ਪੰਜਾਬ

ਖ਼ਾਲਸਾ ਕਾਲਜ ਵਿਖੇ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਚੌਥਾ ਦਿਨ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | November 22, 2024 10:11 PM

ਅੰਮ੍ਰਿਤਸਰ-¸ਖ਼ਾਲਸਾ ਕਾਲਜ ਵਿਖੇ ਸੰਤਾਲੀ ਦੀ ਵੰਡ ਨੂੰ ਸਮਰਪਿਤ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਚੌਥੇ ਦਿਨ ਦੀ ਸ਼ੁਰੂਆਤ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਪਹੁੰਚੇ ਵਿਦਵਾਨ-ਚਿੰਤਕਾਂ ਨੂੰ ਪੌਦੇ ਭੇਂਟ ਕਰਕੇ ਜੀ ਆਇਆ ਕਹਿੰਦਿਆਂ ਕੀਤੀ। ‘ਸੰਤਾਲੀ ਦੀ ਵੰਡ: ਕਰਕ ਕਲੇਜੇ ਮਾਹਿ’ ਵਿਸ਼ੇ ਤਹਿਤ ਵਿਚਾਰ ਚਰਚਾ ਕਰਦਿਆਂ ਸੈਮੀਨਾਰ ਦੇ ਪਹਿਲੇ ਸੈਸ਼ਨ ਵਿਚ ਪ੍ਰਸਿੱਧ ਪੰਜਾਬੀ ਚਿੰਤਕ ਅਤੇ ਆਲੋਚਕ ਡਾ. ਰਵੀ ਰਵਿੰਦਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸੰਤਾਲੀ ਦੀ ਵੰਡ ਨਾਲ ਸੰਬੰਧਿਤ ਕਵਿਤਾਵਾਂ ਦੇ ਹਵਾਲੇ ਦਿੰਦਿਆਂ ਦੇਸ਼ ਪਿਆਰ ਦੀ ਆਪਸੀ ਸਾਂਝ ਅਤੇ ਮੁਹੱਬਤ ਨੂੰ ਉਜਾਗਰ ਕੀਤਾ।

ਉਨ੍ਹਾਂ ਕਿਹਾ ਕਿ ਦੇਸ਼ ਦਾ ਬਟਵਾਰਾ ਇਕ ਤ੍ਰਾਸਦਿਕ ਵਰਤਾਰਾ ਸੀ ਜਿਸਨੇ ਸਮਾਜਿਕ, ਰਾਜਨੀਤਕ, ਧਾਰਮਿਕ, ਆਰਥਿਕ ਆਦਿ ਕਈ ਪੱਖਾਂ ਤੋਂ ਬਹੁਤ ਹੱਦ ਤੱਕ ਪ੍ਰਭਾਵਿਤ ਕੀਤਾ। ਇਹ ਇਕ ਕੋਝੀ ਰਾਜਨੀਤਕ ਚਾਲ ਸੀ ਜਿਸ ਨੂੰ ਆਧਾਰ ਬਣਾ ਕੇ ਇਹ ਵਰਤਾਰਾ ਵਾਪਰਿਆ। ਦੋਹਾਂ ਧਿਰਾਂ ਦੇ ਕੁਝ ਆਪਸੀ ਸੁਆਰਥਾਂ ਦੇ ਫ਼ੈਸਲਿਆਂ ਨੇ ਅਜਿਹੀ ਸਾਜ਼ਿਸ਼ ਨੂੰ ਅੰਜ਼ਾਮ ਦਿੱਤਾ। ਇਸ ਵੰਡ ਤੋਂ ਸਬਕ ਲੈਂਦਿਆਂ ਕੀ ਅਸੀਂ ਸੁਚੇਤ ਹੋ ਚੁੱਕੇ ਹਾਂ ਕਿ ਭਵਿੱਖ ਵਿਚ ਇਸ ਤਰ੍ਹਾਂ ਦਾ ਵਰਤਾਰਾ ਨਾ ਵਾਪਰੇ? ਹੋਲੋ ਕਾਸਟ ਨਾਲ ਤੁਲਨਾ ਕਰਦਿਆਂ ਉਹਨਾਂ ਕਿਹਾ ਕਿ ਅਸੀਂ 47 ਦੀ ਵੰਡ ਨਾਲ ਸੰਬੰਧਿਤ ਕੋਈ ਵੀ ਵਿਸ਼ਵ ਪੱਧਰ ਦੀ ਫ਼ਿਲਮ ਜਾਂ ਨਾਟਕ ਨਹੀਂ ਬਣਾ ਸਕੇ? ਕੀ ਇਸ ਦਾ ਕਾਰਨ ਸਾਡਾ ਅਵੇਸਲਾਪਨ ਹੈ? ਸਿਨੇਮੇ, ਯੂ-ਟਿਊਬ ਅਤੇ ਸਾਹਿਤ ਵਿਚ ਉਪਲਬਧ ਸੰਤਾਲੀ ਦੀ ਵੰਡ ਨਾਲ ਸੰਬੰਧਿਤ ਘਟਨਾਵਾਂ ਦੀ ਪੇਸ਼ਕਾਰੀ ਹੋ ਰਹੀ ਹੈ ਪਰੰਤੂ ਇਹਨਾਂ ਤਿੰਨਾਂ ਸ੍ਰੋਤਾਂ ਦੇ ਆਧਾਰਾਂ ਤੋਂ ਇਕੋ ਜਿਹੇ ਕਾਰਨ ਸਾਹਮਣੇ ਨਹੀਂ ਆਉਂਦੇ ਜਿਨ੍ਹਾਂ ਬਾਰੇ ਵਿਚਾਰ ਕਰਨੀ ਬਣਦੀ ਹੈ।ਸੰਤਾਲੀ ਦੇ ਨਾਲ ਜੁੜੇ ਹੋਏ ਸਾਹਿਤ ਦੇ ਆਧਾਰ ਨੇਕੀ ਤੇ ਬਦੀ, ਉਜਾੜਾ, ਭਾਵੁਕਤਾ ਨਾਇਕ ਅਤੇ ਖਲਨਾਇਕ ਆਦਿ ਪਹਿਲੂਆਂ ਨਾਲ ਜੁੜੇ ਹੋਏ ਹਨ। ਸਾਹਿਤਕਾਰਾਂ ਵਿਚ ਭਾਵੁਕਤਾ ਦੀ ਸਾਂਝ ਹੈ। ਦੇਸ਼ ਵੰਡ ਨੂੰ ਲੈ ਕੇ ਅੰਤਰ-ਰਾਸ਼ਟਰੀ ਪੱਧਰ ਦੇ ਨਾਵਲ ਦੀ ਅਣਹੋਂਦ ਹੈ। ਵੱਖ-ਵੱਖ ਸਾਹਿਤਕਾਰਾਂ ਦਾ ਹਵਾਲਾ ਦਿੰਦਿਆਂ ਜਿਨ੍ਹਾਂ ਸਾਹਿਤਕਾਰਾਂ ਨੇ ਇਹ ਸੰਤਾਪ ਹੰਢਾਇਆ, ਦੁਖਾਂਤ ਦਾ ਸ਼ਿਕਾਰ ਹੋਏ ਸੰਤਾਲੀ ਤੋਂ ਬਾਅਦ ਪੈਦਾ ਹੋਏ ਲੋਕ ਅੱਜ ਵੀ ਭਾਵੁਕਤਾ ਦੀ ਪੱਧਰ ‘ਤੇ ਇਸ ਵਰਤਾਰੇ ਨਾਲ ਜੁੜੇ ਹੋਏ ਹਨ। ਦੇਸ਼ ਵੰਡ ਨਾਲ ਸੰਬੰਧਿਤ ਆਪਸੀ ਪਿਆਰ ਅਤੇ ਸਾਂਝ ਵਾਲੇ ਸਾਹਿਤ ਦੀ ਘਾਟ ਹੈ। ਦੁਖਾਂਤ ਨਾਲ ਸੰਬੰਧਿਤ ਸਾਹਿਤ ਹਿੰਦੀ, ਉਰਦੂ, ਬੰਗਾਲੀ ਵਿਚ ਵਧੇਰੇ ਰਚਿਆ ਤੇ ਪੜ੍ਹਿਆ ਗਿਆ। ਵੰਡ ਨਾਲ ਸੰਬੰਧਿਤ ਪ੍ਰਭਾਵਿਤ ਕਈ ਧਿਰਾਂ ਜਿਵੇਂ ਅਪੰਗ, ਗਰੀਬ, ਦਲਿਤਾਂ ਨਾਲ ਕੀ ਵਾਪਰਿਆ ਵਿਚਾਰਨ ਦਾ ਮੁੱਦਾ ਹੈ।ਪ੍ਰਸਿੱਧ ਨਾਟਕਕਾਰ ਅਤੇ ਨਿਰਦੇਸ਼ਕ ਕੇਵਲ ਧਾਲੀਵਾਲ ਨੇ ਨਾਟਕ ‘ਯਾਤਰਾ 1947’ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਸੰਤਾਲੀ ਦੀ ਵੰਡ ਦੇ ਹੰਢਾਏ ਹੋਏ ਸੰਤਾਪ ਦੀ ਪੇਸ਼ਕਾਰੀ ਹੈ। ਅਜਿਹੀ ਸੰਵੇਦਨਾ ਹਰੇਕ ਪੀੜ੍ਹੀ ਦੇ ਜੀਵਨ ਦਾ ਅਨਿੱਖੜ ਹਿੱਸਾ ਬਣਿਆ ਹੋਇਆ ਹੈ। ਦੇਸ਼ ਦੀ ਵੰਡ ਦਾ ਮਸਲਾ ਕੇਵਲ ਦੇਸ਼ ਵੰਡ ਤੱਕ ਹੀ ਸੀਮਤ ਨਹੀਂ ਬਲਕਿ ਭਾਵਕ ਸਾਂਝ ਨਾਲ ਜੁੜਿਆ ਹੋਇਆ ਹੈ। ਇਹ ਭਾਵਨਾ ਹਰੇਕ ਪੀੜ੍ਹੀ ਰਾਹੀਂ ਪੇਸ਼ ਹੁੰਦੀ ਰਹੇਗੀ। ਇਹੀ ਕਾਰਨ ਹੈ ਕਿ ਅਸੀਂ ਬਾਰ-ਬਾਰ ਇਸ ਘਟਨਾ ਦਾ ਜ਼ਿਕਰ ਕਰਦੇ ਹਾਂ। ਰਾਜਨੀਤਕ ਖੇਡ ਦਾ ਹਿੱਸਾ ਆਮ ਲੋਕਾਂ ਨੂੰ ਬਣਨਾ ਪਿਆ ਜਿਸ ਬਾਰੇ ਉਹ ਚੇਤਨ ਵੀਂ ਨਹੀਂ ਸਨ। ਵਿਚਾਰਨ ਵਾਲਾ ਮਸਲਾ ਇਹ ਹੈ ਕਿ ਕੀ ਅਸੀਂ ਵੰਡ ਦੇ ਦੁਖਾਂਤ ਤੋਂ ਕੋਈ ਸਬਕ ਲਿਆ ਹੈ ਕਿ ਨਹੀਂ? ਹਾਕਮ ਸ਼੍ਰੇਣੀ ਦੀਆਂ ਚਾਲਾਂ ਨੂੰ ਸਮਝ ਸਕੇ ਹਾਂ ਕਿ ਨਹੀਂ? ਅੱਜ ਵੀ ਅਜਿਹੀ ਧਿਰ ਹਾਲਾਤ ਪੈਦਾ ਕਰ ਰਹੀ ਹੈ। ਲੋੜ ਸਾਡੇ ਸਿਆਣੇ ਬਣਨ ਦੀ ਹੈ ਤਾਂ ਜੋ ਸਾਨੂੰ ਅਜਿਹੇ ਵਰਤਾਰੇ ਦਾ ਮੁੜ ਸਾਹਮਣਾ ਨਾ ਕਰਨਾ ਪਏ। ਵੇਦਨਾ, ਸੰਵੇਦਨਾ ਅਤੇ ਚੇਤਨਾ ਤੋਂ ਬਿਨਾਂ ਸਾਹਿਤ ਨੂੰ ਪੜ੍ਹਿਆ ਜਾਂ ਸਮਝਿਆ ਨਹੀਂ ਜਾ ਸਕਦਾ। ਅਜਿਹੇ ਸਮਾਗਮ ਵੰਡ ਦੇ ਕਾਰਨਾਂ ਅਤੇ ਪ੍ਰਭਾਵਾਂ ਨੂੰ ਸਮਝਣ ਲਈ ਬਹੁਤ ਜ਼ਰੂਰੀ ਹਨ।

ਮੁੱਖ ਮਹਿਮਾਨ ਪਰਮਿੰਦਰ ਸੋਢੀ ਨੇ ਕਿਹਾ ਕਿ ਮਨੁੱਖ ਦਾ ਵਿਸ਼ੇਸ਼ ਧਰਮ ਮਨੁੱਖਤਾ ਹੈ। ਮਨੁੱਖਤਾ ਦੇ ਵਿਵਹਾਰ ਦਾ ਮੂਲ ਮੰਤਰ ਸਮਾਨਤਾ ਹੈ। ਜੇਕਰ ਮਨੁੱਖ ਆਪਸੀ ਧਾਰਮਿਕ ਕੱਟੜਤਾ ਨੂੰ ਨਿਕਾਰਦਾ ਨਹੀਂ ਹੈ ਤਾਂ ਅਜਿਹੇ ਹਾਲਾਤ ਪੈਦਾ ਹੋਣ ਦੇ ਆਸਾਰ ਫਿਰ ਤੋਂ ਪੈਦਾ ਹੋਣ ਦੀ ਸੰਭਾਵਨਾ ਪੈਦਾ ਕਰ ਸਕਦੇ ਹਨ। ਲੋੜ ਹੈ ਕਿ ਮਨੁੱਖ ਆਪਣੇ ਅੰਦਰੋਂ ਨਿੱਜੀ ਕੱਟੜਤਾ ਨੂੰ ਛੱਡ ਕੇ ਸਮੁੱਚੀ ਮਾਨਵਤਾ ਦੀ ਭਲਾਈ ਅਤੇ ਵਿਕਾਸ ਦੀ ਗੱਲ ਕਰੇ। ਵੰਡ ਦੀ ਘਟਨਾ ਦੇ ਕਾਰਨਾਂ ਤੋਂ ਸੁਚੇਤ ਹੋ ਕੇ ਉਹ ਕੁਝ ਛੱਡਣਾ ਪਵੇਗਾ ਜਿਨ੍ਹਾਂ ਕਾਰਨਾਂ ਕਰਕੇ ਇਹ ਹਾਲਾਤ ਜਾਂ ਸਥਿਤੀ ਪੈਦਾ ਹੋਈ। ਜੇਕਰ ਅਸੀਂ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਉਹ ਸਭ ਵਰਤਾਰੇ ਛੱਡਣੇ ਪੈਣਗੇ ਜੋ ਮਨੁੱਖਤਾ ਦੇ ਨਾਸ਼ ਦਾ ਕਾਰਨ ਬਣਦੇ ਹਨ।

ਡਾ. ਕੁਲਦੀਪ ਸਿੰਘ ਦੀਪ ਨੇ ਰੰਗਮੰਚ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਆਜ਼ਾਦੀ ਜਦੋਂ ਸਾਨੂੰ ਸਾਡੇ ਨਾਲ ਵਾਪਰੀਆਂ ਘਟਨਾਵਾਂ ਦੀ ਪੀੜਾ ਦਾ ਅਹਿਸਾਸ ਕਰਾਉਂਦੀ ਹੈ ਤਾਂ ਸਾਡਾ ਕਥਾਰਸਿਸ ਹੁੰਦਾ ਹੈ। ਇਸ ਦੀ ਪੇਸ਼ਕਾਰੀ ਰੰਗਮੰਚ ਰਾਹੀਂ ਅਤੇ ਫ਼ਿਲਮਾਂ ਵਿਚ ਹੁੰਦੀ ਆ ਰਹੀ ਹੈ। ਸੰਤਾਲੀ ਨਾਲ ਜੁੜਿਆ ਹੋਇਆ ਸਾਹਿਤ ਸਾਡੇ ਮਨ ਨੂੰ ਹਲੂਣਾ ਦਿੰਦਾ ਹੈ। ਸਾਹਿਤ ਸਾਨੂੰ ਸਾਡੇ ਵਿਰਸੇ ਨਾਲ ਜੋੜ ਕੇ ਚੇਤੰਨਤਾ ਪੈਦਾ ਕਰਦਾ ਹੈ। ਉਜਾੜੇ ਦੀਆਂ ਘਟਨਾਵਾਂ ਦੇ ਕੇਵਲ ਫ਼ਿਰਕੂ ਕਾਰਨ ਨਹੀਂ ਸਨ ਬਲਕਿ ਮਨੁੱਖ ਅੰਦਰ ਪਈਆਂ ਪਸ਼ੂ ਬਿਰਤੀਆਂ ਵੀ ਬਣਦੀਆਂ ਹਨ ਜਿਨ੍ਹਾਂ ਨੇ ਸੰਤਾਲੀ ਸਮੇਂ ਆਪਣਾ ਘਨਾਉਣਾ ਰੂਪ ਧਾਰਨ ਕੀਤਾ। ਸਿਆਸੀ ਚਾਲ ਨੂੰ ਸੰਤਾਲੀ ਦੇ ਉਜਾੜੇ ਵਜੋਂ ਸਹਿਣਾ ਪਿਆ।

ਇਸ ਚੌਥੇ ਦਿਨ ਦੇ ਦੂਜੇ ਸੈਸ਼ਨ ‘ਸੰਤਾਲੀ ਦੀ ਵੰਡ: ਨਵੀਂ ਪੀੜ੍ਹੀ ਦੁਆਰਾ ਸਿਮਰਦਿਆਂ’ ਦੀ ਪੈਨਲ ਚਰਚਾ ਦੀ ਸ਼ੁਰੂਆਤ ਵਿਚ ਸੈਮੀਨਾਰ ਦੇ ਕਨਵੀਨਰ ਡਾ. ਹੀਰਾ ਸਿੰਘ ਅਤੇ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਪਹੁੰਚੇ ਹੋਏ ਵਿਦਵਾਨਾਂ ਨੂੰ ਜੀ ਆਇਆ ਕਹਿੰਦਿਆ ਕੀਤੀ। ਇਸ ਪੈਨਲ ਚਰਚਾ ਵਿਚ ਡਾ. ਸਿਰਮਨਜੀਤ ਸਿੰਘ ਨੇ ਪੰਜਾਬੀ ਗਾਇਕੀ ਦੇ ਸੰਦਰਭ ਵਿਚ ਦੇਸ਼ ਵੰਡ ਦੀ ਗੱਲ ਕਰਦਿਆਂ ਕਿਹਾ ਕਿ ਰੇਡੀਓ ਅਤੇ ਰਿਕਾਰਡਿੰਗ ਗਾਇਕੀ ਦਾ ਸੰਨ 1947 ਅਤੇ ਬਾਅਦ ਦੀ ਗਾਇਕੀ ਦੀ ਪੇਸ਼ਕਾਰੀ ਵਿਚ ਬਹੁਤਾ ਜਿਆਦਾ ਫ਼ਰਕ ਹੈ। ਇਹ ਗਾਇਕੀ ਵੰਡ ਤੋਂ ਬਾਅਦ ਧਾਰਮਿਕ ਅਤੇ ਸਿਆਸੀ ਰੰਗਤ ਧਾਰਨ ਕਰ ਲੈਂਦੀ ਹੈ। ਇਸ ਤੋਂ ਬਾਅਦ ਡਾ. ਰਾਜਵਿੰਦਰ ਕੌਰ, ਡਾ. ਵਿਸ਼ਾਲ, ਡਾ. ਹਰਿੰਦਰ ਕੌਰ ਸੋਹਲ, ਡਾ. ਹਰਵੰਤ ਕੌਰ ਅਤੇ ਡਾ. ਗੁਰਦੀਪ ਕੌਰ ਸੂਰਾ ਨੇ ਸੰਬੰਧਿਤ ਵਿਸ਼ੇ ਨਾਲ ਗਹਿਨ ਗੰਭੀਰ ਵਿਚਾਰ ਚਰਚਾ ਕਰਦਿਆਂ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।

ਦੁਪਹਿਰ ਸਮੇਂ ਗੀਤ ਲੋਕ ਗੀਤ ਪ੍ਰੋਗਰਾਮ ਦੇ ਚਲਦਿਆਂ ਕਾਲਜ ਦੇ ਸੰਗੀਤ ਵਿਭਾਗ ਵੱਲੋਂ ਆਪਣੀ ਗਾਇਕੀ ਦੇ ਰੰਗ ਬਖੇਰੇ ਗਏ। ਇਸ ਉਪਰੰਤ ਰੰਗਮੰਚ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਯੁਵਕ ਭਲਾਈ ਅਤੇ ਸਭਿਆਚਾਰਕ ਗਤੀਵਿਧੀਆਂ ਵਿਭਾਗ ਦੁਆਰ ਨਾਟਕਕਾਰ ਬਾਦਲ ਸਰਕਾਰ ਦਾ ਨਾਟਕ ‘ਏਵਮ ਇੰਦਰਜੀਤ’ ਦੀ ਓਪਨ ਏਅਰ ਥੀਏਟਰ ਵਿਚ ਪੇਸ਼ਕਾਰੀ ਕੀਤੀ ਗਈ। ਇਸ ਨਾਟਕ ਦੇ ਨਿਰਦੇਸ਼ਕ ਡਾ. ਜਸਪਾਲ ਕੌਰ ਦਿਓਲ ਹਨ। ਸ਼ਾਮ ਸਮੇਂ ‘ਐ ਪੰਜਾਬ ਕਰਾਂ ਕੀ ਸਿਫ਼ਤ ਤੇਰੀ’ ਪ੍ਰੋਗਰਾਮ ਦੇ ਚਲਦਿਆਂ ਪੰਜਾਬੀ ਲੋਕ ਗਾਇਕ ਪਰਮ ਨਿਮਾਣਾ ਅਤੇ ਗੁਰੂ ਭੁੱਲਰ ਨੇ ਆਪਣੀ ਗਾਇਕੀ ਦੇ ਫਨ ਦਾ ਮੁਜ਼ਾਹਰਾ ਕੀਤਾ। ਸਮਾਗਮ ਦਾ ਸਿਖ਼ਰ ਲੋਕ ਨਾਚ ਗਿੱਧੇ ਨਾਲ ਹੋਇਆ।

Have something to say? Post your comment

 

ਪੰਜਾਬ

ਸੀਨੀਅਰ ਪੱਤਰਕਾਰ ਸਤਿੰਦਰ ਬੈਂਸ ਨੂੰ ਸਦਮਾ, ਛੋਟੇ ਭਰਾ ਦਾ ਦਿਹਾਂਤ

ਸੁਖਬੀਰ ਵਾਲਾ ਮਾਮਲਾ ਵੱਡਾ ਹੈ ਦੁਨੀਆਂ ਭਰ ਦੀਆਂ ਨਜ਼ਰਾਂ ਇਸ ਉੱਪਰ ਲੱਗੀਆਂ ਹੋਈਆਂ ਹਨ-ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਕਿਸਾਨਾਂ ਨੂੰ ਜ਼ਮੀਨਾਂ ਦੇ ਵਾਜਬ ਭਾਅ ਦੇਣ ਦੀ ਸਹਿਮਤੀ ਤੋਂ ਬਾਅਦ ਉਗਰਾਹਾਂ ਜਥੇਬੰਦੀ ਵੱਲੋਂ ਦੁੱਨੇਵਾਲਾ ਮੋਰਚਾ ਮੁਲਤਵੀ

ਅਰਵਿੰਦ ਕੇਜਰੀਵਾਲ ਦੀ ਗਤੀਸ਼ੀਲ ਅਗਵਾਈ ਅਤੇ ਮਾਰਗ ਦਰਸ਼ਨ ਸਦਕਾ ਮਾਨ ਸਰਕਾਰ ਕੋਲ ਹੁਣ 94 ਵਿਧਾਇਕ ਹਨ - ਅਮਨ ਅਰੋੜਾ

ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ 'ਚ ਵੋਟਿੰਗ ਘੱਟ ਹੋਣ ਦੇ ਬਾਵਜੂਦ ਕਾਂਗਰਸ ਦੀ ਵਧੀ ਵੋਟਿੰਗ: ਰਾਜਾ ਵੜਿੰਗ

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸੂਬੇ ਵਿੱਚ 21ਵੀਂ ਪਸ਼ੂਧਨ ਗਣਨਾ ਦਾ ਆਗ਼ਾਜ਼

ਸੱਤਾਧਾਰੀ 'ਆਪ' ਨੇ ਚਾਰ ਵਿਧਾਨ ਸਭਾ ਸੀਟਾਂ 'ਚੋਂ ਤਿੰਨ, ਕਾਂਗਰਸ ਨੇ ਇਕ ਸੀਟ ਜਿੱਤੀ ਪੰਜਾਬ 'ਚ

ਪੰਜਾਬ ਪੁਲਿਸ ਨੇ ਜਲੰਧਰ ’ਚ ਜ਼ਬਰਦਸਤ ਗੋਲੀਬਾਰੀ ਪਿੱਛੋਂ ਲੰਡਾ ਗੈਂਗ ਦੇ ਦੋ ਗੈਂਗਸਟਰਾਂ ਨੂੰ ਕੀਤਾ ਕਾਬੂ; 7 ਹਥਿਆਰ ਬਰਾਮਦ

ਪੰਜਾਬ ਪੁਲਿਸ ਨੇ ਵਿਦੇਸ਼ ਅਧਾਰਤ ਤਸਕਰਾਂ ਦੀ ਹਮਾਇਤ ਵਾਲੇ ਹਥਿਆਰ ਤਸਕਰੀ  ਮਾਡਿਊਲ ਦਾ ਕੀਤਾ ਪਰਦਾਫਾਸ਼ ; ਛੇ ਵਿਅਕਤੀ ਕਾਬੂ

ਸ਼ਹੀਦੀ ਸਭਾ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਨੂੰ ‘ਪੈਚ ਮੁਕਤ’ ਬਣਾਉਣ ਲਈ 95.54 ਲੱਖ ਰੁਪਏ ਜਾਰੀ