ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਦੇਸ਼ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਪ੍ਰਬੰਧਕਾਂ ਤੋਂ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਪੜ੍ਹਾਉਣ ਦੀ ਅਪੀਲ ਕੀਤੀ ਹੈ।
ਜਸਪ੍ਰੀਤ ਸਿੰਘ ਕਰਮਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਕਮੇਟੀ ਦੇ ਅਧੀਨ ਆਉਂਦੇ ਸਾਰੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ 17 ਦਿਸੰਬਰ ਤੋਂ 27 ਦਿਸੰਬਰ ਤੱਕ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਇਤਿਹਾਸ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ ਤਾਂ ਜੋ ਉਹ ਜਾਣ ਸਕਣ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਕੌਣ ਸਨ, ਉਨ੍ਹਾਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਕਿਉਂ ਜ਼ਾਲਮ ਹਕੂਮਤ ਨੇ ਸ਼ਹੀਦ ਕੀਤਾ।
ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਜਿਵੇਂ ਕਿ ਪਿਛਲੇ ਦਿਨਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਸਰਕਾਰੀ ਪੱਧਰ 'ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ, ਉਸ ਨਾਲ ਬੱਚਿਆਂ ਵਿੱਚ ਇਸ ਬਾਰੇ ਰੁਚੀ ਪੈਦਾ ਹੋਈ ਹੈ ਅਤੇ ਅੱਜ ਬੱਚੇ ਆਪਣੇ ਘਰਾਂ ਵਿੱਚ ਮਾਪੇਆਂ ਤੋਂ ਇਹ ਜਾਣਣ ਦੀ ਇੱਛਾ ਰੱਖਦੇ ਹਨ ਕਿ ਸਾਹਿਬਜ਼ਾਦੇ ਕੌਣ ਸਨ ਅਤੇ ਉਹਨਾਂ ਨੰਨ੍ਹਿਆਂ ਮੂੰਹਾਂ ਨੂੰ ਕਿਉਂ ਦੀਵਾਰਾਂ ਵਿੱਚ ਚਿਨਵਾ ਦਿੱਤਾ ਗਿਆ ਸੀ।
ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਸਾਡੀ, ਖਾਸ ਕਰਕੇ ਸਿੱਖ ਵਿਦਵਾਨਾਂ, ਪ੍ਰਚਾਰਕਾਂ ਅਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਚਿਆਂ ਨੂੰ ਇਤਿਹਾਸ ਦੀ ਵਿਸਥਾਰ ਨਾਲ ਜਾਣਕਾਰੀ ਦਿਤੀ ਜਾਵੇ। ਇਸ ਲਈ, ਦਿੱਲੀ ਦੇ ਸਾਰੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ 10 ਦਿਨਾਂ ਤੱਕ ਰੋਜ਼ਾਨਾ ਬੱਚਿਆਂ ਨੂੰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਇਤਿਹਾਸ ਪੜ੍ਹਾਇਆ ਜਾਵੇਗਾ, ਅਤੇ ਸੈਬੀਐਸਈ ਦੇ ਸਿਲੇਬਸ ਵਿੱਚ ਵੀ ਸਾਹਿਬਜ਼ਾਦਿਆਂ ਦੇ ਗੌਰਵਮਈ ਇਤਿਹਾਸ ਦਾ ਚੈਪਟਰ ਸ਼ਾਮਲ ਕਰਨ ਲਈ ਸੰਬੰਧਿਤ ਅਧਿਕਾਰੀਆਂ ਅਤੇ ਪ੍ਰਸ਼ਾਸਨ ਨਾਲ ਗੱਲ ਕੀਤੀ ਜਾਵੇਗੀ।