ਅੰਮ੍ਰਿਤਸਰ- ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਬੀਬੀ ਹਰਪ੍ਰੀਤ ਕੌਰ ਮੁਖੀ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਸੁਖਮਨੀ ਸੇਵਾ ਸੁਸਾਇਟੀ ਅੰਮ੍ਰਿਤਸਰ ਵੱਲੋਂ ਹਰ ਸੋਮਵਾਰ ਚੁਪਹਿਰਾ ਸਾਹਿਬ ਵਿੱਚ ਬੀਬੀਆਂ ਨੇ ਗੁਰਬਾਣੀ ਸ਼ਬਦਾਂ ਦਾ ਗਾਇਨ ਅਤੇ ਸੁਖਮਨੀ ਸਾਹਿਬ ਦੇ ਪਾਠ ਦਾ ਜਾਪ ਕਰਨ ਦੀ ਚੱਲ ਰਹੀ ਨਿਰੰਤਰ ਸੇਵਾ ਵਿੱਚ ਸਰਧਾ ਪੂਰਵਕ ਹਿੱਸਾ ਲਿਆ। ਇਸ ਮੌਕੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਪ੍ਰੇਰਨਾ ਤੇ ਉਤਸ਼ਾਹ ਨਾਲ ਪਿਛਲੇ ਲੰਮੇ ਸਮੇਂ ਤੋਂ ਬੁੱਢਾ ਦਲ ਦੀ ਇਸ ਛਾਉਣੀ ਵਿੱਚ ਗੁਰਮਤਿ ਸਮਾਗਮਾਂ ਦੇ ਨਿਰੰਤਰ ਪ੍ਰਵਾਹ ਚੱਲ ਰਹੇ ਹਨ।
ਉਨ੍ਹਾਂ ਕਿਹਾ ਸੰਗੀਤ ਪ੍ਰਥਮ ਸ਼੍ਰੋਮਣੀ ਅਤੇ ਸ੍ਰੇਸ਼ਠ ਹੈ। ਸੰਗੀਤ ਜਿਥੇ ਆਤਮਕ ਤਸਕੀਨ ਪ੍ਰਦਾਨ ਕਰਦਾ ਹੈ ਉਥੇ ਮਨ ਅਤੇ ਸਰੀਰ ਵਿੱਚ ਊਰਜਾ ਵੀ ਪ੍ਰਵਲਤ ਕਰਦਾ ਹੈ। ਸੰਗੀਤਕ ਧੁੰਨਾਂ ਤੇ ਮਿੱਠੀਆਂ ਮਾਧੁਰ ਅਵਾਜ਼ ਸੁਣਦਿਆਂ ਹੀ ਹਿਰਦਾ ਨਿਰਮਲ ਅਤੇ ਕੋਮਲ, ਮਧੁਰ ਹੋ ਜਾਂਦਾ ਹੈ। ਉਨ੍ਹਾਂ ਸੰਗੀਤ ਪ੍ਰਤੀ ਬੋਲਦਿਆਂ ਕਿਹਾ ਸੰਗੀਤ ਇਕਾਗਰਚਿੱਤ ਅਤੇ ਆਤਮਾ ਨੂੰ ਉਚੇਰੇ ਮੰਡਲਾਂ `ਤੇ ਵਿਚਰਣ ਵਿੱਚ ਸਹਾਈ ਹੁੰਦਾ ਹੈ ਅਤੇ ਅਗਮ ਤੋਂ ਨਿਗਮ ਤਕ ਸੰਗੀਤ ਰਮਿਆ ਹੋਇਆ ਹੈ। ਦਿਸਦੇ ਅਤੇ ਅਣਦਿਸਦੇ ਪਸਾਰੇ ਵਿੱਚ ਸੰਗੀਤ ਦੀ ਹੋਂਦ ਦਾ ਸਾਕਾਰ ਸਰੂਪ ਅਨੁਭਵ ਹੁੰਦਾ ਹੈ। ਉਨ੍ਹਾਂ ਕਿਹਾ ਸੰਗੀਤ ਵਿੱਚ ਏਨੀ ਸ਼ਕਤੀ ਹੈ ਕਿ ਕਠੋਰ ਮਨ ਨੂੰ ਵੀ ਕੋਮਲ ਕਰ ਦਿੰਦਾ ਹੈ। ਉਨ੍ਹਾਂ ਕਿਹਾ ਬੁੱਢਾ ਦਲ ਛਾਉਣੀ ਵਿਖੇ ਸੰਗਰਾਂਦ ਦਾ ਦਿਹਾੜਾ ਹਰ ਮਹੀਨੇ ਪੂਰਨ ਸਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਮਹੀਨੇ ਦੀ ਸੰਗ੍ਰਾਂਦ ਨੂੰ ਸੰਗਤ ਵੱਲੋਂ ਚੱਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠਾਂ ਦੇ ਭੋਗ ਪੈਣਗੇ ਉਪਰੰਤ ਧਾਰਮਿਕ ਦੀਵਾਨ ਸੱਜਣਗੇ। ਉਨ੍ਹਾਂ ਕਿਹਾ ਕਿ ਬੁੱਢਾ ਦਲ ਦੇ ਚੌਥੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ 241ਵੀਂ ਬਰਸੀ ਨੂੰ ਸਮਰਪਿਤ 21 ਅਕਤੂਬਰ ਨੂੰ ਇਸੇ ਗੁਰੂ ਘਰ ਵਿੱਚ ਅਖੰਡ ਪਾਠ ਸਾਹਿਬ ਅਰੰਭ ਹੋਣਗੇ, 23 ਨੂੰ ਭੋਗ ਪਾਏ ਜਾਣਗੇ ਅਤੇ ਗੁਰਮਤਿ ਸਮਾਗਮ ਹੋਣਗੇ। ਅੱਜ ਦੇ ਗੁਰਮਤਿ ਸਮਾਗਮ ਸਮੇਂ ਸਮੂਹ ਬੀਬੀਆਂ ਨੂੰ ਜਥਾ ਚਰਨ ਕੰਵਲ ਸ੍ਰੀ ਹਰਿਮੰਦਰ ਸਾਹਿਬ ਬੀਬੀਆਂ ਦੀ ਮੁਖੀ ਬੀਬੀ ਪਰਮਜੀਤ ਕੌਰ ਪਿੰਕੀ, ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਸੁਖਮਨੀ ਸੇਵਾ ਸੁਸਾਇਟੀ ਦੀ ਮੁਖੀ ਬੀਬੀ ਹਰਪ੍ਰੀਤ ਕੌਰ ਵੱਲੋਂ ਇੱਕ ਇੱਕ ਸਿਰਪਾਓ ਅਤੇ ਲੇਡੀ ਪਰਸ, ਬੀਬੀ ਸੁਖਜੀਤ ਕੌਰ ਰੋਜੀ, ਬੀਬੀ ਤੇਜ ਕੌਰ ਨੇ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਪਰਮਜੀਤ ਸਿੰਘ ਬਾਜਵਾ ਮੈਨੇਜਰ, ਬਾਬਾ ਅਮਰੀਕ ਸਿੰਘ ਗ੍ਰੰਥੀ ਆਦਿ ਹਾਜ਼ਰ ਸਨ।