ਨਵੀਂ ਦਿੱਲੀ -ਕੇਂਦਰ ਸਰਕਾਰ ਵੱਲੋਂ ਕੱਪੜਿਆਂ 'ਤੇ ਜੀਐਸਟੀ ਦੀਆਂ ਦਰਾਂ 'ਚ ਕੀਤੇ ਵਾਧੇ ਤੋਂ ਕਪੜਾ ਵਪਾਰੀ ਅਸੰਤੁਸ਼ਟ ਹਨ। ਇਸ ਕਾਰਨ ਕੱਪੜਾ ਵਪਾਰੀਆਂ ਨੇ ਵੀਰਵਾਰ ਨੂੰ ਬਾਜ਼ਾਰ ਬੰਦ ਰੱਖਣ ਦਾ ਸੱਦਾ ਦਿੱਤਾ ਸੀ ਤੇ ਇਸ ਬੰਦ ਨੂੰ ਚੈਂਬਰ ਆਫ ਟਰੇਡ ਐਂਡ ਇੰਡਸਟਰੀ ਤੋਂ ਇਲਾਵਾ ਕੱਪੜਾ ਵਪਾਰੀਆਂ ਦੀਆਂ ਹੋਰ ਜਥੇਬੰਦੀਆਂ ਦਾ ਵੀ ਸਮਰਥਨ ਮਿਲਿਆ ਹੋਇਆ ਹੈ। ਸਰਕਾਰ ਵਲੋਂ ਕਪੜੇ ਉੱਤੇ ਜੀ ਐਸ ਟੀ ਦੇ ਵਾਧੇ ਦੇ ਫੈਸਲੇ ਦੇ ਵਿਰੋਧ ਵਿਚ ਦਿੱਲੀ ਦੇ ਜਿਹੜੇ ਕੱਪੜਾ ਬਾਜ਼ਾਰ ਬੰਦ ਰਹੇ । ਦਿੱਲੀ ਸਾੜੀ ਮਰਕੈਂਟਾਈਲ ਐਸੋਸੀਏਸ਼ਨ ਦੀ ਤਰਫੋਂ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ 1 ਜਨਵਰੀ 2022 ਤੋਂ ਕੱਪੜਿਆਂ 'ਤੇ ਜੀਐੱਸਟੀ ਦੀ ਦਰ 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਰਹੀ ਹੈ। ਸਭ ਨੂੰ ਪਤਾ ਹੈ ਕਿ ਵਪਾਰੀ ਵਰਗ ਪਿਛਲੇ ਦੋ ਸਾਲਾਂ ਤੋਂ ਬਹੁਤ ਪ੍ਰੇਸ਼ਾਨ ਹੈ, ਇਸ ਲਈ ਅੱਜ ਅਸੀਂ ਪ੍ਰਤੀਕਾਤਮਕ ਤਰੀਕੇ ਨਾਲ ਬਾਜ਼ਾਰ ਬੰਦ ਕਰ ਰਹੇ ਹਾਂ। ਦਿੱਲੀ ਤੋਂ ਇਲਾਵਾ ਯੂਪੀ, ਮਹਾਰਾਸ਼ਟਰ ਆਦਿ ਰਾਜਾਂ ਸਮੇਤ ਦੇਸ਼ ਦੇ ਹੋਰ ਰਾਜਾਂ ਦੇ ਥੋਕ ਕੱਪੜਾ ਬਾਜ਼ਾਰ ਵਿੱਚ ਵੀ ਬੰਦ ਦਾ ਸਮਰਥਨ ਕੀਤਾ ਜਾ ਰਿਹਾ ਹੈ। ਵਪਾਰੀਆਂ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾ ਸਕਦੇ ਹਾਂ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵਪਾਰੀਆਂ ਦੀ ਸਿਖਰਲੀ ਸੰਸਥਾ ਚੈਂਬਰ ਆਫ ਟਰੇਡ ਐਂਡ ਇੰਡਸਟਰੀ (ਸੀਟੀਆਈ) ਦੀ ਅਗਵਾਈ ਹੇਠ ਕਨਾਟ ਪਲੇਸ ਵਿੱਚ ਵਪਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿੱਚ ਕੱਪੜਾ, ਰੈਡੀਮੇਡ ਗਾਰਮੈਂਟਸ, ਸਾੜੀ ਸੂਟ ਨਾਲ ਸਬੰਧਤ ਵਪਾਰੀ ਜਥੇਬੰਦੀਆਂ ਨੇ ਹਿੱਸਾ ਲਿਆ। ਇਸ ਦੌਰਾਨ ਸਮੂਹ ਵਪਾਰੀਆਂ ਨੇ ਕਿਹਾ ਕਿ ਜੇਕਰ 12 ਫੀਸਦੀ ਜੀਐਸਟੀ ਲਗਾਇਆ ਜਾਂਦਾ ਹੈ ਤਾਂ ਵਪਾਰੀ ਕੋਲ ਕੋਈ ਪੂੰਜੀ ਨਹੀਂ ਬਚੇਗੀ। ਇਸ ਨਾਲ ਹਜ਼ਾਰਾਂ ਛੋਟੀਆਂ ਫੈਕਟਰੀਆਂ ਹੀ ਬੰਦ ਨਹੀਂ ਹੋਣਗੀਆਂ ਸਗੋਂ ਟੈਕਸ ਚੋਰੀ ਵੀ ਵਧੇਗੀ।