ਨਵੀਂ ਦਿੱਲੀ -ਸਿੱਖ ਮੋਟਰਸਾਈਕਲ ਕਲੱਬ (ਕੈਨੇਡਾ) ਦੇ 25 ਤੋਂ ਵੱਧ ਮੈਂਬਰਾਂ ਨੇ ਮੁਹਰਲੀ ਕਤਾਰ ਅੰਦਰ ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਵਾਲੇ ਕਾਮਿਆਂ ਲਈ ਗਰੇਟਰ ਟੋਰਾਂਟੋ ਏਰੀਆ ਤੋਂ ਸਡਬਰੀ ਤੱਕ ਦਾ ਪੈਂਡਾ ਤੈਅ ਕਰਕੇ ਇਕ ਮੋਟਰਸਾਈਕਲ ਰੈਲੀ ਨਿਕਾਲ ਕੇ ਉਨ੍ਹਾਂ ਦਾ ਉਤਸਾਹ ਵਧਾਇਆ ਅਤੇ ਪ੍ਰਸ਼ੰਸਾ ਕੀਤੀ । ਰੈਲੀ ਦੌਰਾਨ ਇਹ ਸਿੱਖ ਓਪੀਪੀ ਸਟੇਸ਼ਨ, ਹੈਲਥ ਸਾਇੰਸ ਨੌਰਥ ਅਤੇ ਸਿਟੀ ਹਾਲ ਵਿਖੇ ਰੁਕੇ, ਜਿੱਥੇ ਇਨ੍ਹਾਂ ਨੇ ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ, ਹੈਲਥ ਸਾਇੰਸਜ਼ ਨੌਰਥ ਦੇ ਸਟਾਫ਼, ਗਰੇਟਰ ਸਡਬਰੀ ਪੁਲਿਸ ਅਤੇ ਗਰੇਟਰ ਸਡਬਰੀ ਅੱਗ ਬੁਝਾਊ ਵਿਭਾਗ ਨੂੰ ਤਖ਼ਤੀਆਂ ਭੇਟ ਕਰਕੇ ਸਨਮਾਨਿਤ ਕੀਤਾ ।
ਇਸ ਦੌਰਾਨ ਸਾਰਜੈਂਟ ਡੈਰੀਅਲ ਐਡਮਜ਼ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਰਕੇ ਚਲ ਰਹੇ ਮੌਜੂਦਾ ਨਾਜੁਕ ਸਮੇਂ ਦੌਰਾਨ ਮੁਹਰਲੀ ਕਤਾਰ ਦੇ ਕਾਮੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਜਿਸਦੀ ਪ੍ਰਸ਼ੰਸਾ ਕਰਨ ਲਈ ਹੀ ਸਿੱਖਾਂ ਨੇ ਜਿਹੜੀ ਮੋਟਰਸਾਈਕਲ ਰੈਲੀ ਕੱਢੀ ਹੈ, ਸ਼ਲਾਘਾਯੋਗ ਕਦਮ ਹੈ। ਸਿੱਖ ਮੋਟਰਸਾਈਕਲ ਕਲੱਬ (ਕੈਨੇਡਾ) ਵਲੋਂ ਨਿਕਾਲੀ ਗਈ ਰੈਲੀ ਦੌਰਾਨ ਸਡਬਰੀ ਵਿੱਚ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਦਾ ਵੀ ਨਿੱਘਾ ਸਵਾਗਤ ਕੀਤਾ ਗਿਆ ।