ਅੰਮ੍ਰਿਤਸਰ-ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵਿਖੇ ਬਾਰ੍ਹਵੀਂ ਜਮਾਤ (2024-2025) ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਖੁਸ਼ ਮਾਹੌਲ ਵਿਚ ਵਿਦਾਇਗੀ ਦਿੱਤੀ ਗਈ। ਇਹ ਦਿਨ ਦੋਸਤਾਂ ਅਤੇ ਅਧਿਆਪਕਾਂ ਦੇ ਨਾਲ ਬਿਤਾਏ ਸਾਲਾਂ ਨੂੰ ਸਮਰਪਿਤ ਸੀ ਜਿਸ ਨੇ ਖੁਸ਼ੀ ਦੇ ਪਲਾਂ ਨੂੰ ਯਾਦਗਾਰੀ ਬਨਾਇਆ। ਸਕੂਲ ਦੇ ਮੁੱਖ ਸਰਪ੍ਰਸਤ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੂੰ ਬੋਰਡ ਦੀਆਂ ਪਰੀਖਿਆਵਾਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਧਾਨ ਸ੍ਰੀਮਤੀ ਸੁਖਵਿੰਦਰਜੀਤ ਕੌਰ ਦੇ ਨਿੱਘੇ ਸਵਾਗਤ ਨਾਲ ਹੋਈ। ਇਸ ਮੌਕੇ ਸ੍ਰੀਮਤੀ ਹਰਪ੍ਰੀਤ ਕੌਰ ਪ੍ਰਿੰਸੀਪਲ, ਬੁੱਢਾ ਦਲ ਪਬਲਿਕ ਸਕੂਲ ਪਟਿਆਲਾ, ਸ੍ਰੀਮਤੀ ਅਮਨਦੀਪ ਕੌਰ, ਪ੍ਰਿੰਸੀਪਲ ਬੁੱਢਾ ਦਲ ਪਬਲਿਕ ਸਕੂਲ ਸਮਾਣਾ ਅਤੇ ਸ੍ਰੀਮਤੀ ਭਾਰਤੀ ਕਵਾਤਰਾ ਇੰਚਾਰਜ ਜੂਨੀਅਰ ਵਿੰਗ ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਵੀ ਸ਼ਾਮਲ ਹੋਏ।
ਵਿਦਿਆਰਥੀਆਂ ਨੇ ਰੈਂਪ ਵਾਕ, ਫਿਊਜ਼ਨ ਡਾਂਸ ਅਤੇ ਸੁਰੀਲੇ ਗੀਤਾਂ ਨਾਲ ਪੰਜਾਬੀ ਸੱਭਿਆਚਾਰਕ ਪੇਸ਼ਕਾਰੀ ਰਾਹੀਂ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਨੇ ਆਪਣੇ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਸਕੂਲ ਦੇ ਟੀਚੇ ਨੂੰ ਨਾਲ ਲੈ ਕੇ ਸੰਸਾਰ ਭਰ ਵਿਚ ਆਪਣੀ ਪਛਾਣ ਬਣਾਉਣ ਲਈ ਉਤਸ਼ਾਹਿਤ ਕੀਤਾ। ਸਹਿਜਨੂਰ ਕੌਰ ਅਤੇ ਗੁਰਕੀਰਤ ਸਿੰਘ ਨੂੰ ਮਿਸ ਅਤੇ ਮਿਸਟਰ ਬੁੱਢਾ ਦਲ ਦੇ ਖਿਤਾਬ ਨਾਲ ਨਿਵਾਜਿਆ ਗਿਆ। ਗਿਆਰਵੀਂ ਜਮਾਤ ਦੇ ਭੰਗੜਾ ਪ੍ਰਦਰਸ਼ਨ ਨੇ ਸਭ ਦਾ ਦਿਲ ਮੋਹ ਲਿਆ। ਸੰਖੇਪ ਰੂਪ ਵਿੱਚ ਵਿਦਾਇਗੀ ਬਹੁਤ ਹੀ ਰੌਚਕ, ਉਤਸ਼ਾਹ ਭਰੀ ਅਤੇ ਪੁਰਾਣੀਆਂ ਯਾਦਾਂ ਨਾਲ ਭਰਪੂਰ ਰਹੀ।