ਅੰਮ੍ਰਿਤਸਰ - ਅਸਟਰੇਲੀਅਨ ਨਾਗਰਿਕ ਮਾਇਕਲ ਨੇ ਕਿਹਾ ਕਿ ਉਸ ਨੇ ਪੂਰੀ ਦੁਨੀਆ ਵਿਚ ਸਿੱਖਾਂ ਦੀ ਬਹਾਦਰੀ, ਇਮਾਨਦਾਰੀ ਅਤੇ ਜ਼ਿੰਦਾਦਿਲੀ ਦੀਆਂ ਜੋ ਗੱਲਾਂ ਸੁਣੀਆਂ ਸਨ ਉਹ ਇਥੇ ਆ ਕੇ ਸੱਚ ਸਾਬਿਤ ਹੋਈਆ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਅਸਟਰੇਲੀਅਨ ਨਾਗਰਿਕ ਮਾਇਕਲ ਆਪਣਾ ਕੀਮਤੀ ਸਮਾਨ, ਮੋਬਾਈਲ ਅਤੇ ਜਰੂਰੀ ਦਸਤਾਵੇਜ਼ ਗਵਾ ਬੈਠਾ। ਜਿਵੇਂ ਹੀ ਉਸ ਨੂੰ ਸਮਾਨ ਦੇ ਗਵਾਚ ਜਾਣ ਦਾ ਪਤਾ ਲੱਗਾ ਤਾਂ ਉਹ ਬੇਹੱਦ ਪ੍ਰੇਸ਼ਾਨ ਹੋਇਆ। ਉਸ ਨੇ ਤੁਰੰਤ ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਵਿਖੇ ਮੌਜੂਦ ਅਧਿਕਾਰੀਆਂ ਨਾਲ ਸੰਪਰਕ ਕੀਤਾ। ਮੁੱਖ ਸੂਚਨਾ ਅਧਿਕਾਰੀ ਸ ਅਮ੍ਰਿਤਪਾਲ ਸਿੰਘ ਸਹਿ ਸੂਚਨਾ ਅਧਿਕਾਰੀ ਰਣਧੀਰ ਸਿੰਘ ਨੇ ਮਿਸਟਰ ਮਾਇਕਲ ਨੂੰ ਹੌਸਲਾ ਦਿੱਤਾ ਤੇ ਸ੍ਰੀ ਦਰਬਾਰ ਸਾਹਿਬ ਸਮੂੰਹ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਮਾਇਕਲ ਦਾ ਸਮਾਨ ਲੱਭ ਕੇ ਉਸ ਦੇ ਹਵਾਲੇ ਕੀਤਾ। ਇਸ ਮੌਕੇ ਮਾਇਕਲ ਨੇ ਸੂਚਨਾ ਅਧਿਕਾਰੀਆਂ ਦਾ ਧਨਵਾਦ ਕਰਦਿਆਂ ਕਿਹਾ ਕਿ ਉਸ ਨੇ ਪੂਰੀ ਦੁਨੀਆ ਵਿਚ ਸਿੱਖਾਂ ਦੀ ਬਹਾਦਰੀ, ਇਮਾਨਦਾਰੀ ਅਤੇ ਜ਼ਿੰਦਾਦਿਲੀ ਦੀਆਂ ਜੋ ਗੱਲਾਂ ਸੁਣੀਆਂ ਸਨ ਉਹ ਇਥੇ ਆ ਕੇ ਸੱਚ ਸਾਬਿਤ ਹੋਈਆ।