ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਦੇ ਨਾਲ ਰਲ ਕੇ ਸਰਦਾਰ ਗੁਰਚਰਨ ਸਿੰਘ ਵੱਲੋਂ ਲਿਖੀ ਪੁਸਤਕ ’ਜਗਤ ਗੁਰੂ ਬਾਬਾ’ ਰਿਲੀਜ਼ ਕੀਤੀ ਗਈ।
ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ’ਤੇ ਖੋਜ ਕਰ ਕੇ ਇਹ ਕਿਤਾਬ ਤਿਆਰ ਕੀਤੀ ਗਈ ਹੈ ਜਿਸ ਲਈ ਗੁਰਚਰਨ ਸਿੰਘ ਵਧਾਈ ਦੇ ਪਾਤਰ ਹਨ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਇਕ ਓਂਕਾਰ ਸ਼ਬਦ ਨਾਲ ਸਿੱਖੀ ਦੀ ਸ਼ੁਰੂਆਤ ਕੀਤੀ ਤੇ ਫਿਰ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਜਿਸਨੂੰ ਸੰਪੂਰਨ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ ਤੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਇਆ।
ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਕੋਲ ਏਸ਼ੀਆ ਦਾ ਸਭ ਤੋਂ ਵੱਡਾ ਡਿਜੀਟਲ ਨੈਟਵਰਕ ਹੈ ਜਿਸ ਰਾਹੀਂ ਅਸੀਂ ਲਘੂ ਵੀਡੀਓਜ਼ ਨਾਲ ਗੁਰ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਾਂ।
ਉਹਨਾਂ ਕਿਹਾ ਕਿ 4 ਦਿਨ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਵਰ੍ਹਾ ਸ਼ੁਰੂ ਹੋਇਆ ਹੈ ਜਿਸਨੂੰ ਅਸੀਂ ਬਹੁਤ ਵੱਡੀ ਪੱਧਰ ’ਤੇ ਮਨਾਉਣ ਲਈ ਯਤਨਸ਼ੀਲ ਹਾਂ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਕੁਰਬਾਨੀ ਮਨੁੱਖਤਾ ਵਾਸਤੇ ਸੀ ਤੇ ਸਿਰਫ ਇਕ ਧਰਮ ਤੱਕ ਸੀਮਤ ਨਹੀਂ ਸੀ। ਉਹਨਾਂ ਕਿਹਾ ਕਿ ਅਸੀਂ ਪੂਰਾ ਸਾਲ ਸਰਵ ਧਰਮ ਸੰਮੇਲਨ ਸਮੇਤ ਵੱਖ-ਵੱਖ ਪ੍ਰੋਗਰਾਮ ਕਰਵਾ ਕੇ ਇਹ ਦਿਹਾੜਾ ਵੱਡੀ ਪੱਧਰ ’ਤੇ ਮਨਾਵਾਂਗੇ।
ਉਹਨਾਂ ਕਿਹਾ ਕਿ ਦੀਵਾਰ ਟੋਡਰ ਮਲ ਵਿਰਾਸਤੀ ਫਾਉਂਡੇਸ਼ਨ ਦੇ ਨਾਭਾ ਤੋਂ ਉਚੇਚੇ ਤੌਰ ’ਤੇ ਮਹਾਰਾਣੀ ਜੀ ਆਏ ਹਨ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਉਹਨਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਸ਼ਹਾਦਤਾਂ ਦਾ ਇਤਿਹਾਸ ਵੱਧ ਤੋਂ ਵੱਧ ਸੰਗਤ ਤੱਕ ਪਹੁੰਚ ਸਕੇ।
ਸਮਾਗਮ ਵਿਚ ਮਹਾਰਾਣੀ ਪ੍ਰਨੀਤੀ ਸਿੰਘ, ਇਕਬਾਲ ਸਿੰਘ ਲਾਲਪੁਰਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ, ਤਰਲੋਚਨ ਸਿੰਘ ਸਾਬਕਾ ਐਮ ਪੀ, ਡਾ. ਜਸਪਾਲ ਸਿੰਘ ਸਾਬਕਾ ਵੀ ਸੀ, ਸਰਦਾਰ ਜਗਜੀਤ ਸਿੰਘ ਦਰਦੀ ਚੇਅਰਮੈਨ ਚੜ੍ਹਦੀਕਲਾ ਫਾਉਂਡੇਸ਼ਨ, ਸਰਦਾਰ ਬਲਦੇਵ ਸਿੰਘ ਭਾਟੀਆ, ਸਰਦਾਰ ਲਖਵਿੰਦਰ ਸਿੰਘ, ਪੁਸਤਕ ਦੇ ਲੇਖਕ ਸਰਦਾਰ ਗੁਰਚਰਨ ਸਿੰਘ, ਦਿੱਲੀ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਤੇ ਹੋਰ ਮੈਂਬਰ ਹਾਜ਼ਰ ਸਨ।