ਨਵੀਂ ਦਿੱਲੀ-ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਦਿੱਲੀ ਦੀਆਂ ਵੱਖ-ਵੱਖ ਵਿਧਾਨ ਸਭਾਵਾਂ 'ਚ 'ਆਪ' ਦੀਆਂ ਵੋਟਾਂ ਕੱਟਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਹੈ। ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਨੇ ਦਿੱਲੀ ਦੇ ਸੱਤ ਵਿਧਾਨ ਸਭਾ ਹਲਕਿਆਂ ਤੋਂ 22, 000 ਤੋਂ ਵੱਧ ਵੋਟਾਂ ਕੱਟਣ ਦੀ ਸਾਜ਼ਿਸ਼ ਰਚੀ ਹੈ ਅਤੇ ਅਰਜ਼ੀ ਦਿੱਤੀ ਹੈ।
ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ਵਿੱਚ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸਮਰੀ-ਰਿਵੀਜ਼ਨ ਦੀ ਮਿਆਦ ਖਤਮ ਹੋਣ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਕਟੌਤੀ ਲਈ ਅਰਜ਼ੀ ਕਿਉਂ ਦਿੱਤੀ ਜਾ ਰਹੀ ਹੈ?
ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਇੱਕ ਵਿਅਕਤੀ ਵੋਟ ਕਟੌਤੀ ਲਈ 10 ਤੋਂ ਵੱਧ ਅਰਜ਼ੀਆਂ ਨਹੀਂ ਦੇ ਸਕਦਾ ਅਤੇ ਇੱਥੇ ਇੱਕ ਹੀ ਵਿਅਕਤੀ 100 ਤੋਂ ਵੱਧ ਅਰਜ਼ੀਆਂ ਕਿਵੇਂ ਦੇ ਰਿਹਾ ਹੈ?
ਰਾਘਵ ਚੱਢਾ ਨੇ ਕਿਹਾ ਕਿ ਚੋਣ ਕਮਿਸ਼ਨ ਵੀ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਹਨੇਰੇ ਵਿੱਚ ਰੱਖ ਕੇ ਵੋਟਾਂ ਕੱਟਣ ਦੀ ਕਾਰਵਾਈ ਕਰ ਰਿਹਾ ਹੈ। ਰਾਘਵ ਚੱਢਾ ਨੇ ਤੁਗਲਕਾਬਾਦ ਵਿਧਾਨ ਸਭਾ ਦੇ ਅੰਕੜੇ ਪੇਸ਼ ਕਰਦੇ ਹੋਏ ਦੱਸਿਆ ਕਿ ਤੁਗਲਕਾਬਾਦ ਵਿਧਾਨ ਸਭਾ ਹਲਕੇ ਦੇ ਲਾਲਕੁਆਂ ਇਲਾਕੇ ਦੇ ਬੂਥ ਨੰਬਰ 117 'ਤੇ 1, 337 ਵੋਟਾਂ ਹਨ। ਇਸ ਬੂਥ 'ਤੇ 556 ਲੋਕਾਂ ਦੀਆਂ ਵੋਟਾਂ ਰੱਦ ਕਰਨ ਲਈ ਅਰਜ਼ੀ ਦਿੱਤੀ ਗਈ ਹੈ। ਇਸ ਵਿੱਚ ਵੀ ਭਾਜਪਾ ਦੇ ਦੋ ਵਿਅਕਤੀਆਂ ਨੇ 554 ਲੋਕਾਂ ਦੀਆਂ ਵੋਟਾਂ ਕਟਵਾਉਣ ਲਈ ਅਰਜ਼ੀਆਂ ਦਿੱਤੀਆਂ ਹਨ।
ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਜਪਾ ਦੇ ਇਸ ਗੈਰਕਾਨੂੰਨੀ ਕੰਮ ਵਿੱਚ ਚੋਣ ਕਮਿਸ਼ਨ ਦਾ ਸਾਥ ਦੇਣਾ ਬਹੁਤ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਸਮੇਤ ਲੱਖਾਂ ਸ਼ਹੀਦਾਂ ਨੇ ਸਾਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਉਣ ਲਈ ਆਪਣੀਆਂ ਜਾਨਾਂ ਵਾਰ ਕੇ ਲੋਕਾਂ ਨੂੰ ਵੋਟ ਦਾ ਅਧਿਕਾਰ ਦਿੱਤਾ | ਹੁਣ ਭਾਜਪਾ ਲੋਕਾਂ ਤੋਂ ਵੋਟ ਦਾ ਅਧਿਕਾਰ ਖੋਹ ਕੇ ਸੰਵਿਧਾਨ ਅਤੇ ਬਾਬਾ ਸਾਹਿਬ ਦੀ ਸੋਚ ਦਾ ਕਤਲ ਕਰ ਰਹੀ ਹੈ।
ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਹੈ ਕਿ ਭਾਜਪਾ ਵੱਲੋਂ ਰੋਹਿੰਗਿਆ ਨੂੰ ਦਿੱਲੀ ਵਿੱਚ ਵਸਾਇਆ ਗਿਆ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਖੁਦ ਉਨ੍ਹਾਂ ਨੂੰ ਸਰਕਾਰੀ ਰਿਹਾਇਸ਼ ਦੇਣ ਦੀ ਗੱਲ ਕੀਤੀ ਹੈ। ਹੁਣ ਚੋਣਾਂ ਦੇ ਸਮੇਂ ਭਾਜਪਾ ਵਾਲੇ ਰੋਹਿੰਗਿਆ ਦੇ ਨਾਂ 'ਤੇ ਡਰਾਮਾ ਕਰ ਰਹੇ ਹਨ।