ਅੰਮ੍ਰਿਤਸਰ-ਸਾਬਕਾ ਸਪੀਕਰ ਰਵੀਇੰਦਰ ਸਿੰਘ ਪ੍ਰਧਾਨ ਅਕਾਲੀ ਦਲ 1920 ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਚ ਸਿਆਸਤ ਸਿਰਫ ਮੌਕੇ ਪ੍ਰਸਤੀ ਦੀ ਰਹਿ ਗਈ ਹੈ , ਕੁਝ ਹੁਕਮਰਾਨਾਂ ਨੇ ਨਿੱਜੀ ਖਾਹਿਸ਼ਾਂ ਦੀ ਪੂਰਤੀ ਲਈ ਗੈਰ-ਸਿਧਾਂਤਕ ਸਮਝੌਤੇ ਕਰ ਲਏ ਹਨ , ਜੋ ਲੋਕਤੰਤਰ ਲਈ ਬੇਹੱਦ ਖਤਰਨਾਕ ਸਾਬਿਤ ਹੋ ਸਕਦੇ ਹਨ । ਸਾਬਕਾ ਸਪੀਕਰ ਨੇ ਕਿਹਾ ਕਿ ਇਸ ਸੰਸਾਰੀਕਰਨ ਦੇ ਯੁੱਗ ਨੇ ਪੱਛੜੇ ਦੇਸ਼ਾਂ ਦੇ ਸਮਾਜਿਕ ਆਰਥਿਕ ਤਾਣੇ-ਬਾਣੇ ਦੇ ਹਰ ਪੱਖ ਨੂੰ ਹੀ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ । ਭਾਰਤ ਵਰਗੇ ਪੱਛੜੇ ਮੁਲਕਾਂ ਦੀਆਂ ਪੈਦਾਵਾਰੀ ਸ਼ਕਤੀਆਂ ਦੀ ਸੰਘੀ ਘੁੱਟੀ ਜਾ ਰਹੀ ਹੈ । ਦੇਸੀ ਸਨਅਤਾਂ ਕਰੀਬ-ਕਰੀਬ ਬੰਦ ਹੋਣ ਦੀ ਕੰਗਾਰ ਤੇ ਖੜੀਆਂ ਹਨ । ਛੋਟੇ- ਤੇ ਦਰਮਿਆਨੇ ਵਪਾਰੀਆਂ ਦਾ ਦਵਾਲਾ ਨਿਕਲ ਗਿਆ ਹੈ । ਹਜ਼ਾਰਾਂ, ਲੱਖਾਂ ਦੀ ਗਿਣਤੀ ਚ ਮਿਹਨਤਕਸ਼ ਵਰਗ, ਕਿਰਤੀ, ਮਜਦੂਰ, ਨੌਜੁਆਨੀ ਬੇਰੁਜਗਾਰੀ ਦੀ ਜਿੰਦਗੀ ਘੱਟ ਰਹੀ ਹੈ, ਜਿਸ ਦੇ ਸਿੱਟੇ ਵਜੋਂ ਉਹ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਹੋਏ ਪਏ ਹਨ ।
ਰਵੀਇੰਦਰ ਸਿੰਘ ਮੁਤਾਬਕ ਇਨਾ ਦੇਸ਼ਾਂ ਦੀਆਂ ਸਰਕਾਰਾਂ ਮਾਲੀ ਵਸੀਲਿਆਂ ਦੀ ਘਾਟ ਕਾਰਨ ਤੇ ਸਾਮਰਾਜੀ ਦਬਾਅ ਹੇਠ ਉਦਾਰਵਾਦੀ ਪਹੁੰਚਾਂ ਅਪਨਾਉਣ ਕਾਰਨ ਅਵਾਮ ਲਈ ਸਿੱਖਿਆ, ਭਿੰਨ-ਭਿੰਨ ਸਹੂਲਤਾਂ, ਸਿਹਤ ਆਦਿ ਸਮਾਜਿਕ ਸੁਰੱਖਿਆ ਵਰਗੀਆਂ ਬੁਨਿਆਦੀ ਜੁੰਮੇਵਾਰੀਆਂ ਨਿਭਾਉਣ ਲਈ ਹੁਕਮਰਾਨ ਭੱਜ ਰਹੇ ਹਨ । ਗੰਭੀਰ ਮੁੱਦੇ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਰ ਖੇਤਰ ਹੀ ਨਿੱਜੀ-ਮੁਫਤਖੋਰਾਂ ਦੀ ਲੁੱਟ ਹਵਾਲੇ ਕਰਨਾ ਦੁਨੀਆ ਭਰ ਦੇ ਦੁਜੇ ਵੱਡੇ ਲੋਕਤੰਤਰੀ ਮੁਲਕ ਲਈ ਖਤਰਨਾਕ ਸਿੱਧ ਹੋ ਸਕਦਾ ਹੈ । ਕਿਉਕਿ ਸਿੱਖਿਆ ਤੇ ਸਿਹਤ ਸਹੂਲਤਾਂ ਵਰਗੀਆਂ ਬੁਨਿਆਦੀ ਲੋੜਾਂ ਵੀ ਕਿਰਤੀ ਲੋਕਾਂ ਦੀ ਪਹੁੰਚ ਤੋ ਖਤਮ ਹੋ ਰਹੀਆਂ ਹਨ । ਨੌਜੁਆਨਾਂ ਨੂੰ ਨੌਕਰੀਆਂ ਲਈ ਥਾਂ-ਥਾਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ । ਰੁਜ਼ਗਾਰ ਦੀ ਸੁਰੱਖਿਆ ਖਤਮ ਹੋ ਰਹੀ ਹੈ ਤੇ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ ਪਰ ਸਰਕਾਰਾਂ ਇਸ ਵੱਲ ਭੋਰਾ ਧਿਆਨ ਨਹੀ ਦੇ ਰਹੀਆਂ ।
ਇਸ ਲਈ ਪੰਜਾਬ ਨੂੰ ਚੰਗੀ ਤੇ ਸਾਫ ਸੁਥਰੀ ਲੀਡਰਿਸ਼ਪ ਦੀ ਬਹੁਤ ਜਰੂਰਤ ਹੈ , ਜੋ ਇਸ ਸੰਕਟ ਚੋਂ ਪੰਜਾਬੀਆਂ ਨੂੰ ਕੱਢ ਸਕੇ ।