ਨਵੀਂ ਦਿੱਲੀ - ਦੇਸ਼ ਦਾ ਅੰਨਦਾਤਾ ਅੱਜ ਆਪਣੀਆ ਮੰਗਾਂ ਮਨਵਾਉਣ ਲਈ ਸੜਕਾਂ ਤੇ ਧਰਨੇ ਅਤੇ ਮੋਰਚੇ ਲਾਉਣ ਲਈ ਮਜਬੂਰ ਹੈ । ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਦੇ ਸਾਬਕਾ ਮੁੱਖ ਸੇਵਾਦਾਰ, ਗੁਰਬਾਣੀ ਰਿਸਰਚ ਫਾਉਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੋਸਾਇਟੀ ਦੇ ਚੇਅਰਮੈਨ ਪੰਥਕ ਆਗੂ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਮੀਡੀਆ ਨੂੰ ਜਾਰੀ ਕੀਤੇ ਬਿਆਨ ਰਾਹੀਂ ਦਸਿਆ ਕਿ ਹਰੀਤ ਕ੍ਰਾਂਤੀ ਦੇ ਨਾਮ ਤੇ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਕਿਸਾਨਾ ਨੇ ਜਮੀਨ ਹੇਠਲਾ ਪਾਣੀ ਕੱਢ ਕੱਢ ਕੇ ਆਪਣੀ ਜਮੀਨ ਵੀ ਬਰਬਾਦ ਕਰ ਲਈ ਪਰ ਕੇਂਦਰ ਦੀਆਂ ਸਰਕਾਰਾਂ ਨੇ ਇਸ ਦਾ ਕੋਈ ਵੀ ਮੁੱਲ ਨਹੀ ਪਾਇਆ । ਅੱਜ ਕਿਸਾਨਾ ਨੂੰ ਆਪਣੀਆਂ ਫਸਲਾਂ ਦਾ ਸਹੀ ਮੁੱਲ ਲੈਣ ਲਈ ਵੀ ਜਦੋ ਜ਼ਹਿਦ ਕਰਨੀ ਪੈ ਰਹੀ ਹੈ । ਚੋਣਾ ਵੇਲੇ ਪਾਰਟੀਆਂ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕਰਦੀਆਂ ਹਨ ਪਰ ਜਦੋ ਜਦੋ ਵੀ ਇਹਨਾਂ ਦੀਆਂ ਸਰਕਾਰਾ ਬਣਦੀਆਂ ਹਨ ਤਾਂ ਇਹ ਪਾਰਟੀਆਂ ਇਸ ਰਿਪੋਰਟ ਨੂੰ ਲਾਗੂ ਕਰਨ ਤੋ ਮੁਕਰ ਜਾਂਦੀਆਂ ਹਨ । ਐਮਐਸਪੀ ਸਮੇਤ ਆਪਣੀਆਂ 12 ਮੰਗਾਂ ਨੂੰ ਲੈ ਕੇ ਕਿਸਾਨ ਪਿਛਲੇ ਦਸ ਮਹੀਨੇ ਤੋ ਵੀ ਵੱਧ ਸਮੇ ਤੋਂ ਧਰਨੇ ਲਾ ਕੇ ਬੈਠੇ ਹਨ ਪ੍ਰੰਤੂ ਸੂਬਾਈ ਅਤੇ ਕੇਂਦਰ ਸਰਕਾਰ ਇਸ ਦਾ ਹੱਲ ਕੱਢਣ ਲਈ ਕੋਈ ਸੰਜੀਦਗੀ ਨਹੀ ਦਿਖਾ ਰਹੀਆਂ ਹਨ । ਆਪਣੇ ਹੀ ਦੇਸ਼ ਅੰਦਰ ਇਕ ਰਾਜ ਤੋਂ ਦੂਜੇ ਰਾਜ ਵਿਚ ਜਾਣ ਲਈ ਪ੍ਰਮਿਸ਼ਨ ਮੰਗੀ ਜਾ ਰਹੀ ਹੈ ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਪਰ ਅੱਥਰੂ ਗੈਸ, ਜਲ ਤੋਪਾਂ ਦੀ ਵਰਤੋਂ ਕਰਕੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਜਾ ਰਹੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬੀਤੇ 18 ਦਿਨਾਂ ਤੋਂ ਕਿਸਾਨੀ ਮੰਗਾ ਮਨਵਾਉਣ ਲਈ ਮਰਨ ਵਰਤ ਤੇ ਬੈਠੇ ਹਨ ਜਿਸ ਕਰਕੇ ਉਨ੍ਹਾਂ ਦੀ ਤਬੀਯਤ ਬਹੁਤ ਖਰਾਬ ਹੋਣ ਕਰਕੇ ਉਨ੍ਹਾਂ ਦੀ ਜਿੰਦਗੀ ਦਾ ਨੁਕਸਾਨ ਹੋ ਸਕਦਾ ਹੈ । ਕੇਂਦਰ ਅਤੇ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਓਹ ਕਿਸਾਨਾਂ ਨਾਲ ਟਕਰਾਅ ਦਾ ਰਾਹ ਛੱਡ ਕੇ ਟੇਬਲ ਤੇ ਬੈਠ ਕੇ ਉਨ੍ਹਾਂ ਦੀਆਂ ਮੰਗਾ ਨੂੰ ਮੰਨੇ ਜਿਸ ਨਾਲ ਦੇਸ਼ ਅੰਦਰ ਸਰਕਾਰ ਵਿਰੁੱਧ ਬਣ ਰਿਹਾ ਮਾਹੌਲ ਵਿਸਫੋਟਕ ਸਤਿਥੀ ਤੇ ਨਾ ਪਹੁੰਚ ਸਕੇ ।