-25 ਸਾਲ ਗੁਰੂ ਘਰ ਦੀ ਸੇਵਾ ਕੀਤੀ ਅਤੇ ਨਾਮਬਾਣੀ ਦੇ ਰਸੀਆ ਹੋ ਨਿਬੜੇ| ਉਹਨਾਂ ਦੱਸਿਆ ਕਿ ਉਹਨਾਂ ਨੇ ਸੰਤ ਬਾਬਾ ਸਾਧੂ ਸਿੰਘ ਜੀ ਨਾਲ ਲੰਮਾ ਸਮਾਂ ਸੰਗ ਕੀਤਾ| ਉਹਨਾਂ ਪਾਸੋਂ ਜੋੜੀ ਹਾਮੋਨੀਅਮ ਸਿੱਖਣ ਤੋਂ ਇਲਾਵਾ ਸੰਗਤਾਂ ਦੀ ਲੰਗਰ ਦੀ ਸੇਵਾ ਤੋਂ ਇਲਾਵਾ ਉਹਨਾਂ ਦੇ ਹਰ ਹੁਕਮ ਨੂੰ ਸਿਰਮੱਥੇ ਤੇ ਮੰਨਿਆ| ਏਥੇ ਇਹ ਵਰਨਣ ਯੋਗ ਹੈ ਕਿ ਸੰਤ ਬਾਬਾ ਗੁਰਦੇਵ ਸਿੰਘ ਜੀ ਦਾ ਜਨਮ ਸਰਦਾਰ ਦੀਵਾਨ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਸਰਦਾਰਨੀ ਮਹਿੰਦਰ ਕੌਰ ਜੀ ਦੀ ਕੁੱਖੋਂ ਪਿੰਡ ਬੋਪਾਰਾਏ ਜਿਲ੍ਹਾ ਗੁਰਦਾਸਪੁਰ ਵਿਖੇ ਹੋਇਆ ਅਤੇ ਉਹਨਾਂ ਨੂੰ 8 ਸਾਲ ਦੀ ਉਮਰ ਵਿੱਚ ਸੰਤ ਬਾਬਾ ਸਾਧੂ ਸਿੰਘ ਜੀ ਆਪਣ ਨਾਲ ਲੈ ਗਏ ਅਤੇ ਉਹਨਾਂ ਦੀ ਸੰਗਤ ਸਦਕਾ ਉਹ ਬਚਪਨ ਵਿੱਚ ਹੀ ਧਾਰਮਿਕ ਰੰਗ ਵਿੱਚ ਰੰਗੇ ਗਏ| ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਤੁਸੀਂ ਇਸ ਨੂੰ ਕਾਦਰ ਦੀ ਕੁਦਰਤ ਦਾ ਚਮਤਕਾਰ ਹੀ ਕਹਿ ਸਕਦੇ ਹੋ ਜਾਂ ਉਸ ਵਾਹਿਗੁਰੂ ਦੀ ਮਿਹਰ ਸਦਕਾ ਹੀ ਉਹ ਅੱਜ ਜਿਸ ਅਸਥਾਨ ਉੱਤੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਹਨ ਉਸ ਗੁਰਦੁਆਰਾ ਸਾਹਿਬ ਵਿਖੇ ਗੁਰੂ ਦੀ ਗੋਲਕ ਵਿੱਚ ਕੋਈ ਪੈਸਾ ਨਹੀਂ ਪਾਉਂਦਾ, ਕਿਤੇ ਜਾ ਕੇ ਉਗਰਾਹੀ ਨਹੀਂ ਕੀਤੀ ਜਾਂਦੀ, ਕੋਈ ਪ੍ਰਧਾਨ ਨਹੀਂ ਹੈ ਅਤੇ ਨਾ ਹੀ ਕੋਈ ਸਕੱਤਰ ਹੈ, ਨਾ ਹੀ ਕਿਸੇ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਹੈ ਅਤੇ ਜਿੱਥੇ ਨਿਸ਼ਕਾਮ ਸੇਵਾ ਵਿੱਚ ਸ਼੍ਰੀ ਅਖੰਡ ਪਾਠ ਸਹਿਬ ਕੀਤੇ ਜਾਂਦੇ ਹਨ, ਪ੍ਰੰਤੂ ਇਸ ਦੇ ਬਾਵਜੂਦ ਵੀ ਅਨੇਕਾਂ ਧਾਰਮਿਕ ਸਮਾਗਮ ਕੀਤੇ ਜਾਂਦੇ ਹਨ, ਸੰਗਤਾਂ ਗੁਰੂ ਦਾ ਲੰਗਰ ਆਪਣੇ ਆਪ ਬਣਾ ਕੇ ਘਰੋਂ ਲਿਆਉਂਦੀਆਂ ਹਨ| ਸਮਾਗਮਾਂ ਲਈ ਗੁਰੂ ਘਰ ਦੇ ਸ਼ਰਧਾਲੂ ਆਪਣੇ ਆਪ ਹੀ ਸਾਰੇ ਪ੍ਰਬੰਧ ਕਰ ਲੈਂਦੇ ਹਨ ਅਤੇ ਇਸ ਤਰ੍ਹਾਂ ਦਾ ਅਲੋਕਿਕ ਵਰਤਾਰਾ ਗੁਰੂ ਘਰ ਵਿਖੇ ਵਰਤਦਾ ਹੈ, ਜਿਸ ਨੁੰ ਦੇਖ ਕੇ ਇੱਕ ਵਾਰ ਤਾਂ ਆਮ ਇਨਸਾਨ ਕਹਿ ਉੱਠਦਾ ਹੈ ਕਿ ਇੱਥੇ ਪ੍ਰਮਾਤਮਾ ਆਪਣੀ ਖੇਡ ਆਪ ਵਰਤਾ ਰਿਹਾ ਹੈ| ਉਹਨਾਂ ਨੇ ਬਿਨਾਂ ਕਿਸੇ ਦਾ ਨਾਂ ਲਇਆ ਦੱਸਿਆ ਹੈ ਕਿ ਸ਼ਹਿਰ ਦੀਆਂ ਉੱਚਹਸਤੀਆਂ ਗੁਰੂ ਘਰ ਨਾਲ ਜੁੜੀਆਂ ਹੋਈਆਂ ਹਨ| ਉਹਨਾਂ ਮੁਤਾਬਕ ਉਹਨਾਂ ਦੇ ਬਹੁਤ ਨੇੜਲੇ ਸਾਥੀ ਸ੍ਰ. ਕੁਲਦੀਪ ਸਿੰਘ ਭਾਂਖਰਪੁਰ ਦੇ ਯਤਨਾ ਸਦਕਾ ਇਥੇ ਹਰੇਕ ਸਾਲ 100 ਗਰੀਬ ਲੜਕੇ-ਲੜਕੀਆਂ ਦੀਆਂ ਸ਼ਾਦੀਆਂ ਗੁਰ ਮਰਯਾਦਾ ਅਨੁਸਾਰ ਕੀਤੀਆਂ ਜਾਂਦੀਆਂ ਹਨ| ਉਹਨਾਂ ਦੱਸਿਆ ਕਿ ਗੁਰਦਾਸਪੁਰ ੋਚ ਕੰਡੀਲਾ ਵਿਖੇ ਗੁਰੂ ਘਰ ਨਾਨਕ ਸਰ ਉਸਰਿਆ ਹੋਇਆ ਹੈ ਜਿਥੇ ਸੰਗਤਾਂ ਮਿਸੀਆਂ ਰੋਟੀਆਂ, ਦਹੀਂ, ਭੱਲੇ ਆਦਿ ਲਿਆ ਕੇ ਸੰਗਤਾਂ ਨੂੰ ਛਕਾਉਂਦੀਆਂ ਹਨ| ਉਹਨਾਂ ਦੱਸਿਆ ਕਿ ਉਹਨਾਂ ਉੱਤੇ ਬਾਬਾ ਲੱਖਾ ਸਿੰਘ ਜੀ ਜਗਰਾਵਾਂ ਵਾਲੇ ਨਾਨਕ ਸਰ ਵਾਲਿਆਂ ਦਾ ਵਿਸ਼ੇਸ਼ ਹੱਥ ਹੈ ਅਤੇ ਉਹਨਾਂ ਦਾ ਸਾਥ ਉਹਨਾਂ ਨੂੰ ਫੱਗਣੀ ਧੁੱਪਾ ਵਰਗਾ ਕੋਸਾ ਕੋਸਾ ਲੱਗਦਾ ਹੈ| ਬਾਬਾ ਜੀ ਨੇ ਹੋਰ ਕਿਹਾ ਕਿ ਇਸ ਅਸਥਾਨ ਤੇ ਸਾਰਿਆਂ ਹੀ ਗੁਰੂ ਸਾਹਿਬ ਦੇ ਗੁਰ ਪੁਰਥ ਮਨਾਏ ਜਾਂਦੇ ਹਨ ਜਿੰਨ੍ਹਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ, ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ, ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ਼੍ਰੀ ਗੁਰੂ ਗਰੰਥ ਦੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ|