ਸਰੀ -ਈਸਟ ਇੰਡੀਅਨ ਡਿਫੈਂਸ ਕਮੇਟੀ ਵੱਲੋਂ ਬੀਤੇ ਦਿਨੀ ਸੋਹਣ ਸਿੰਘ ਪੂੰਨੀ ਦੀ ਪੁਸਤਕ ‘ਭਾਈ ਮੇਵਾ ਸਿੰਘ ਦੀ ਸ਼ਹੀਦੀ ਅਤੇ ਹਾਪਕਿਨਸਨ ਦਾ ਕਤਲ’ ਰਿਲੀਜ਼ ਕਰਨ ਲਈ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਸਾਧੂ ਸਿੰਘ, ਸੋਹਣ ਸਿੰਘ ਪੂੰਨੀ, ਡਾਕਟਰ ਰਘਬੀਰ ਸਿੰਘ ਸਿਰਜਣਾ, ਕਿਰਪਾਲ ਬੈਂਸ, ਸਰਦਾਰਾ ਸਿੰਘ ਮਾਹਲ, ਡਾਕਟਰ ਬਾਵਾ ਸਿੰਘ ਅਤੇ ਸਾਧੂ ਸਿੰਘ ਬਿਨਿੰਗ ਨੇ ਕੀਤੀ।
ਪੁਸਤਕ ਰਿਲੀਜ਼ ਕਰਨ ਦੀ ਰਸਮ ਉਪਰੰਤ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾਕਟਰ ਸਾਧੂ ਬਿਨਿੰਗ, ਡਾਕਟਰ ਸਾਧੂ ਸਿੰਘ, ਡਾਕਟਰ ਰਘਬੀਰ ਸਿੰਘ ਸਿਰਜਣਾ ਅਤੇ ਕਿਰਪਾਲ ਬੈਂਸ ਨੇ ਕਿਹਾ ਕਿ ਸੋਹਣ ਸਿੰਘ ਪੂੰਨੀ ਨੇ ਇਹ ਇਤਿਹਾਸਿਕ ਪੁਸਤਕ ਬਹੁਤ ਹੀ ਮਿਹਨਤ ਨਾਲ਼ ਖੋਜ ਕਰ ਕੇ ਲਿਖੀ ਹੈ। ਇਸ ਵਿਚ ਉਸ ਸਮੇਂ ਦੇ ਸਮਾਜਿਕ, ਸੱਭਿਆਚਾਰਕ, ਭਾਈਚਾਰੇ ਦੇ ਰਹਿਣ ਸਹਿਣ ਅਤੇ ਕਨੇਡਾ ਦੀ ਹਾਲਤ ਬਾਰੇ ਬਹੁਤ ਹੀ ਡੂੰਘੀ ਖੋਜ ਭਰਪੂਰ ਜਾਣਕਾਰੀ ਹੈ। ਵਿਦਵਾਨਾਂ ਨੇ ਕਿਹਾ ਕਿ ਆਮ ਤੌਰ ‘ਤੇ ਇਤਿਹਾਸਿਕ ਪੁਸਤਕਾਂ ਬਹੁਤੀਆਂ ਰੌਚਕ ਨਹੀਂ ਹੁੰਦੀਆਂ ਸਿਰਫ ਉਹਨਾਂ ਵਿੱਚ ਤੱਥ ਹੀ ਹੁੰਦੇ ਹਨ ਪਰ ਸੋਹਣ ਸਿੰਘ ਪੂੰਨੀ ਨੇ ਇਸ ਪੁਸਤਕ ਵਿੱਚ ਇਤਿਹਾਸ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਉਸ ਸਮੇਂ ਦਾ ਦ੍ਰਿਸ਼ ਵਰਣਨ ਵੀ ਕਮਾਲ ਦਾ ਕੀਤਾ ਹੈ। ਜਿਸ ਨਾਲ ਉਸ ਸਮੇਂ ਦੇ ਕਨੇਡਾ ਬਾਰੇ ਸਹੀ ਤਸਵੀਰ ਪਾਠਕ ਦੇ ਸਾਹਮਣੇ ਦ੍ਰਿਸ਼ਮਾਣ ਹੋ ਜਾਂਦੀ ਹੈ। ਪੁਸਤਕ ਪੜ੍ਹ ਕੇ ਪਤਾ ਲੱਗਦਾ ਹੈ ਕਿ ਹਾਪਕਿਨਸਨ ਦਾ ਕਿਰਦਾਰ ਕਿੰਨਾ ਭੈੜਾ ਅਤੇ ਗੰਦਾ ਸੀ। ਡਾਕਟਰ ਸਾਧੂ ਸਿੰਘ ਨੇ ਕਿਹਾ ਕਿ ਸੋਹਣ ਸਿੰਘ ਪੂੰਨੀ ਨੇ ਹਾਪਕਿਨਸਨ ਦੀਆਂ ਜੜ੍ਹਾਂ ਬਹੁਤ ਹੀ ਡੂੰਘਾਈ ਨਾਲ਼ ਫਰੋਲੀਆਂ ਹਨ ਅਤੇ ਉਸ ਦੀ ਕੋਝੀ ਸ਼ਖ਼ਸੀਅਤ ਨੂੰ ਬਾਖੂਬੀ ਸਾਡੇ ਸਾਹਮਣੇ ਲਿਆਂਦਾ ਹੈ। ਦੂਜੇ ਪਾਸੇ ਸ਼ਹੀਦ ਮੇਵਾ ਸਿੰਘ ਜੋ ਬਹੁਤ ਹੀ ਸਿੱਧਾ ਸਾਦਾ ਬੰਦਾ ਸੀ ਉਸ ਬਾਰੇ ਵੀ ਬੜੀ ਮਹੱਵਪੂਰਨ ਜਾਣਕਾਰੀ ਇਸ ਕਿਤਾਬ ਵਿੱਚੋਂ ਮਿਲਦੀ ਹੈ।
ਇਸ ਮੌਕੇ ਡਾ. ਬਾਵਾ ਸਿੰਘ ਅਤੇ ਸਰਦਾਰਾ ਸਿੰਘ ਮਾਹਲ ਨੇ ਪਰਵਾਸ, ਪੰਜਾਬ ਅਤੇ ਮੌਜੂਦਾ ਹਾਲਾਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪੁਸਤਕ ਉੱਪਰ ਮੱਖਣ ਦੋਸਾਂਝ, ਸੁਰਿੰਦਰ ਚਾਹਲ, ਗੁਰਬਾਜ ਸਿੰਘ ਬਰਾੜ, ਅੰਮ੍ਰਿਤ ਦੀਵਾਨਾ, ਅਮਰੀਕ ਪਲਾਹੀ, ਸਾਹਿਬ ਥਿੰਦ, ਪਰਮਿੰਦਰ ਸਵੈਚ ਨੇ ਵੀ ਵਿਚਾਰ ਪੇਸ਼ ਕੀਤੇ ਅਤੇ ਸੋਹਣ ਸਿੰਘ ਪੂੰਨੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਪੁਸਤਕ ਬਹੁਤ ਹੀ ਮਹੱਤਵਪੂਰਨ ਸਾਂਭਣਯੋਗ ਇਤਿਹਾਸਕ ਦਸਤਾਵੇਜ ਹੈ।