ਨਵੀਂ ਦਿੱਲੀ -ਕਿਸਾਨਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੇ ਹਕਾਂ ਲਈ ਆਵਾਜ਼ ਚੁਕੀ ਜਾ ਰਹੀ ਹੈ ਤੇ ਦੇਸ਼ ਦੀ ਵੱਖ ਵੱਖ ਸਰਹਦਾ ਤੇ ਲਗੇ ਕਿਸਾਨੀ ਮੋਰਚੇ ਨੂੰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾ ਮਨਣ ਦਾ ਭਰੋਸਾ ਦੇ ਕੇ ਖ਼ਤਮ ਕਰਵਾਇਆ ਸੀ ਪਰ ਹਾਲੇ ਤਕ ਉਨ੍ਹਾਂ ਦੀਆਂ ਮੰਗਾ ਮੰਨੀ ਨਹੀਂ ਗਈਆਂ ਹਨ । ਸਰਕਾਰ ਦੀ ਬੇਰੁਖੀ ਨੂੰ ਦੇਖਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਬੀਤੇ ਕੁਝ ਦਿਨਾਂ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਸਰਕਾਰ ਵੱਲੋ ਕਿਸਾਨੀ ਮੰਗਾਂ ਉਤੇ ਕੋਈ ਵਿਚਾਰ ਜਾਂ ਅਮਲ ਨਾ ਕਰਨ ਦੀ ਬਦੌਲਤ ਜੇਕਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਿੰਦਗਾਨੀ ਨੂੰ ਕੋਈ ਖਤਰਾ ਪੈਦਾ ਹੋਇਆ ਤਾਂ ਇਹ ਦੋਵੇ ਸੰਬੰਧਤ ਸਰਕਾਰਾਂ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੀਆ । ਕਿਉਂਕਿ ਉਨ੍ਹਾਂ ਦੀ ਸਰੀਰਕ ਹਾਲਤ ਕਾਫੀ ਚਿੰਤਾਜਨਕ ਬਣ ਗਈ ਹੈ । ਇਸ ਲਈ ਸੈਟਰ ਤੇ ਹਰਿਆਣਾ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨੀ ਮੰਗਾਂ ਨੂੰ ਪ੍ਰਵਾਨ ਕਰਕੇ ਜਿਥੇ ਕੀਮਤੀ ਜਿੰਦਗਾਨੀਆ ਦਾ ਨੁਕਸਾਨ ਹੋਣ ਤੋ ਬਚਾਇਆ ਜਾਵੇ, ਉਥੇ ਕਿਸਾਨੀ ਵਰਗ ਦੇ ਚੱਲ ਰਹੇ ਸੰਘਰਸ ਨੂੰ ਖਤਮ ਕਰਕੇ ਉਨ੍ਹਾਂ ਦੀਆਂ ਮੰਗਾਂ ਤੇ ਮੁਸਕਿਲਾਂ ਦਾ ਤੁਰੰਤ ਹੱਲ ਕੀਤਾ ਜਾਵੇ । ਇਸ ਦੇ ਨਾਲ ਹੀ ਸਮੂਹ ਕਿਸਾਨ ਨੇਤਾਵਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਭਾਈ ਡਲੇਵਾਲ ਨਿਜ ਲਈ ਸੰਘਰਸ਼ ਨਹੀਂ ਕਰ ਰਹੇ ਹਨ ਤੁਹਾਡਾ ਸਾਥ ਇਸ ਸਮੇਂ ਉਨ੍ਹਾਂ ਦੀ ਅਨਮੋਲ ਜਿੰਦਗੀ ਨੂੰ ਬਚਾਣ ਦੇ ਨਾਲ ਸੰਘਰਸ਼ ਨੂੰ ਨਵੀਂ ਰਾਹ ਦੇ ਸਕਦਾ ਹੈ । ਇਸ ਲਈ ਬਿਨਾਂ ਸਮਾਂ ਗਵਾਏ ਉਨ੍ਹਾਂ ਦਾ ਸਾਥ ਦੇ ਕੇ ਆਪਣਾ ਫਰਜ਼ ਅਤੇ ਉਨ੍ਹਾਂ ਦੀ ਜਿੰਦਗੀ ਨੂੰ ਬਚਾਉਣ ਲਈ ਤੁਰੰਤ ਪਹਿਲ ਕਰੋ ਕਿੱਥੇ ਓਹ ਸ਼ਰੀਰ ਤਿਆਗ ਗਏ ਤਾਂ ਫਿਰ ਸ਼ਰਧਾਂਜਲੀਆਂ ਦੇਣ ਜੋਗੇ ਰਹਿ ਜਾਓਗੇ ।