ਸਰੀ- ਬ੍ਰਿਟਿਸ਼ ਕੋਲੰਬੀਆ ਵਿਚ 19 ਅਕਤੂਬਰ 2024 ਨੂੰ 43ਵੀਂ ਵਿਧਾਨ ਸਭਾ ਲਈ ਪਈਆਂ ਵੋਟਾਂ ਵਿਚ ਕੋਈ ਵੀ ਪਾਰਟੀ ਸਪੱਸ਼ਟ ਬਹੁਤ ਨਹੀਂ ਹਾਸਲ ਕਰ ਸਕੀ। ਇਨ੍ਹਾਂ ਚੋਣਾਂ ਵਿਚ ਦੋ ਪ੍ਰਮੁੱਖ ਪਾਰਟੀਆਂ (ਬੀ.ਸੀ. ਐਨ.ਡੀ.ਪੀ. ਅਤੇ ਬੀ.ਸੀ. ਕੰਸਰਵੇਟਿਵ ਪਾਰਟੀ) ਜਿਹਨਾਂ ਨੇ 93 ਦੀਆਂ 93 ਸੀਟਾਂ ਉੱਪਰ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਸਨ ਅਤੇ ਦੋਹਾਂ ਪਾਰਟੀਆਂ ਵਿਚ ਬਹੁਤ ਹੀ ਫਸਵੀਂ ਟੱਕਰ ਸੀ। ਇਲੈਕਸ਼ਨ ਬੀ.ਸੀ ਅਨੁਸਾਰ ਵੋਟਾਂ ਦੇ ਅੰਤਿਮ ਨਤੀਜੇ 26 ਅਕਤਬੂਰ ਨੂੰ ਜਾਰੀ ਕੀਤੇ ਜਾਣਗੇ ਪਰ ਤਾਜ਼ਾ ਨਤੀਜਿਆਂ ਅਨੁਸਾਰ ਬੀਸੀ ਐਨ.ਡੀ.ਪੀ. ਨੂੰ 46 ਸੀਟਾਂ, ਬੀਸੀ ਕੰਸਰਵੇਟਿਵ ਨੂੰ 45 ਸੀਟਾਂ ਅਤੇ ਗਰੀਨ ਪਾਰਟੀ ਨੂੰ 2 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਹੈ। ਕੁਝ ਹਲਕਿਆਂ ਵਿਚ ਜਿਤ ਹਾਰ ਵਿਚਲਾ ਫਰਕ ਬਹੁਤ ਘੱਟ ਰਹਿਣ ਕਾਰਨ ਇਹਨਾਂ ਹਲਕਿਆਂ ਦੀ ਗਿਣਤੀ ਦੁਬਾਰਾ ਕੀਤੀ ਜਾਵੇਗੀ।
ਸਰਕਾਰ ਬਣਾਉਣ ਲਈ ਹੁਣ ਬਾਜ਼ੀ ਗਰੀਨ ਪਾਰਟੀ ਦੇ ਹੱਥ ਵਿਚ ਰਹੇਗੀ ਜਿਸ ਦੀਆਂ 2 ਸੀਟਾਂ ਕਿਸੇ ਵੀ ਪਾਰਟੀ ਨੂੰ ਤਖ਼ਤ ‘ਤੇ ਬਿਠਾ ਸਕਦੀਆਂ ਹਨ। ਰਾਜਨੀਤਕ ਹਲਕਿਆਂ ਅਨੁਸਾਰ ਬੀਸੀ ਗਰੀਨ ਪਾਰਟੀ ਦੀ ਆਗੂ ਸੋਨੀਆ ਨੇ ਹਮਾਇਤ ਦੇ ਮੁੱਦੇ ਉਪਰ ਬੀ.ਸੀ. ਐਨ.ਡੀ.ਪੀ. ਨੂੰ ਤਰਜੀਹ ਦੇਣ ਦੀ ਗੱਲ ਕਹੀ ਹੈ।
ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਵੋਟਾਂ ਦੀ ਗਿਣਤੀ ਹੋਣ ਉਪਰੰਤ ਆਪਣੇ ਸਮੱਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਕ ਬਹੁਤ ਹੀ ਸਖ਼ਤ ਲੜਾਈ ਵਾਲੀ ਮੁਹਿੰਮ ਰਹੀ ਅਤੇ ਇਨ੍ਹਾਂ ਚੋਣਾਂ ਨੇ ਨਿਸ਼ਚਤ ਤੌਰ ਤੇ ਦਰਸਾਅਦਿੱਤਾ ਹੈ ਕਿ ਹਰ ਇਕ ਵੋਟ ਮਾਇਨੇ ਰੱਖਦੀ ਹੈ ਅਜਿਹਾ ਲਗਦਾ ਹੈ ਕਿ ਅਜੇ ਸਾਨੂੰ ਥੋੜ੍ਹੀ ਹੋਰ ਉਡੀਕ ਕਰਨੀ ਪਵੇਗਾ।
ਬੀਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਚੋਣਾਂ ਬੀਸੀ ਕੰਸਰਵੇਟਿਵ ਲਈ ਇਤਿਹਾਸਕ ਹੋ ਨਿੱਬੜੀਆਂ ਹਨ। ਪਹਿਲੀ ਵਾਰ ਬੀਸੀ ਕੰਸਰਵੇਟਿਵ ਨੇ ਏਨੀ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਆਪਣੇ ਸਮੱਰਥਕਾਂ ਨੂੰ ਧਰਵਾਸਾ ਦਿੰਦਿਆਂ ਕਿਹਾ ਕਿ ਉਡੀਕ ਕਰੋ, ਅਸੀਂ ਸਰਕਾਰ ਬਣਾਉਣ ਦੇ ਬਹੁਤ ਨੇੜੇ ਹਾਂ ਕਿਉਂਕਿ ਕੁਝ ਹਲਕਿਆਂ ਵਿਚ ਬਹੁਤ ਥੋੜ੍ਹੇ ਫਰਕ ਨਾਲ ਹਾਰ ਜਿੱਤ ਦਾ ਫੈਸਲਾ ਦੁਬਾਰਾ ਵੋਟਾਂ ਦੀ ਗਿਣਤੀ ਤੋਂ ਤੈਅ ਹੋਵੇਗਾ।
ਰਾਜਨੀਤਕ ਵਿਸ਼ਲੇਸ਼ਕਾਂ ਅਨੁਸਾਰ ਇਨ੍ਹਾਂ ਚੋਣਾਂ ਵਿਚ ਬੀ.ਸੀ. ਐਨ.ਡੀ.ਪੀ. ਦੀਆਂ ਸੀਟਾਂ ਘਟਣ ਦਾ ਮੁੱਖ ਮੁੱਦਾ ਸਕੂਲੀ ਬੱਚਿਆਂ ਉੱਪਰ ਥੋਪਿਆ ਗਿਆ ‘ਸੋਜੀ ਪ੍ਰੋਗਰਾਮ’ ਰਿਹਾ। ਬੇਸ਼ੱਕ ਹੋਰ ਵੀ ਕਈ ਮੁੱਦੇ ਸਨ ਪਰ ਸੋਜੀ ਪ੍ਰੋਗਰਾਮ ਦਾ ਵਿਰੋਧ ਵਧੇਰੇ ਅਸਰਦਾਰ ਰਿਹਾ। ਵਿਸ਼ੇਸ਼ ਕਰ ਕੇ ਸਰੀ, ਐਬਸਫੋਰਡ ਵਿਚ ਲੋਕਾਂ ਨੇ ਸੋਜੀ ਪ੍ਰੋਗਰਾਮ ਦੇ ਵਿਰੋਧ ਵਿਚ ਜਬਰਦਸਤ ਰੋਸ ਪ੍ਰਦਰਸ਼ਨ ਵੀ ਕੀਤੇ ਪਰ ਸਰਕਾਰ ਨੇ ਇਸ ਨੂੰ ਉੱਕਾ ਹੀ ਨਾ ਗ਼ੌਲਿਆ ਅਤੇ ਨਤੀਜੇ ਵਜੋਂ ਬੀ.ਸੀ. ਦੀ ਸਿੱਖਿਆ ਮੰਤਰੀ ਰਚਨਾ ਸਿੰਘ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਜਿੱਥੋਂ ਤੱਕ ਇਨ੍ਹਾਂ ਚੋਣਾਂ ਵਿਚ ਪੰਜਾਬੀ ਮੂਲ ਦੇ ਉਮੀਦਵਾਰਾਂ ਦੀ ਸ਼ਮੂਲੀਅਤ ਦਾ ਸਵਾਲ ਹੈ, ਕੁੱਲ 37 ਪੰਜਾਬੀ ਇਸ ਚੋਣ ਮੈਦਾਨ ਵਿਚ ਉੱਤਰੇ ਸਨ। ਇਹਨਾਂ ਵਿਚ ਬੀ.ਸੀ. ਐਨ.ਡੀ.ਪੀ. ਵੱਲੋਂ ਰਾਜ ਚੌਹਾਨ, ਜਗਰੂਪ ਬਰਾੜ, ਨਿੱਕੀ ਸ਼ਰਮਾ, ਰਵੀ ਕਾਹਲੋਂ, ਰਚਨਾ ਸਿੰਘ, ਹਰਵਿੰਦਰ ਕੌਰ ਸੰਧੂ, ਜਿੰਨੀ ਸਿਮਸ, ਬਲਤੇਜ ਸਿੰਘ ਢਿੱਲੋਂ, ਸਾਰਾ ਕੂਨਰ, ਰਵੀ ਪਰਮਾਰ, ਕਮਲ ਗਰੇਵਾਲ, ਜੈਸੀ ਸੁੰਨੜ, ਰੀਆ ਅਰੋੜਾ, ਅਮਨ ਸਿੰਘ, ਸੁਨੀਤਾ ਧੀਰ, ਹਰਪ੍ਰੀਤ ਬਡੋਹਲ ਅਤੇ ਸੈਮ ਅਟਵਾਲ, ਕੰਸਰਵੇਟਿਵ ਪਾਰਟੀ ਆਫ ਬੀ.ਸੀ. ਵੱਲੋਂ ਮਨਦੀਪ ਧਾਲੀਵਾਲ, ਤੇਗਜੋਤ ਬੱਲ, ਜੋਡੀ ਤੂਰ, ਅਵਤਾਰ ਸਿੰਘ ਗਿੱਲ, ਹਰਮਨ ਭੰਗੂ, ਦੀਪਕ ਸੂਰੀ, ਸਟੀਵ ਕੂਨਰ, ਧਰਮ ਕਾਜਲ, ਹੋਣਵੀਰ ਸਿੰਘ ਰੰਧਾਵਾ, ਜੈਗ ਸੰਘੇੜਾ, ਰਾਜ ਵਿਓਲੀ ਤੇ ਅਰੁਣ ਲਗੇਰੀ, ਗ੍ਰੀਨ ਪਾਰਟੀ ਵੱਲੋਂ ਮਨਜੀਤ ਸਿੰਘ ਸਹੋਤਾ ਤੇ ਸਿਮ ਸੰਧੂ ਅਤੇ ਫਰੀਡਮ ਪਾਰਟੀ ਆਫ ਬੀਸੀ ਵੱਲੋਂ ਅਮਿਤ ਬੜਿੰਗ, ਪਰਮਜੀਤ ਰਾਏ ਅਤੇ ਕਿਰਨ ਹੁੰਦਲ ਤੋਂ ਇਲਾਵਾ ਅਮਨਦੀਪ ਸਿੰਘ, ਜੋਗਿੰਦਰ ਸਿੰਘ ਰੰਧਾਵਾ, ਜਪਰੀਤ ਲਹਿਲ ਤੇ ਸ਼ੌਕ ਨਿੱਝਰ ਆਜ਼ਾਦ ਉਮੀਦਵਾਰ ਸਨ।
ਇਨ੍ਹਾਂ ਵਿੱਚੋਂ 14 ਪੰਜਾਬੀ ਉਮੀਦਵਾਰਾਂ ਨੇ ਜਿੱਤ ਹਾਸਲ ਕਰ ਕੇ ਬੀ.ਸੀ. ਵਿਧਾਨ ਸਭਾ ਵਿਚ ਪੰਜਾਬੀ ਵਿਧਾਇਕਾਂ ਦਾ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਪਹਿਲਾਂ 2020 ਦੀਆਂ ਚੋਣਾਂ ਵਿਚ 9 ਪੰਜਾਬੀ ਉਮੀਦਵਾਰ ਬੀ.ਸੀ. ਅਸੈਂਬਲੀ ਦੀਆਂ ਪੌੜੀਆਂ ਚੜ੍ਹੇ ਸਨ। ਇਸ ਵਾਰ ਚੋਣ ਵਿਚ ਜਿੱਤ ਦਾ ਸਿਹਰਾ ਪਹਿਨਣ ਵਾਲਿਆਂ ਵਿਚ ਸਰੀ ਫਲੀਟਵੁੱਡ ਤੋਂ ਜਗਰੂਪ ਸਿੰਘ ਬਰਾੜ (ਬੀ.ਸੀ. ਐਨ.ਡੀ.ਪੀ.), ਡੈਲਟਾ ਨਾਰਥ ਤੋਂ ਰਵੀ ਕਾਹਲੋਂ (ਬੀ.ਸੀ. ਐਨ.ਡੀ.ਪੀ.), ਬਰਨਬੀ ਨਿਊ ਵੈਸਟਮਿਨਸਟਰ ਤੋਂ ਰਾਜ ਚੌਹਾਨ (ਬੀ.ਸੀ. ਐਨ.ਡੀ.ਪੀ.), ਸਰੀ ਨਿਊਟਨ ਤੋਂ ਜੈਸੀ ਸੂੰਨੜ (ਬੀ.ਸੀ. ਐਨ.ਡੀ.ਪੀ.), ਵੈਨਕੂਵਰ ਹੈਸਟਿੰਗਜ ਤੋਂ ਨਿੱਕੀ ਸ਼ਰਮਾ (ਬੀ.ਸੀ. ਐਨ.ਡੀ.ਪੀ.), ਵੈਨਕੂਵਰ ਲੰਗਾਰਾ ਤੋਂ ਸੁਨੀਤਾ ਧੀਰ (ਬੀ.ਸੀ. ਐਨ.ਡੀ.ਪੀ.), ਵਿਕਟੋਰੀਆ ਲੈਂਗਫੋਰਡ ਤੋਂ ਰਵੀ ਪਰਮਾਰ (ਬੀ.ਸੀ. ਐਨ.ਡੀ.ਪੀ.), ਬਰਨਬੀ ਈਸਟ ਤੋਂ ਰੀਆ ਅਰੋੜਾ (ਬੀ.ਸੀ. ਐਨ.ਡੀ.ਪੀ.), ਵਰਨਨ ਲੂੰਬੀ ਤੋਂ ਹਰਵਿੰਦਰ ਸੰਧੂ (ਬੀ.ਸੀ. ਐਨ.ਡੀ.ਪੀ.), ਸਰੀ ਨਾਰਥ ਤੋਂ ਮਨਦੀਪ ਧਾਲੀਵਾਲ (ਬੀ.ਸੀ. ਕੰਸਰਵੇਟਿਵ), ਸਰੀ ਗਿਲਫਰਡ ਤੋਂ ਹੋਣਵੀਰ ਸਿੰਘ ਰੰਧਾਵਾ (ਬੀ.ਸੀ. ਕੰਸਰਵੇਟਿਵ), ਲੈਂਗਲੀ ਵਿਲੋਬਰੁਕ ਤੋਂ ਜੋਡੀ ਤੂਰ (ਬੀ.ਸੀ. ਕੰਸਰਵੇਟਿਵ), ਲੈਂਗਲੀ ਐਫਸਫੋਰਡ ਤੋਂ ਹਰਮਨ ਭੰਗੂ (ਬੀ.ਸੀ. ਕੰਸਰਵੇਟਿਵ) ਅਤੇ ਰਿਚਮੰਡ ਕੁਵੀਨਜ਼ਬਰੋ ਤੋਂ ਸਟੀਵ ਕੂਨਰ (ਬੀ.ਸੀ. ਕੰਸਰਵੇਟਿਵ) ਸ਼ਾਮਲ ਹਨ।
ਹਾਰਨ ਵਾਲੇ ਪ੍ਰਮੁੱਖ ਆਗੂਆਂ ਵਿਚ ਸਰੀ ਨਾਰਥ ਤੋਂ ਸਿੱਖਿਆ ਮੰਤਰੀ ਰਚਨਾ ਸਿੰਘ, ਸਰੀ ਪੈਨੋਰਾਮਾ ਤੋਂ ਸਾਬਕਾ ਕੈਬਨਿਟ ਮੰਤਰੀ ਜਿੰਨੀ ਸਿਮਸ, ਰਿਚਮੰਡ ਕੁਵੀਨਜ਼ਬਰੋ ਤੋਂ ਸਾਬਕਾ ਐਮ.ਐਲ.ਏ. ਅਮਨ ਸਿੰਘ, ਸਰੀ ਸਰਪੈਨਟਾਈਨ ਰਿਵਰ ਹਲਕੇ ਤੋਂ ਐਨ ਡੀ ਪੀ ਉਮੀਦਵਾਰ ਬਲਤੇਜ ਸਿੰਘ ਢਿੱਲੋਂ, ਸਰੀ ਸੈਂਟਰ ਤੋਂ ਕੰਸਰਵੇਟਿਵ ਉਮੀਦਵਾਰ ਜੀਸ਼ਾਨ ਵਾਹਲਾ, ਸਰੀ ਨਿਊਟਨ ਤੋਂ ਕੰਸਰਵੇਟਿਵ ਉਮੀਦਵਾਰ ਤੇਗਜੋਤ ਬੱਲ, ਜੈਗ ਸੰਘੇਡਾ, ਜੈਸ ਅਟਵਾਲ, ਅਵਤਾਰ ਸਿੰਘ ਗਿੱਲ, ਧਰਮ ਕਾਜਲ, ਰਾਜ ਵਿਓਲੀ, ਦੀਪਕ ਸੂਰੀ, ਕਮਲ ਗਰੇਵਾਲ, ਸਾਰਾ ਕੂਨਰ, ਸਿਮ ਸੰਧੂ, ਅੰਮ੍ਰਿਤ ਬੜਿੰਗ, ਕਿਰਨ ਹੁੰਦਲ ਅਤੇ ਮਨਜੀਤ ਸਹੋਤਾ ਸ਼ਾਮਲ ਹਨ।