ਸਰੀ, -ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ 19 ਅਕਤੂਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ ਇਲੈਕਸ਼ਨ ਬੀ.ਸੀ. ਨੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਅਨੁਸਾਰ 93 ਮੈਂਬਰੀ ਵਿਧਾਨ ਸਭਾ ਲਈ ਕੁੱਲ 323 ਉਮੀਦਵਾਰ ਚੋਣ ਮੈਦਾਨ ਵਿਚ ਹਨ। ਸੱਤਾਧਾਰੀ ਨਿਊ ਡੈਮੋਕਰੇਟਿਕ ਪਾਰਟੀ ਅਤੇ ਦੂਜੀ ਮੁੱਖ ਪਾਰਟੀ ਕੰਸਰਵੇਟਿਵ ਪਾਰਟੀ ਆਫ ਬੀ.ਸੀ. ਨੇ 93 ਦੀਆਂ 93 ਸੀਟਾਂ ਉੱਪਰ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ, ਗ੍ਰੀਨ ਪਾਰਟੀ 69 ਸੀਟਾਂ ਉੱਪਰ ਚੋਣ ਲੜ ਰਹੀ ਹੈ, ਕਮਿਊਨਿਸਟ ਪਾਰਟੀ ਆਫ ਬੀ.ਸੀ. ਦੇ 3, ਫਰੀਡਮ ਪਾਰਟੀ ਆਫ ਬੀ.ਸੀ. ਦੇ 5, ਕ੍ਰਿਸ਼ਚੀਅਨ ਹੈਰੀਟੇਜ ਪਾਰਟੀ ਆਫ ਬੀਸੀ ਦੇ 2 ਅਤੇ 54 ਆਜ਼ਾਦ ਜਾਂ ਗ਼ੈਰ-ਸੰਬੰਧਿਤ ਉਮੀਦਵਾਰ ਵਿਧਾਇਕ ਬਣਨ ਦੇ ਲਈ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਵਿਚ ਵੱਖ ਵੱਖ ਪਾਰਟੀਆਂ ਵੱਲੋਂ ਅਤੇ ਆਜ਼ਾਦ ਤੌਰ ‘ਤੇ 37 ਪੰਜਾਬੀ ਉਮੀਦਵਾਰ ਚੋਣ ਅਖਾੜੇ ਵਿਚ ਨਿੱਤਰੇ ਹਨ। ਇਨ੍ਹਾਂ ਵਿਚ ਨਿਊ ਡੈਮੋਕਰੇਟਿਕ ਪਾਰਟੀ ਵੱਲੋਂ ਰਾਜ ਚੌਹਾਨ, ਜਗਰੂਪ ਬਰਾੜ, ਨਿੱਕੀ ਸ਼ਰਮਾ, ਰਵੀ ਕਾਹਲੋਂ, ਰਚਨਾ ਸਿੰਘ, ਹਰਵਿੰਦਰ ਕੌਰ ਸੰਧੂ, ਜਿੰਨੀ ਸਿਮਸ, ਬਲਤੇਜ ਸਿੰਘ ਢਿੱਲੋਂ, ਸਾਰਾ ਕੂਨਰ, ਰਵੀ ਪਰਮਾਰ, ਕਮਲ ਗਰੇਵਾਲ, ਜੈਸੀ ਸੁੰਨੜ, ਰੀਆ ਅਰੋੜਾ, ਅਮਨ ਸਿੰਘ, ਸੁਨੀਤਾ ਧੀਰ, ਹਰਪ੍ਰੀਤ ਬਡੋਹਲ ਅਤੇ ਸੈਮ ਅਟਵਾਲ ਨੂੰ ਟਿਕਟ ਦਿਤੀ ਗਈ ਹੈ।
ਕੰਸਰਵੇਟਿਵ ਪਾਰਟੀ ਆਫ ਬੀ.ਸੀ. ਵੱਲੋਂ ਮਨਦੀਪ ਧਾਲੀਵਾਲ, ਤੇਗਜੋਤ ਬੱਲ, ਜੋਡੀ ਤੂਰ, ਅਵਤਾਰ ਸਿੰਘ ਗਿੱਲ, ਹਰਮਨ ਭੰਗੂ, ਦੀਪਕ ਸੂਰੀ, ਸਟੀਵ ਕੂਨਰ, ਧਰਮ ਕਾਜਲ, ਹੋਣਵੀਰ ਸਿੰਘ ਰੰਧਾਵਾ, ਜੈਗ ਸੰਘੇੜਾ, ਸੈਮ ਕੰਦੋਲਾ, ਰਾਜੀਵ ਵਿਓਲੀ ਤੇ ਅਰੁਣ ਲਗੇਰੀ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ, ਗ੍ਰੀਨ ਪਾਰਟੀ ਨੇ ਮਨਜੀਤ ਸਿੰਘ ਸਹੋਤਾ ਤੇ ਸਿਮ ਸੰਧੂ ਅਤੇ ਫਰੀਡਮ ਪਾਰਟੀ ਆਫ ਪੀਸੀ ਨੇ ਅਮਿਤ ਬੜਿੰਗ, ਪਰਮਜੀਤ ਰਾਏ ਅਤੇ ਕਿਰਨ ਹੁੰਦਲ ਨੂੰ ਚੋਣ ਮੈਦਾਨ ਵਿਚ ਲਿਆਂਦਾ ਹੈ ਅਤੇ ਅਮਨਦੀਪ ਸਿੰਘ, ਜੋਗਿੰਦਰ ਸਿੰਘ ਰੰਧਾਵਾ, ਜਪਰੀਤ ਲਹਿਲ ਤੇ ਸ਼ੌਕ ਨਿੱਝਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।