ਅੰਮ੍ਰਿਤਸਰ-ਪੰਜਾਬ ਭਰ ਤੋ ਆਈਆਂ ਬੀਬੀਆਂ ਨੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਅੱਜ ਇਕ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਿੱਤੀ। ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ, ਬੀਬੀ ਪਰਮਜੀਤ ਕੌਰ ਲਾਂਡਰਾ, ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਤੇ ਬੀਬੀ ਹਰਜੀਤ ਕੌਰ ਤਲਵੰਡੀ ਦੀ ਅਗਵਾਈ ਹੇਠ ਪੁਹੰਚੀਆਂ ਇਨਾਂ ਬੀਬੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਮ ਇਕ ਪੱਤਰ ਸੌਂਪਿਆ। ਆਪਣੇ ਪੱਤਰ ਵਿਚ ਇਨਾਂ ਬੀਬੀਆਂ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਖਿਲਾਫ ਅਪਸ਼ਬਦ ਬੋਲੇ ਹਨ। ਜਿੰਮੇਵਾਰ ਸੰਸਥਾ ਦੇ ਪ੍ਰਧਾਨ ਹੋਣ ਦੇ ਨਾਤੇ ਉਨਾਂ ਨੂੰ ਅਜਿਹੇ ਸ਼ਬਦ ਇਕ ਔਰਤ ਦੇ ਖਿਲਾਫ ਨਹੀ ਸਨ ਵਰਤਣੇ ਚਾਹੀਦੇ। ਪ੍ਰਧਾਨ ਦੀ ਇਸ ਹਰਕਤ ਨਾਲ ਦੁਨੀਆਂ ਭਰ ਵਿਚ ਵਸਦੇ ਸਿੱਖ ਸ਼ਰਮਸਾਰ ਮਹਿਸੂਸ ਕਰ ਰਹੇ ਹਨ। ਜਥੇਦਾਰ ਨੂੰ ਜਾਣਕਾਰੀ ਦਿੰਦੇ ਪੱਤਰ ਵਿਚ ਇਨਾਂ ਬੀਬੀਆਂ ਨੇ ਕਿਹਾ ਕਿ ਪੰਜਾਬ ਮਹਿਲਾ ਕਮਿਸ਼ਨ ਵਲੋ ਵੀ ਐਡਵੋਕੇਟ ਧਾਮੀ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਇਨਾਂ ਬੀਬੀਆਂ ਨੇ ਜਥੇਦਾਰ ਪਾਂਸੋ ਮੰਗ ਕੀਤੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਪੰਥਕ ਰਹੁਰੀਤਾਂ ਮੁਤਾਬਿਕ ਕਾਰਵਾਈ ਕੀਤੀ ਜਾਵੇ। ਜਥੇਦਾਰ ਦੀ ਗ਼ੈਰ ਹਾਜਰੀ ਵਿਚ ਇਹ ਪੱਤਰ ਉਨਾਂ ਦੇ ਨਿਜੀ ਸਹਾਇਕ ਸ੍ਰ ਜਸਪਾਲ ਸਿੰਘ ਨੇ ਪ੍ਰਾਪਤ ਕੀਤਾ। ਇਸ ਮੌਕੇ ਤੇ ਬੀਬੀ ਮਨਿੰਦਰ ਕੌਰ, ਬੀਬੀ ਅਨੁਪਿੰਦਰ ਕੌਰ, ਬੀਬੀ ਹਰਜੀਤ ਕੌਰ ਸਿੱਧੂ, ਬੀਬੀ ਗੁਰਮਿੰਦਰਪਾਲ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਪਰਮਜੀਤ ਕੌਰ ਬਠਿੰਡਾ, ਬੀਬੀ ਸੁਰਿੰਦਰਜੀਤ ਕੌਰ ਆਦਿ ਹਾਜਰ ਸਨ।