ਬਠਿੰਡਾ- ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਵੇਂ ਬਣੇ ਕਾਨੂੰਨ ਲਾਗੂ ਹੋਣ ਤੇ ਸਭ ਤੋਂ ਪਹਿਲਾਂ ਸਿੱਖ ਨੂੰ ਹੀ ਸ਼ਿਕਾਰ ਬਨਾਇਆ ਹੈ। ਇਨ੍ਹਾਂ ਕਾਨੂੰਨਾਂ ਦਾ ਕੱਚ ਸੱਚ ਸਾਹਮਣੇ ਪ੍ਰਗਟ ਹੋ ਗਿਆ ਹੈ। ਰਾਜਸਥਾਨ ਦੇ ਸਿੱਖ ਆਗੂ ਜਥੇਦਾਰ ਤੇਜਿੰਦਰਪਾਲ ਸਿੰਘ ਟਿੰਮਾ ਤੇ ਗੰਗਾਨਗਰ ਵਿਖੇ ਦੇਸ ਧ੍ਰੋਹ ਦਾ ਮਕੱਦਮਾ ਦਰਜ ਕਰਨਾ ਬਹੁਤ ਅਫਸੋਸਜਨਕ ਤੇ ਨਿੰਦਣਯੋਗ ਹੈ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਕੀਤੇ ਇੱਕ ਪ੍ਰੈਸਨੋਟ ਵਿੱਚ ਨਿਹੰਗ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਕਿ ਕੀ ਇਹ ਕਨੂੰਨ ਘੱਟ ਗਿਣਤੀਆਂ ਤੇ ਹੀ ਲਾਗੂ ਕਰਨ ਲਈ ਬਣਾਏ ਗਏ ਹਨ, ਜਥੇਦਾਰ ਤੇਜਿੰਦਰਪਾਲ ਸਿੰਘ ਟਿੰਮਾ ਨੇ ਰਾਜਸਥਾਨ ਵਿੱਚ ਸਮੇਂ ਸਮੇਂ ਸਿੱਖ ਕੌਮ ਦੇ ਮਸਲਿਆਂ, ਸਿੱਖਾਂ ਨਾਲ ਹੁੰਦੀ ਬੇਇਨਸਾਫੀ ਖਿਲਾਫ ਅਵਾਜ਼ ਉਠਾਈ ਹੈ। ਉਨ੍ਹਾਂ ਕਿਹਾ ਸ. ਟਿੰਮਾ ਤੇ ਕਿਸੇ ਵਿਅਕਤੀ ਵੱਲੋਂ ਬੇਬੁਨਿਆਦ ਤੇ ਬਦਲਾ ਲਉ ਭਾਵਨਾ ਨਾਲ ਸ਼ਿਕਾਇਤ ਦਰਜ਼ ਕਰਵਾਉਣ ਤੇ ਸਿੱਧਾ ਦੇਸ ਧ੍ਰੋਹ ਦਾ ਪਰਚਾ ਦਰਜ ਕਰਨਾ, ਸਿੱਖਾਂ ਨੂੰ ਚਿੜਾਉਣ ਵਾਲੀ ਬਾਤ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਕਿਸੇ ਵਿਅਕਤੀ ਨੂੰ ਵੀ ਇਨਸਾਫ ਲੈਣ ਲਈ ਉਚੀ ਸੁਰ ਵਿੱਚ ਬੋਲਣ ਨਹੀਂ ਦਿੱਤਾ ਜਾਵੇਗਾ। ਹੱਕ ਸੱਚ ਦੀ ਅਵਾਜ਼ ਨੂੰ ਅਜਿਹੇ ਕਾਨੂੰਨਾਂ ਤਹਿਤ ਦਬਾ ਦਿਤਾ ਜਾਵੇਗਾ ਤੇ ਬੋਲਣ ਵਾਲੇ ਵਿਰੁੱਧ ਕਿਸੇ ਦੀ ਬਦਲਾ ਲਓ ਸ਼ਕਾਇਤ ਤੇ ਦੇਸ ਧ੍ਰੋਹ ਦਾ ਪਰਚਾ ਦਰਜ਼ ਕਰ ਦਿਤਾ ਜਾਵੇਗਾ। ਇਹ ਮਨੁੱਖੀ ਸਵੈ ਅਜ਼ਾਦੀ ਤੇ ਸਿੱਧਾ ਹਮਲਾ ਹੈ। ਅਜਿਹੇ ਕਨੂੰਨ ਕੇਵਲ ਸਿੱਖਾਂ ਤੇ ਲਾਗੂ ਕਰਨ ਲਈ ਬਨਾਏ ਗਏ ਹਨ। ਉਨ੍ਹਾਂ ਨੇ ਇਸ ਦੀ ਡਟਵੀਂ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਪੇਸ਼ਬੰਦੀਆਂ ਕਰਨ ਦੀ ਲੋੜ ਹੈ ਜੋ ਬਰਬਾਦੀ, ਭ੍ਰਿਸਟਾਚਾਰ ਅਤੇ ਬਦਇੰਤਜਾਮੀ ਦੀ ਸੰਭਾਵਨਾ ਨੂੰ ਖਤਮ ਕਰਦੀਆਂ ਹੋਣ। ਉਨ੍ਹਾਂ ਕਿਹਾ ਕਿਸੇ ਵੀ ਥਾਂ ਤੇ ਹੋ ਰਹੀ ਬੇਇਨਸਾਫੀ ਸਭ ਥਾਵਾਂ ਤੇ ਹੋਣ ਵਾਲੇ ਇਨਸਾਫ ਲਈ ਖਤਰਾ ਬਣ ਜਾਂਦੀ ਹੈ। ਉਨ੍ਹਾਂ ਕਿਹਾ ਇਨ੍ਹਾਂ ਕਨੂੰਨਾਂ ਬਾਰੇ ਸਭ ਤੋਂ ਪਹਿਲਾਂ ਮੈਂ ਹੀ ਕੌਮ ਨੂੰ ਸੁਚੇਤ ਕਰਨ ਲਈ ਅਵਾਜ਼ ਉਠਾਈ ਸੀ।