ਸੁਲਤਾਨਪੁਰ ਲੋਧੀ-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਧਾਈ ਦੇਂਦਿਆ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 1469ਈ. ਕੱਤਕ ਦੀ ਪੂਰਨਮਾਸ਼ੀ ਨੂੰ ਤਲਵੰਡੀ ਰਾਏ ਭੋਇ ਵਿਖੇ ਹੋਇਆ ਜਿਸ ਨੂੰ ਅੱਜ ਨਨਕਾਣਾ ਸਾਹਿਬ ਨਾਲ ਯਾਦ ਕੀਤਾ ਜਾਂਦਾ ਹੈ। ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਦਾ ਜਗਤ-ਜਲੰਦੇ ਨੂੰ ਤਾਰਨ ਲਈ ਸੰਸਾਰ `ਤੇ ਪ੍ਰਕਾਸ਼ਮਾਨ ਹੋਣਾ ਸਮੁੱਚੀ ਮਨੁੱਖਤਾ ਲਈ ਧਾਰਮਿਕ, ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਖੇਤਰ ਵਿਚ ਵਡਮੁੱਲੀ ਅਗਵਾਈ ਦੇਣ ਵਾਲਾ ਹੈ। ਗੁਰੂ ਜੀ ਨੇ ਮਨੁੱਖ ਅੰਦਰੋਂ ਕੂੜ ਦੀ ਕੰਧ ਢਾਹ ਕੇ ਸੱਚ ਦਾ ਸੰਚਾਰ ਕਰਨ ਲਈ ਵਡਮੁੱਲੇ ਸਿਧਾਂਤ ਪੇਸ਼ ਕੀਤੇ। ਸਤਿਗੁਰ ਜੀ ਦੀਆਂ ਸਿੱਖਿਆਵਾਂ `ਤੇ ਚੱਲ ਕੇ ਸੁਖਦ ਤੇ ਅਨੰਦਮਈ ਜੀਵਨ ਜਿਉਣ ਦੀ ਸੇਧ ਮਿਲਦੀ ਹੈ। ਉਨ੍ਹਾਂ ਕਿਹਾ `ਜਗਤੁ ਗੁਰੂ ਬਾਬਾ’ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਮਨੁੱਖਤਾ ਨੂੰ ਆਪਣੇ ਅੰਦਰੋਂ ਝੂਠ, ਬੇਈਮਾਨੀ, ਕੂੜ- ਕੁਸੱਤ ਜਿਹੀਆਂ ਬੁਰਾਈਆਂ ਦਾ ਤਿਆਗ ਕਰਕੇ ਸੱਚ-ਆਚਾਰ ਦੇ ਧਾਰਨੀ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਇਸ ਮੁਬਾਰਕ ਮੌਕੇ `ਤੇ ਮੈਂ ਸਮੁੱਚੀ ਮਨੁੱਖਤਾ ਨੂੰ ਵਧਾਈ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਆਓ! ਸੱਚੇ ਸਤਿਗੁਰੂ ਜੀ ਦੇ ਉਪਦੇਸ਼ਾਂ ਅਨੁਸਾਰ ਹੁਕਮੀ ਬਣ ਕੇ ਜੀਵਨ ਬਤੀਤ ਕਰੀਏ। ਹੁੰਮਹੰੁਮਾ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਘਰ ਨਤਮਸਤਕ ਹੋਣ ਲਈ ਪੁੱਜੀਏ।