ਸਰੀ-ਜੇਕਰ ਕੰਸਰਵੇਟਿਵ ਸਰਕਾਰ ਬਣਦੀ ਹੈ ਤਾਂ ਸਰੀ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ, ਸਰੀ ਵਿਚ ਬੱਚਿਆਂ ਦਾ ਹਸਪਤਾਲ ਬਣਾਇਆ ਜਾਵੇਗਾ, ਪਟੂਲੋ ਬਰਿੱਜ ਦੀਆਂ 6 ਲੇਨਜ਼ ਡਵਿਲਪ ਕੀਤੀਆਂ ਜਾਣਗੀਆਂ, ਆਈਸੀਬੀਸੀ ਨੂੰ ਵਧੇਰੇ ਲੋਕ ਪੱਖੀ ਬਣਾਇਆ ਜਾਵੇਗਾ। ਇਹ ਵਿਚਾਰ ਕੰਸਰਵੇਟਿਵ ਪਾਰਟੀ ਦੇ ਆਗੂ ਜੋਹਨ ਰਸਟੈਡ ਨੇ ਬੀਤੀ ਸ਼ਾਮ ਸਰੀ ਨਿਊਟਨ ਦੇ ਕੰਸਰਵੇਟਿਵ ਉਮੀਦਵਾਰ ਮਨਦੀਪ ਧਾਲੀਵਾਲ ਦੀ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਐਨ.ਡੀ.ਪੀ. ਸਰਕਾਰ ਨੇ ਤੇਜ਼ੀ ਨਾਲ ਵਧ ਰਹੇ ਸਰੀ ਸ਼ਹਿਰ ਨੂੰ ਪਿਛਲੇ 7 ਸਾਲਾਂ ਤੋਂ ਉੱਕਾ ਹੀ ਅਣਗੌਲਿਆਂ ਕੀਤਾ ਹੋਇਆ ਹੈ। ਸਰੀ ਮੈਮੋਰੀਅਲ ਹਸਪਤਾਲ ਵਿਚ 25 ਹਜਾਰ ਮਰੀਜ਼ਾਂ ਦਾ ਪ੍ਰਬੰਧ ਕਰਨ ਦੀ ਸਮਰੱਥਾ ਹੈ ਪਰ ਉੱਥੇ 55 ਹਜਾਰ ਮਰੀਜ਼ ਪਹੁੰਚ ਰਹੇ ਹਨ ਜਿਹਨਾਂ ਲਈ ਨਾ ਲੋੜੀਂਦੇ ਡਾਕਟਰ ਹਨ, ਨਾ ਨਰਸਾਂ ਅਤੇ ਨਾ ਹੀ ਐਮਰਜੈਂਸੀ ਮਰੀਜ਼ਾਂ ਨੂੰ ਤੁਰੰਤ ਦੇਖਣ ਦੀ ਕੋਈ ਵਿਵਸਥਾ ਹੈ।
ਜੋਹਨ ਰਸਟੈਡ ਨੇ ਕਿਹਾ ਕਿ ਐਨ.ਡੀ.ਪੀ. ਆਗੂ ਨਿੱਤ ਦਿਨ ਸਾਡੇ ਬਾਰੇ ਕੂੜ ਪ੍ਰਚਾਰ ਕਰ ਰਹੇ ਹਨ ਕਿ ਜੇ ਕੰਸਰਵੇਟਿਵ ਸਰਕਾਰ ਬਣ ਗਈ ਤਾਂ ਐਮ.ਐਸ.ਪੀ. ਲਾਗੂ ਕੀਤੀ ਜਾਵੇਗੀ, ਆਈਸੀਬੀਸੀ ਦੇ ਮੁਕਾਬਲੇ ਪ੍ਰਾਈਵੇਟ ਕੰਪਨੀਆਂ ਲਿਆ ਕੇ ਵਹੀਕਲ ਇੰਸ਼ੋਰੈਂਸ ਮਹਿੰਗੀ ਕੀਤੀ ਜਾਵੇਗੀ ਜਦੋਂ ਕਿ ਸਾਡਾ ਅਜਿਹਾ ਕੋਈ ਪ੍ਰੋਗਰਾਮ ਨਹੀਂ। ਅਸੀਂ ਵਹੀਕਲ ਇੰਸ਼ੋਰੈਂਸ ਨੂੰ ਲੋਕਪੱਖੀ ਬਣਾਵਾਂਗੇ, ਕਾਰਬਨ ਟੈਕਸ ਬੰਦ ਕੀਤਾ ਜਾਵੇਗਾ, ਮੌਰਗੇਜ ਜਾਂ ਰੈਂਟ ਦੇਣ ਵਾਲੇ ਹਰੇਕ ਪਰਿਵਾਰ ਨੂੰ 3, 000 ਡਾਲਰ ਸਾਲਾਨਾ ਇਨਕਮ ਰੀਬੇਟ ਦਿੱਤਾ ਜਾਵੇਗਾ, ਬੀ.ਸੀ. ਦੇ ਸਕੂਲਾਂ ਵਿਚਲਾ ਸੋਜੀ ਪ੍ਰੋਗਰਾਮ ਬੰਦ ਕੀਤਾ ਜਾਵੇਗਾ, ਟਰਾਂਸਪੋਰਟੇਸ਼ਨ ਵਿਚ ਵਾਧਾ ਕੀਤਾ ਜਾਵੇਗਾ, ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਿਛਲੇ ਸੱਤ ਸਾਲਾਂ ਦੌਰਾਨ ਲੋਕਾਂ ਲਈ ਘਰ ਖਰੀਦਣਾ ਪਹੁੰਚ ਤੋਂ ਬਾਹਰ ਹੋ ਗਿਆ ਹੈ, ਜੁਰਮ ਦੀਆਂ ਘਟਨਾਵਾਂ ਦਿਨ ਬ ਦਿਨ ਵਧ ਰਹੀਆਂ ਹਨ, ਡਰੱਗ ਨਾਲ ਹਰ ਮਹੀਨੇ 600 ਤੋਂ ਵੱਧ ਲੋਕ ਮਰ ਰਹੇ ਹਨ ਪਰ ਇਨ੍ਹਾਂ ਮੁੱਦਿਆਂ ਬਾਰੇ ਐਨ.ਡੀ.ਪੀ. ਦੇ ਆਗੂ ਡੇਵਿਡ ਇਬੀ ਬਿਲਕੁਲ ਖਾਮੋਸ਼ ਹਨ। ਜੌਹਨ ਰਸਟੈਡ ਨੇ ਦਾਅਵਾ ਕੀਤਾ ਕਿ ਅਸੀਂ ਬੀਸੀ ਵਿਚ ਸਰਕਾਰ ਬਣਾਵਾਂਗੇ ਅਤੇ ਸਰੀ ਦੀਆਂ 10 ਦੀਆਂ 10 ਸੀਟਾਂ ਜਿੱਤਾਂਗੇ।
ਇਸ ਮੌਕੇ ਬੋਲਦਿਆਂ ਸਰੀ ਨਿਊਟਨ ਦੇ ਉਮੀਦਵਾਰ ਮਨਦੀਪ ਧਾਲੀਵਾਲ ਨੇ ਪਾਰਟੀ ਲੀਡਰ ਅਤੇ ਮੀਟਿੰਗ ਵਿਚ ਸ਼ਾਮਲ ਹੋਏ ਸਭਨਾਂ ਸਮਰੱਥਕਾਂ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਆ ਜਾਵੇ। ਉਸ ਨੇ ਕਿਹਾ ਕਿ ਇਹ ਭਾਈਚਾਰੇ ਦੇ ਲੋਕਾਂ ਲਈ ਵੱਡਾ ਮੌਕਾ ਹੈ ਕਿ ਮਾਸੂਮ ਸਕੂਲੀ ਬੱਚਿਆਂ ‘ਤੇ ਸੋਜੀ ਪ੍ਰੋਗਰਾਮ ਲਾਗੂ ਵਾਲੀ ਸਿੱਖਿਆ ਮੰਤਰੀ ਨੂੰ ਇਸ ਹਲਕੇ ਵਿਚ ਕਰਾਰੀ ਹਾਰ ਦਿੱਤੀ ਜਾਵੇ। ਮੀਟਿੰਗ ਵਿਚ ਬੋਲਦਿਆਂ ਸਕੂਲੀ ਵਿਦਿਆਰਥਣ ਪਵਨਜੀਤ ਕੌਰ ਮਾਨ ਨੇ ਲੋਕਾਂ ਨੂੰ ਬੜੀ ਭਾਵੁਕ ਅਪੀਲ ਕੀਤੀ ਕਿ ਸਾਡੇ ਵਡੇਰਿਆਂ ਨੇ ਬੜੇ ਸੰਘਰਸ਼ ਨਾਲ ਸਾਡੇ ਲਈ ਵੋਟ ਪਾਉਣ ਦਾ ਹੱਕ ਲਿਆ ਹੈ ਅਤੇ ਸਾਨੂੰ ਇਸ ਹੱਕ ਦੀ ਵਰਤੋਂ ਕਰ ਕੇ ਲੋਕਾਂ ਦੀ ਸਹੀ ਅਗਵਾਈ ਕਰਨ ਵਾਲੇ ਆਗੂਆਂ ਨੂੰ ਜਿਤਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੀਟਿੰਗ ਵਿਚ ਸਰੀ ਦੇ ਦੂਜੇ ਹਲਕਿਆਂ ਤੋਂ ਚੋਣ ਲੜ ਰਹੇ ਪਾਰਟੀ ਉਮੀਦਵਾਰ ਅਵਤਾਰ ਸਿੰਘ ਗਿੱਲ, ਤੇਗਜੋਤ ਬੱਲ, ਹਰਮਨ ਭੰਗੂ, ਦੀਪਕ ਸੂਰੀ ਤੋਂ ਇਲਾਵਾ ਗੈਰੀ ਕੂਨਰ, ਰਿੱਕੀ ਬਾਜਵਾ, ਐਡਵੋਕੇਟ ਰਾਜਵੀਰ ਢਿੱਲੋਂ ਅਤੇ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਸਨ।