ਨਵੀਂ ਦਿੱਲੀ - ਕੈਨੇਡੀਅਨ ਸਿੱਖ ਜਥੇਬੰਦੀਆਂ ਵੱਲੋਂ ਦਿੱਤੀ ਕਾਲ ਅਨੁਸਾਰ ਹਜਾਰਾਂ ਲੋਕਾਂ ਨੇ ਭਾਰਤੀ ਕੌਸਲੇਟ ਦਫ਼ਤਰ ਟੋਰੰਟੋ ਅਤੇ ਵੈਨਕੂਵਰ ਅੱਗੇ ਇੱਕਤਰ ਹੋ ਕੇ ਭਾਰਤ ਦੇ ਸੰਘਰਸ਼ੀਲ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ ਅਤੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਦਿੱਲੀ ਦੇ ਬਾਰਡਰਾਂ ਵੱਲ ਨੂੰ ਵੱਧ ਰਹੀਆਂ ਤੇ ਆਰ-ਪਾਰ ਦੀ ਲੜਾਈ ਲੜ ਰਹੀਆਂ ਪੰਜਾਬ ਅਤੇ ਦੇਸ਼ ਦੀਆਂ ਅਨੇਕਾਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨਾਲ ਆਪਣੀ ਏਕਤਾ ਅਤੇ ਸਹਿਯੋਗ ਦਾ ਪ੍ਰਗਟਾਵਾ ਕੀਤਾ।
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਤੋਂ ਬੀਤੀ 13 ਦਸੰਬਰ ਨੂੰ ਸਵੇਰੇ 10 ਵਜੇ ਕਾਰ ਰੈਲੀ ਦੇ ਰੂਪ ਵਿੱਚ ਇੱਕ ਵੱਡਾ ਕਾਫਲਾ ਭਾਰਤ ਦੇ ਕੌਂਸਲੇਟ ਦਫਤਰ ਵੈਨਕੂਵਰ ਵੱਲ ਨੂੰ ਰਵਾਨਾ ਹੋਇਆ । ਉਪਰੰਤ ਭਾਰਤ ਦੇ ਕੌਂਸਲੇਟ ਦਫਤਰ ਮੂਹਰੇ ਇੱਕ ਵੱਡਾ ਪ੍ਰਦਰਸ਼ਨ ਵੀ ਕੀਤਾ ਗਿਆ ਜਿਸ ਵਿਚ ਸਿੱਖ ਜਥੇਬੰਦੀਆਂ ਦੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਵੱਡੇ ਇਕੱਠ ਨੂੰ ਸੰਬੋਧਿਤ ਕੀਤੇ ।ਇਹ ਫੈਸਲਾ ਕੀਤਾ ਗਿਆ ਕਿ ਭਾਰਤ ਵਿੱਚ ਕਿਸਾਨਾਂ ਵਿਰੁੱਧ ਹੋ ਰਹੇ ਧੱਕੇਸ਼ਾਹੀਆਂ ਖਿਲਾਫ ਕੈਨੇਡਾ ਅੰਦਰ ਕਿਸਾਨੀ ਮੋਰਚੇ ਦੇ ਹਕ਼ ਵਿੱਚ ਅੰਦੋਲਨ ਨੂੰ ਹੋਰ ਵੀ ਪ੍ਰਚੰਡ ਕੀਤਾ ਜਾਏਗਾ । ਬੁਲਾਰਿਆ ਨੇ ਕਿਸਾਨਾਂ ਉਪਰ ਵਾਰ ਵਾਰ ਕੀਤੇ ਜਾਂਦੇ ਲਾਠੀਚਾਰਜ, ਜਲਤੋਪਾਂ ਦੀ ਬੁੱਛਾੜਾ ਅਤੇ ਅੱਥਰੂਗੈਸ ਦੀ ਵਰਤੋਂ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਾਰ ਦੇਂਦਿਆ ਮਾਮਲੇ ਨੂੰ ਸੰਸਾਰ ਪੱਧਰ ਦੀਆਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਣ ਵਾਲੀਆਂ ਸੰਸਥਾਵਾਂ ਕੋਲ ਚੱਕਣ ਦੀ ਗੱਲ ਕੀਤੀ ।
ਇਸ ਮੌਕੇ ਗੁਰੂ ਨਾਨਕ ਸਿੱਖ ਗੁਰਦੁਆਰਾ ਤੋਂ ਭਾਈ ਨਰਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਖਹਿਰਾ, ਗੁਰਭੇਜ ਸਿੰਘ ਬਾਠ, ਮਲਕੀਤ ਸਿੰਘ ਫੌਜੀ, ਭਾਈ ਰਣਜੀਤ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਡ ਤੋਂ ਭਾਈ ਰਣਜੀਤ ਸਿੰਘ ਖਾਲਸਾ ਸਮੇਤ ਵਡੀ ਗਿਣਤੀ ਅੰਦਰ ਸੰਗਤਾਂ ਪਹੁੰਚੀਆਂ ਸਨ।