ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਸਲਾਹ 'ਤੇ ਅਮਲ ਕਰਨ ਅਤੇ ਪਿਛਲੇ ਸੀਜ਼ਨ 'ਚ ਪੂਸਾ-44 ਕਿਸਮ ਦੇ ਝੋਨੇ ਦੀ ਕਾਸ਼ਤ ਨਾ ਕਰਨ ਲਈ ਪੰਜਾਬ ਦੇ ਕਿਸਾਨਾਂ ਦਾ ਧੰਨਵਾਦ ਕੀਤਾ।
ਇੱਕ ਵੀਡੀਓ ਸੰਦੇਸ਼ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਸਾਡੀ ਖੇਤੀ ਨੂੰ ਬਚਾਉਣ ਅਤੇ ਇਸ ਨੂੰ ਦੁਬਾਰਾ ਲਾਹੇਵੰਦ ਧੰਦਾ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਿਨ ਵੇਲੇ ਲੋੜੀਂਦੀ ਬਿਜਲੀ ਮਿਲਣੀ ਚਾਹੀਦੀ ਹੈ। ਮੰਡੀਆਂ ਵਿੱਚ ਖ਼ਰੀਦ, ਲਿਫ਼ਟਿੰਗ ਅਤੇ ਢੋਆ-ਢੁਆਈ ਦੀਆਂ ਤਿਆਰੀਆਂ ਵੀ ਸ਼ਾਨਦਾਰ ਚੱਲ ਰਹਿਆਂ ਹਨ। ਅਸੀਂ ਹਰ ਸੀਜ਼ਨ ਦੌਰਾਨ ਉਚਿੱਤ ਯੋਜਨਾਬੰਦੀ ਤਿਆਰੀ ਅਤੇ ਉਸ ਦਾ ਐਗਜ਼ੀਕਿਊਸ਼ਨ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਝੋਨੇ ਦੇ ਪਿਛਲੇ ਸੀਜ਼ਨ ਤੋਂ ਪਹਿਲਾਂ ਉਨ੍ਹਾਂ ਕਿਸਾਨਾਂ ਨੂੰ ਪੂਸਾ-44 ਦੀ ਬਿਜਾਈ ਨਾ ਕਰਨ ਦੀ ਅਪੀਲ ਕੀਤੀ ਸੀ ਜਿਸ ਨੂੰ ਤਿਆਰ ਹੋਣ ਵਿੱਚ 150 ਤੋਂ ਵੱਧ ਦਿਨ ਲੱਗ ਜਾਂਦੇ ਹਨ। ਉਨ੍ਹਾਂ ਦੀ ਇੱਕ ਬੇਨਤੀ ਤੋਂ ਬਾਅਦ, ਪੂਸਾ-44 ਅਧੀਨ ਰਕਬਾ 50% ਘਟ ਗਿਆ ਸੀ। ਪੂਸਾ-44 ਦੀ ਬਜਾਏ ਸਾਡੇ ਕਿਸਾਨਾਂ ਨੇ PR-126, PR-127, PR-128, PR-129 ਅਤੇ PR-130 ਬੀਜੇ ਜਿਨ੍ਹਾਂ ਨੂੰ ਤਿਆਰ ਹੋਣ ਵਿੱਚ ਸਿਰਫ਼ 90 ਦਿਨ ਲੱਗਦੇ ਹਨ, ਜੋ ਕਿ PUSA-44 ਨਾਲੋਂ 60 ਦਿਨ ਘੱਟ ਹਨ। ਪੂਸਾ-44 ਅਧੀਨ ਰਕਬਾ ਘੱਟ ਹੋਣ ਕਾਰਨ 477 ਕਰੋੜ ਰੁਪਏ ਦੀ ਬਿਜਲੀ ਦੀ ਬੱਚਤ ਹੋਈ ਅਤੇ ਇਸ ਨਾਲ 5 ਅਰਬ ਕਿਊਸਿਕ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋਈ।
ਮਾਨ ਨੇ ਕਿਹਾ ਕਿ ਅਸੀਂ ਗੁਰੂ ਸਾਹਿਬ ਦੇ ਬਚਨਾਂ 'ਪਵਨ ਗੁਰੂ ਪਾਣੀ ਪਿਤਾ' 'ਤੇ ਚੱਲ ਰਹੇ ਹਾਂ ਅਤੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਦੇ ਇਸ ਰਾਹ 'ਤੇ ਕਿਸਾਨਾਂ ਦਾ ਸਹਿਯੋਗ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਉਹ ਬਹੁਤ ਖ਼ੁਸ਼ ਹਨ ਕਿ ਕਿਸਾਨਾਂ ਨੇ ਉਨ੍ਹਾਂ ਦੀ ਇਕ ਸਧਾਰਨ ਜਿਹੀ ਸਲਾਹ 'ਤੇ ਅਮਲ ਕੀਤਾ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਅਜਿਹਾ ਫੈਸਲਾ ਨਹੀਂ ਲੈਣਗੇ ਜਿਸ ਨਾਲ ਪੰਜਾਬ, ਪੰਜਾਬੀਆਂ ਅਤੇ ਸਾਡੇ ਸਰੋਤਾਂ ਨੂੰ ਨੁਕਸਾਨ ਪਹੁੰਚੇ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੀ ਬਿਹਤਰੀ ਲਈ ਫ਼ੈਸਲੇ ਲੈਣਗੇ।
ਮਾਨ ਨੇ ਕਿਹਾ ਕਿ ਉਹ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਵਾਰ ਫਿਰ ਕਿਸਾਨਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਪੂਸਾ-44 ਦੀ ਬਿਜਾਈ ਬਿਲਕੁਲ ਨਾ ਕਰਨ। ਇਸ ਨਾਲ ਬਿਜਲੀ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ। ਉਨ੍ਹਾਂ ਕਿਸਾਨਾਂ ਨੂੰ ਪੀ.ਆਰ.-126 ਤੋਂ 130 ਅਤੇ ਬਾਸਮਤੀ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਬਾਸਮਤੀ ਚੌਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਨਾਲੋਂ ਵੀ ਵਧੀਆ ਮੁੱਲ ਮਿਲਦਾ ਹੈ। ਮਾਨ ਨੇ ਕਿਹਾ ਕਿ ਪੂਸਾ-44 ਹੋਰ ਕਿਸਮਾਂ ਨਾਲੋਂ ਵੀ ਜ਼ਿਆਦਾ ਪਰਾਲੀ ਪੈਦਾ ਕਰਦੀ ਹੈ, ਇਸ ਲਈ ਹਵਾ ਅਤੇ ਪਾਣੀ ਦੀ ਬੱਚਤ ਕਰਨ ਲਈ ਇਸ ਕਿਸਮ ਨੂੰ ਛੱਡ ਦਿਓ।
ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਆਮ ਲੋਕਾਂ ਅਤੇ ਕਿਸਾਨਾਂ ਦੀ ਸਰਕਾਰ ਹੈ। ਸਾਰੇ ਫ਼ੈਸਲੇ ਲੋਕਾਂ ਦੇ ਮੁਤਾਬਿਕ ਨਾਲ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਉਹ ਹੋਰ ਮਸਲਿਆਂ ਬਾਰੇ ਵੀ ਵਿਚਾਰ-ਵਟਾਂਦਰਾ ਕਰਨ ਲਈ ਕਿਸਾਨ ਮਿਲਣੀਆਂ ਕਰਨਗੇ। ਮਾਨ ਨੇ ਉਨ੍ਹਾਂ ਦੇ ਫ਼ੈਸਲੇ ਦਾ ਸਮਰਥਨ ਕਰਨ ਅਤੇ ਸਾਡੀ ਹਵਾ ਅਤੇ ਪਾਣੀ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਣ ਲਈ ਕਿਸਾਨਾਂ ਦਾ ਧੰਨਵਾਦ ਕੀਤਾ।