ਅੰਮ੍ਰਿਤਸਰ- ਗੁਰਦੁਆਰਾ ਪਾਤਸ਼ਾਹੀ ਛੇਵੀਂ ਛਾਉਣੀ ਮਿਸਲ ਸ਼ਹੀਦਾਂ ਤਰਨਾਦਲ ਬਾਬਾ ਬਕਾਲਾ ਸਾਹਿਬ ਵਿਖੇ ਤਰਨਾ ਦਲ ਦੇ ਮੁਖੀ ਰਹੇ ਬਾਬਾ ਕੀਰਤਨ ਸਿੰਘ ਦੀ ਸਲਾਨਾ ਬਰਸੀ ਬਾਬਾ ਜੋਗਾ ਸਿੰਘ ਦੀ ਅਗਵਾਈ ਹੇਠ ਗੁਰਮਤਿ ਸਮਾਗਮ ਕਰਕੇ ਸਰਧਾ ਭਾਵਨਾ ਨਾਲ ਮਨਾਈ। ਬਾਬਾ ਕੀਰਤਨ ਸਿੰਘ ਦੇ ਜੀਵਨ ਸਬੰਧੀ ਨਿਹੰਗ ਸਿੰਘਾਂ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਸ੍ਰੀ ਹਰਮਿੰਦਰ ਸਾਹਿਬ ਦੇ ਗ੍ਰੰਥੀ ਗਿ. ਗੁਰਮਿੰਦਰ ਸਿੰਘ ਨੇ ਭਾਵਪੂਰਤ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।
ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮਿਸਲ ਸ਼ਹੀਦ ਬਾਬਾ ਦੀਪ ਸਿੰਘ ਤਰਨਾਦਲ ਬਾਬਾ ਬਕਾਲਾ ਦੇ ਮੁਖੀ ਸਾਹਿਬਾਨਾਂ ਦੇ ਜੀਵਨ ਅਤੇ ਬੁੱਢਾ ਦਲ ਨਾਲ ਪਿਆਰ ਸਾਂਝ ਸਬੰਧਾਂ ਬਾਰੇ ਵਿਸਥਾਰ ਪੂਰਵਕ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਬਾਬਾ ਕੀਰਤਨ ਸਿੰਘ ਦੀ ਸਲਾਨਾ ਬਰਸੀ ਮੌਕੇ ਉਨ੍ਹਾਂ ਵੱਲੋਂ ਸਮਾਜ ਤੇ ਨਿਹੰਗ ਸਿੰਘ ਤਰਨਾਦਲ ਜਥੇਬੰਦੀ ਸਬੰਧੀ ਕੀਤੇ ਅਨਮੁੱਲੇ ਕਾਰਜ ਇਸ ਮਿਸਲ ਦੇ ਇਤਿਹਾਸ ਵਿੱਚ ਹਮੇਸ਼ਾ ਜੀਵੰਤ ਰਹਿਣਗੇ। ਉਨ੍ਹਾਂ ਸਮੁੱਚੀ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਸ਼ਹਾਦਤ ਦੇ ਜੋੜ ਮੇਲੇ ਦਿਹਾੜਿਆਂ ਸਮੇਂ ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਸਰਧਾਂਜਲੀ ਭੇਟ ਕਰਨ ਲਈ ਪੁੱਜਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਸਮਾਜ ਦਾ ਕੋਹੜ ਬਣੀ ਨਸ਼ਿਆਂ ਦੀ ਅਲਾਮਤ ਤੋਂ ਨੌਜਵਾਨ ਪੀੜੀ ਨੂੰ ਸੁਚੇਤ ਹੋ ਕੇ ਦੂਰ ਰਹੇ ਅਤੇ ਅੰਮ੍ਰਿਤ ਛੱਕ ਕੇ ਗੁਰੂ ਦੇ ਪੁੱਤਰ ਕਹਾਉਣ।
ਇਸ ਮੌਕੇ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿ: ਗੁਰਮਿੰਦਰ ਸਿੰਘ ਨੇ ਵੀ ਬਾਬਾ ਕੀਰਤਨ ਸਿੰਘ ਨੂੰ ਸਰਧਾਂਜਲੀ ਭਂੇਟ ਕੀਤੀ। ਰਾਗੀ ਭਾਈ ਨਵਜੀਤ ਸਿੰਘ ਹਜ਼ੂਰੀ ਰਾਗੀ ਅਨੰਦਸਰ ਤੇ ਢਾਡੀ ਜਥਿਆਂ ਨੇ ਵਾਰਾਂ ਰਾਹੀਂ ਅਕਾਲੀ ਫੌਜ ਦੇ ਸੋਹਲੇ ਗਾਏ ਅਤੇ ਅੰਮ੍ਰਿਤ ਤੋਂ ਵਾਂਝੇ ਰਹੇ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਹੋਣ ਦਾ ਸੱਦਾ ਦਿਤਾ। ਇਸ ਮੌਕੇ ਬਾਬਾ ਗੁਰਦੇਵ ਸਿੰਘ ਅਨੰਦਪੁਰ ਸਾਹਿਬ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਗੁਰਪਿੰਦਰ ਸਿੰਘ, ਬਾਬਾ ਇੰਦਰਬੀਰ ਸਿੰਘ ਸਤਲਾਣੀ ਸਾਹਿਬ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਗੁਰਿੰਦਰ ਸਿੰਘ ਨੰਗਲੀ, ਭਾਈ ਨਵਜੀਤ ਸਿੰਘ ਰਾਗੀ, ਬਾਬਾ ਛਿੰਦਾ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਗੁਰਮੁਖ ਸਿੰਘ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਗੁਰਸ਼ੇਰ ਸਿੰਘ, ਬਾਬਾ ਸੁਖਦੇਵ ਸਿੰਘ ਸੁਖਾ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਲਛਮਣ ਸਿੰਘ, ਸ. ਪਰਮਜੀਤ ਸਿੰਘ ਬਾਜਵਾ ਬਾਬਾ ਗਗਨ ਸਿੰਘ ਆਦਿ ਹਾਜ਼ਰ ਸਨ।