ਨਵੀਂ ਦਿੱਲੀ -ਗੁਰੂ ਨਾਨਕ ਪਬਲਿਕ ਸਕੂਲ ਰਜੌਰੀ ਗਾਰਡਨ ਵਿਖੇ ਸਕੂਲ ਦੀ ਸਪੈਸ਼ਲ ਅਸੈਂਬਲੀ ਵਿੱਚ ਜਮਾਤ ਦਸਵੀਂ ਦੇ ਹਿੰਦੀ ਅਤੇ ਪੰਜਾਬੀ ਭਾਸਾ ਦੇ ਵਿਦਿਆਰਥੀਆਂ ਦੇ ਨਾਲ ਭਾਸ਼ਾ ਅਧਿਆਪਕਾਂ ਨੂੰ ਵੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਪ੍ਰੀਤ ਕੌਰ ਦੁਆਰਾ ਸਨਮਾਨਿਤ ਕੀਤਾ ਗਿਆ। ਬੀਤੀ 11 ਦਸੰਬਰ ਨੂੰ "ਡਾਕਟਰ ਅੰਬੇਡਕਰ ਇੰਟਰਨੈਸ਼ਨਲ ਸੈਂਟਰ" ਜਨਪਥ, ਨਵੀਂ ਦਿੱਲੀ ਵਿਖੇ "ਭਾਰਤੀ ਭਾਸ਼ਾ ਦਿਵਸ" ਦੇ ਅਵਸਰ ਤੇ "ਹਿੰਦੁਸਤਾਨ ਭਾਸ਼ਾ ਅਕਾਦਮੀ" ਅਤੇ "ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ" ਸੰਸਕ੍ਰਿਤੀ ਮੰਤਰਾਲੇ, ਭਾਰਤ ਸਰਕਾਰ ਦੇ ਆਪਸੀ ਸਹਿਯੋਗ ਨਾਲ "ਹੋਣਹਾਰ ਵਿਦਿਆਰਥੀ ਅਤੇ ਭਾਸ਼ਾ ਗੌਰਵ ਸ਼ਿਕਸ਼ਕ ਸਨਮਾਨ" ਦਾ ਆਯੋਜਨ ਕੀਤਾ ਗਿਆ ਸੀ। ਇਸ ਮੌਕੇ ਉੱਤੇ ਉਹਨਾਂ ਵਿਦਿਆਰਥੀਆਂ ਨੂੰ "ਭਾਸ਼ਾ ਦੂਤ ਸਨਮਾਨ" ਦਿੱਤਾ ਗਿਆ ਜਿਨ੍ਹਾਂ ਨੇ ਜਮਾਤ ਦੱਸਵੀਂ ਦੀ ਪਰੀਖਿਆ ਦੇ ਵਿੱਚ 90% ਜਾਂ ਉਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਸੀ। ਇਸ ਮੌਕੇ ਕੁਲ੍ਹ ਨੌ ਭਾਸ਼ਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਸਨਮਾਨ ਸਮਾਰੋਹ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਰਜੌਰੀ ਗਾਰਡਨ ਦੇ ਕੁੱਲ 11 ਵਿਦਿਅਰਥੀਆਂ (ਹਿੰਦੀ ਤੇ ਪੰਜਾਬੀ) ਦੇ ਅਤੇ ਤਿੰਨ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਪੰਜਾਬੀ ਭਾਸ਼ਾ ਵਿੱਚ ਜਮਾਤ ਦਸਵੀਂ ਦੀ ਅਰਸ਼ਦੀਪ ਕੌਰ, ਗੁਰਮੁਖ ਸਿੰਘ, ਮਾਨਯਾ ਮਲਿਕ, ਪ੍ਰਭਲੀਨ ਕੌਰ, ਮੁਹੰਮਦ ਮੁਜਾਹਿਦ ਅੰਸਾਰੀ ਸ਼ਾਮਲ ਸਨ ਅਤੇ ਹਿੰਦੀ ਭਾਸ਼ਾ ਦੇ ਸੁਸ਼ਾਂਤ ਸ਼ਰਮਾ, ਸੰਗਯਾ ਅਗਰਵਾਲ, ਹਰਮਨ ਸਿੰਘ ਹੁੰਜਨ, ਅਰਸ਼ਦੀਪ ਕੌਰ, ਮਾਹੀ ਕੌਰ, ਭਵਲੀਨ ਕੌਰ ਸ਼ਾਮਲ ਸਨ। ਇਸਦੇ ਨਾਲ ਹੀ ਪੰਜਾਬੀ ਅਧਿਆਪਕ ਸਰਦਾਰਨੀ ਪ੍ਰਿਤਪਾਲ ਕੌਰ, ਜਸਜੀਤ ਕੌਰ ਅਤੇ ਹਿੰਦੀ ਅਧਿਆਪਿਕਾ ਸ਼੍ਰੀਮਤੀ ਜਸਬੀਰ ਕੌਰ ਨੂੰ ਵੀ "ਭਾਸ਼ਾ ਗੌਰਵ ਸਿਕਸ਼ਕ ਸਨਮਾਨ" ਦਿੱਤਾ ਗਿਆ। ਇਸ ਕਰਵਾਏ ਗਏ ਪ੍ਰੋਗਰਾਮ ਦਾ ਪ੍ਰਮੁੱਖ ਮਕਸਦ ਦੇਸ਼ ਦੀਆਂ ਵੱਖ ਵੱਖ ਭਾਸ਼ਾਵਾਂ ਪ੍ਰਤੀ ਸਨਮਾਨ ਦੀ ਭਾਵਨਾ ਨੂੰ ਵਿਕਸਿਤ ਕਰਨਾ ਅਤੇ ਲੋਕਾਂ ਨੂੰ ਜਾਗਰੂਕ ਬਣਾਉਣਾ ਹੈ।