ਸ੍ਰੀ ਫਤਿਹਗੜ੍ਹ ਸਾਹਿਬ- ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੇ ਸਿੱਖ ਜਗਤ ਅੰਦਰ ਵਾਪਰ ਰਹੇ ਧਾਰਮਿਕ ਤੇ ਰਾਜਸੀ ਵਰਤਾਰੇ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ ਅਤੇ ਸੰਪਰਦਾਇ ਬਾਬਾ ਬਿਧੀਚੰਦ ਸਾਹਿਬ ਤਰਨਾ ਦਲ ਸੁਰਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ ਤਰਨਾਦਲ ਹਰੀਆਂ ਵੇਲਾਂ ਵੱਲੋਂ ਬਾਬਾ ਨਗਰ ਸਿੰਘ ਨੇ ਵਿਚਾਰ ਵਟਾਂਦਰੇ ਉਪਰੰਤ ਸਾਂਝੇ ਇੱਕ ਗੁਰਮਤੇ ਵਿੱਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਵੱਲੋਂ 2 ਦਸੰਬਰ ਨੂੰ ਕੀਤੇ ਗੁਰਮਤੇ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੋਈ ਅਦਲਾ ਬਦਲੀ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਕਿਸੇ ਨੂੰ ਢਿੱਲ ਦਿਤੀ ਜਾਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਸਿੱਖ ਸਿਧਾਤਾਂ ਦੀ ਪਹਿਰੇਦਾਰੀ ਕਰਦਾ ਸੀ ਅਤੇ ਸ੍ਰੀ ਅਕਾਲ ਤਖ਼ਤ ਤੋਂ ਹੁੰਦੇ ਹਰ ਫੈਸਲੇ ਨੂੰ ਸੰਗਤ ਵਿੱਚ ਲਾਗੂ ਕਰਵਾਉਣ ਲਈ ਪਹਿਲਕਦਮੀ ਕਰਦਾ ਸੀ ਅੱਜ ਉਲਟੀ ਵਾੜ ਖੇਤ ਨੂੰ ਖਾਣ ਵਾਲੀ ਭੂਮਿਕਾ ਨਿਭਾਈ ਜਾ ਰਹੀ ਹੈ ਜੋ ਉਚਿਤ ਨਹੀਂ ਹੈ।
ਏਥੋਂ ਸ. ਦਿਲਜੀਤ ਸਿੰਘ ਬੇਦੀ ਸਕੱਤਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਮਰਯਾਦਾ ਨਾਲ ਹੋ ਰਹੀ ਛੇੜਛਾੜ ਅਤੇ ਰਾਜਸੀ ਤੌਰ ਤੇ ਹੋ ਰਹੀ ਜੋਰ ਜਬਰੀ ਤੋਂ ਸਮੁੱਚੀਆਂ ਸਿੱਖ ਸੰਗਤਾਂ ਆਤਮਿਕ, ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਦੁਖੀ ਹਨ। ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਆਗੂ ਲਗਾਤਾਰ ਆਪਣੀ ਖੁਸਦੀ ਚੌਧਰ ਤੋਂ ਦੁਖੀ ਤੇ ਭੰਬਲ ਭੂਸੇ ਵਿੱਚ ਹਨ ਤੇ ਉਹ ਕਾਹਲੀ ਵਿਚ ਗਲਤੀ ਦਰ ਗਲਤੀ ਕਰੀ ਜਾ ਰਹੇ ਹਨ। ਸਿੱਖ ਧਰਮ ਵਿੱਚ ਹਾਊਮੇ ਹੰਕਾਰ ਨੂੰ ਕੋਈ ਥਾਂ ਨਹੀਂ ਹੈ ਗੁਰੂ ਘਰ ਨਿਤਾਣਿਆਂ, ਨਿਮਾਣਿਆ, ਨਿਥਾਵਿਆਂ ਨੂੰ ਵੀ ਮਾਣ ਬਖਸ਼ਦਾ ਹੈ। ਉਨ੍ਹਾਂ ਕਿਹਾ ਸੰਗਤ ਵਿੱਚ ਗੁਰੂ ਵਸਦਾ ਹੈ ਤੇ ਸੰਗਤ ਹੀ ਫੈਸਲਾ ਕਰਦੀ ਹੈ ਕਿ ਸਾਡਾ ਧਾਰਮਿਕ ਤੇ ਸਿਆਸੀ ਆਗੂ ਕੌਣ ਹੋਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹਰ ਫੈਸਲੇ ਦਾ ਹਰੇਕ ਸਿੱਖ ਨੂੰ ਸਿਰ ਝੁਕਾ ਕੇ ਸਤਿਕਾਰ ਨਾਲ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਹੋਏ ਫੈਸਲੇ ਦਾ ਇਨ ਬਿਨ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਜੋ ਵਰਤਾਰਾ ਵਰਤ ਰਿਹਾ ਹੈ ਉਸ ਨਾਲ ਸਮੂਹ ਸਿੱਖ ਜਗਤ ਦੇ ਹਿਰਦਿਆਂ ਨੂੰ ਠੇਸ ਪੁਜੀ ਹੈ। ਸ਼੍ਰੋਮਣੀ ਕਮੇਟੀ ਤੇ ਕਾਬਜ ਸਿਆਸੀ ਜਮਾਤ ਤਖ਼ਤਾਂ ਦੇ ਜਥੇਦਾਰਾਂ ਸਾਹਿਬਾਨਾਂ ਨਾਲ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਜ ਰਹੀ ਹੈ ਉਸ ਨਾਲ ‘ਇੱਕ ਹੋ ਗਈ ਕਮਲੀ, ਦੂਜੀ ਪੈ ਗਈ ਸਿਵਿਆਂ ਦੇ ਰਾਹ’ ਜਾਂ ਤਾਲੋ ਖੁੰਝੀ ਡੂਮਣੀ ਬੋਲੇ ਆਲ ਪਤਾਲ’ ਵਰਗਾ ਮਾਹੌਲ ਬਣਦਾ ਜਾ ਰਿਹਾ ਹੈ। ਹੱਕ ਸੱਚ ਦੀ ਅਵਾਜ਼ ਨੂੰ ਜ਼ਬਰੀ ਨਹੀਂ ਦਬਾਇਆ ਜਾ ਸਕਦਾ। ਸਮੁੱਚਾ ਖਾਲਸਾ ਪੰਥ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਾਜੇ ਮੀਰੀ ਪੀਰੀ ਦੇ ਸਰਵਉਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਅਦੇਸ਼, ਸੰਦੇਸ਼ ਅਤੇ ਹੁਕਮ ਦੀ ਪਾਲਣਾ ਕਰਦਾ ਆਇਆ ਹੈ ਤੇ ਕਰੇਗਾ। ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜਥੇਦਾਰ ਸਾਹਿਬਾਨ ਬੁੱਢਾ ਦਲ ਦੇ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਦੇ ਕਿਰਦਾਰ ਦੀ ਪਾਲਣਾ ਕਰਨ, ਕਿਸੇ ਆਗੂ ਜਾਂ ਇੱਕ ਜਮਾਤ ਦੇ ਹੱਥ ਠੋਕਾ ਨਾ ਬਨਣ, ਗੁਰਮਰਯਾਦਾ, ਸਿੱਖ ਸਿਧਾਂਤ ਤੇ ਨਿਰਡਰ ਹੋ ਕੇ ਪਹਿਰਾ ਦੇਣ। ਸਮੁੱਚਾ ਸਿੱਖ ਜਗਤ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ।