ਅੰਮ੍ਰਿਤਸਰ - ਸ਼ੋ੍ਰਮਣੀ ਕਮੇਟੀ ਦੀ ਅਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਕੱਲ ਗੁਰਦਵਾਰਾ ਦੇਗਸਰ ਸਾਹਿਬ ਕਟਾਣਾ, ਜਿਲ੍ਹਾ ਲੁਧਿਆਣਾ ਵਿਖੇ ਹੋਣ ਜਾ ਰਹੀ ਹੈ।ਇਸ ਮੀਟਿੰਗ ਵਲ ਸਾਰੀਆਂ ਪੰਥਕ ਧਿਰਾਂ ਦੀਆਂ ਨਜਰਾਂ ਲਗੀਆਂ ਹੋਈਆਂ ਹਨ। ਇਹ ਮੀਟਿੰਗ 72 ਘੰਟੇ ਦੇ ਨੋਟਿਸ ਤੇ ਬੁਲਾਈ ਜਾ ਰਹੀ ਹੈ। ਇਸ ਮਹੀਨੇ ਵਿਚ ਇਹ ਦੂਜੀ ਮੀਟਿੰਗ ਹੈ ਜੋ 72 ਘੰਟੇ ਦੇ ਨੋਟਿਸ ਤੇ ਬੁਲਾਈ ਜਾ ਰਹੀ ਹੈ। ਮੀਟਿੰਗ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਜਾਰ ਗਰਮ ਹੈ। ਕੁਝ ਸੂਤਰ ਦਾਅਵਾ ਕਰਦੇ ਹਨ ਕਿ ਮੀਟਿੰਗ ਵਿਚ ਕਿਸਾਨੀ ਮਸਲੇ ਤੇ ਕਿਸਾਨ ਜਥੇਬੰਦੀਆਂ ਨਾਲ ਸਹਿਮਤੀ ਪ੍ਰਗਟਾਉਣ ਲਈ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ। ਬੀਤੇ ਦਿਨੀ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਭੁੱਖ ਹੜਤਾਲ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਨਾਲ ਮੁਲਾਕਾਤ ਕੀਤੀ ਸੀ।ਐਡਵੋਕੇਟ ਧਾਮੀ ਨੇ ਸ੍ਰ ਡਲੇਵਾਲ ਦੀ ਵਿਗੜ ਰਹੀ ਸਿਹਤ ਤੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਸੀ। ਮੀਟਿੰਗ ਵਿਚ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਨੂੰ ਭੁੱਖ ਹੜਤਾਲ ਖਤਮ ਕਰਨ ਲਈ ਅਪੀਲ ਵੀ ਕੀਤੀ ਜਾ ਸਕਦੀ ਹੈ। ਇਹ ਵੀ ਚਰਚਾ ਹੈ ਕਿ ਮੀਟਿੰਗ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਸਮਾਪਤ ਕਰਨ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ।ਜਿਸ ਤਰ੍ਹਾਂ ਨਾਲ ਕੁਝ ਅਕਾਲੀ ਆਗੂ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਸ਼ੋਸ਼ਲ ਮੀਡੀਆ ਤੇ ਪੋਸਟਾਂ ਪਾ ਰਹੇ ਹਨ ਉਸ ਨੂੰ ਦੇਖਦਿਆਂ ਸੰ਼ਕਾਂ ਜਾਹਿਰ ਕੀਤੀ ਜਾ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਫਤਿਹ ਬੁਲਾਈ ਜਾ ਸਕਦੀ ਹੈ।