ਨਵੀਂ ਦਿੱਲੀ -ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਅੱਜ ਸਕੂਲ ਦੀ ਸਪੈਸ਼ਲ ਅਸੈਂਬਲੀ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸ਼ਹੀਦੀ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅਜੋਕੇ ਮੌਕੇ ਤੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਲੋਂ
"ਤਿਲਕ ਜੰਝੂ ਰਾਖਾ ਪ੍ਰਭ ਤਾ ਕਾ
ਕੀਨੋ ਬਡੋ ਕਲੂ ਮਹਿ ਸਾਕਾ" ਸ਼ਬਦ ਪੜ ਕੇ ਅਸੈਂਬਲੀ ਦੀ ਸ਼ੁਰੂਆਤ ਕੀਤੀ ਗਈ। ਸਕੂਲ ਦੇ ਵਿਦਿਆਰਥੀਆਂ ਨੇ ਰੱਬੀ ਬਾਣੀ ਦਾ ਇਲਾਹੀ ਕੀਰਤਨ ਕਰਕੇ ਸਾਰਿਆਂ ਨੂੰ ਨਿਹਾਲ ਕੀਤਾ । ਸਕੂਲ ਦੇ ਬੱਚਿਆਂ ਰਣਜੀਤ ਸਿੰਘ, ਸਹਿਜਪ੍ਰੀਤ ਸਿੰਘ, ਰਤਿੰਦਰ ਕੌਰ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਕਵਿਤਾ ਸੁਣਾਈ ਅਤੇ ਇਸ਼ਪ੍ਰੀਤ ਕੌਰ ਨੇ ਗੁਰੂ ਸਾਹਿਬ ਜੀ ਦੇ ਜੀਵਨ ਉੱਤੇ ਪ੍ਰਕਾਸ਼ ਪਾਇਆ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਨਪ੍ਰੀਤ ਕੌਰ ਨੇ ਬੱਚਿਆਂ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਵਿਸ਼ਵ-ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਵਿਲੱਖਣ ਹੈ ਅਤੇ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ। ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਇਹ ਕੁਰਬਾਨੀ ਆਪਣੇ ਲਈ ਨਹੀਂ, ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਾਨਵਤਾ ਨੂੰ ਬਚਾਉਣ ਖ਼ਾਤਰ ਦਿੱਤੀ ਗਈ। ਇਸ ਤਰ੍ਹਾਂ ਇਸ ਗੌਰਵਮਈ ਸ਼ਹਾਦਤ ਨੇ ਸਿਰਫ਼ ਸਿੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀਂ ਦਿੱਤਾ ਸਗੋਂ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸਾਫ਼ ਅਤੇ ਧਰਮ ਲਈ ਮਰ-ਮਿਟਣ ਦਾ ਜਜ਼ਬਾ ਪ੍ਰਦਾਨ ਕੀਤਾ। ਗੁਰੂ ਜੀ ਦੀ ਸ਼ਹਾਦਤ ਨੇ ਉਸ ਸਮੇਂ ਦੇ ਮਜ਼ਲੂਮਾਂ, ਨਿਤਾਣਿਆਂ, ਨਿਓਟਿਆਂ ਅਤੇ ਨਿਮਾਣਿਆਂ ਦੇ ਹਿਰਦੇ ਵਿੱਚ ਇੱਕ ਨਵੀਂ ਰੂਹ ਫੂਕੀ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਸਾਡੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਮਨੁੱਖ ਦੇ ਬਣਾਏ ਧਰਮ ਤੋਂ ਉੱਪਰ ਉੱਠ ਕੇ ਸਰਬ-ਸਾਂਝੇ ਧਰਮ ਅਰਥਾਤ ਮਾਨਵਤਾ, ਅਹਿੰਸਾ, ਦਇਆ, ਅਮਨ ਅਤੇ ਅਖੰਡਤਾ ਦੇ ਰਸਤੇ ਉੱਪਰ ਕਦਮ ਧਰੀਏ।
ਇਸ ਮੌਕੇ ਸਕੂਲ ਦੇ ਮੈਨੇਜਰ ਸਰਦਾਰ ਜਗਜੀਤ ਸਿੰਘ ਨੇ ਬੱਚਿਆਂ ਨੂੰ ਗੁਰੂ ਤੇਗ਼ ਬਹਾਦਰ ਜੀ ਵਲੋਂ ਦਿੱਤੀ ਸ਼ਹਾਦਤ ਦੇ ਸੰਕਲਪ ਬਾਰੇ ਦਸਿਆ ਕਿ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਦਰਸ਼ਨ, ਵਿਚਾਰਧਾਰਕ ਫ਼ਲਸਫ਼ੇ ਅਤੇ ਵਿਵਹਾਰਕ ਜੀਵਨ ’ਚ ਉਨ੍ਹਾਂ ਵਿਚਾਰਾਂ ਦੀ ਰੱਖਿਆ ’ਚ ਆਪਣੀ ਸ਼ਹਾਦਤ ਨਾਲ ਇਹ ਸਥਾਪਿਤ ਕੀਤਾ ਹੈ ਕਿ ‘ਧਰਮ ਹੇਤੁ’ ਸਾਧਿਆ ਮਨ ਹੀ ਸੰਤੁਲਿਤ ਜੀਵਨ ਦਾ ਆਧਾਰ ਬਣਦਾ ਹੈ ਜੋ ਮੌਤ ਜਿਹੀ ਚੁਣੌਤੀ ਸਨਮੁੱਖ ਸ਼ਹਾਦਤ ਨੂੰ ਸਵੀਕਾਰ ਕਰਦਾ ਹੈ।