ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਮ ਪਿਤਾ ਸਾਹਿਬ ਏ ਕਮਾਲ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।
ਇਸ ਮੌਕੇ ਕਮੇਟੀ ਦੇ ਪ੍ਰਬੰਧ ਅਧੀਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਗੁਰਮਤਿ ਦੀਵਾਨ ਸਜਾਏ ਗਏ ਤੇ ਮੁੱਖ ਸਮਾਗਮ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਹੋਇਆ ਜਿਥੇ ਕੀਰਤਨ ਜੱਥਿਆਂ ਨੇ ਗੁਰੂ ਕੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਤੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਇਤਿਹਾਸ ਨਾਲ ਜੋੜਨ ਦਾ ਯਤਨ ਕੀਤਾ।
ਇਸ ਮੌਕੇ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ, ਧਰਮ ਪ੍ਰਚਾਰ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਸਾਹਿਬਜ਼ਾਦਿਆਂ ਨੂੰ ਸ਼ਹਾਦਤਾਂ ਦੀ ਗੁੜਤੀ ਆਪਣੇ ਦਾਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਗੁੜਤੀ ਵਿਚ ਮਿਲੀ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੇ ਇਸ ਦੇਸ਼ ਦਾ ਨਵਾਂ ਇਤਿਹਾਸ ਰਚਿਆ ਤੇ ਇਸ ਦੇਸ਼ ਵਿਚ ਅਮਨ ਸ਼ਾਂਤੀ ਬਰਕਰਾਰ ਰੱਖੀ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਚਾਰਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਕੇ ਇਹ ਦੱਸਿਆ ਕਿ ਸਿੱਖ ਕੌਮ ਸ਼ਹਾਦਤਾਂ ਦੇ ਕੇ ਵੀ ਮਨੁੱਖਤਾ ਨਾਲ ਖੜ੍ਹੀ ਹੁੰਦੀ ਹੈ।
ਉਹਨਾਂ ਕਿਹਾ ਕਿ ਪਰਸੋਂ ਰੋਜ਼ ਤੋਂ ਪਰਿਵਾਰ ਵਿਛੋੜੇ ਦਾ ਸ਼ਹੀਦੀ ਦਿਹਾੜਾ ਮਨਾਉਣ ਦੀ ਸ਼ੁਰੂਆਤ ਹੋਈ ਹੈ ਤੇ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਇਹ ਸ਼ਹੀਦੀ ਸਪਤਾਹ ਪੂਰਾ ਹੋਵੇਗਾ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਕਿਹਾ ਕਿ ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ। ਇਸ ਤਰੀਕੇ ਗੁਰੂ ਸਾਹਿਬ ਨੇ ਕੌਮ ਤੇ ਮਨੁੱਖਤਾ ਵਾਸਤੇ ਆਪਣੇ ਸਾਹਿਬਜ਼ਾਦੇ ਕੁਰਬਾਨ ਕਰਨ ਤੋਂ ਵੀ ਪੈਰ ਪਿਛਾਂਹ ਨਹੀਂ ਖਿੱਚੇ।
ਉਹਨਾਂ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਉਹਨਾਂ ਨੂੰ ਗੁਰੂ ਵਾਲੇ ਬਣਾਈਏ ਤਾਂ ਹੀ ਅਸੀਂ ਗੁਰਸਿੱਖੀ ਜੀਵਨ ਵਿਚ ਸਫਲ ਹੋਵਾਂਗੇ। ਉਹਨਾਂ ਕਿਹਾ ਕਿ ਬੱਚਿਆਂ ਨੂੰ ਗੁਰਸਿੱਖੀ ਜੀਵਨ ਨਾਲ ਜੋੜਨ ਵਾਸਤੇ ਸਭ ਤੋਂ ਵੱਡੀ ਭੂਮਿਕਾ ਮਾਂ ਦੀ ਹੁੰਦੀ ਹੈ ਪਰ ਨਾਲ ਹੀ ਜ਼ਿੰਮੇਵਾਰੀ ਪਿਓ ਦੀ ਵੀ ਹੁੰਦੀ ਹੈ। ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਗੁਰਮਤਿ ਦੇ ਕੈਂਪ ਲਗਾਉਣ ਸਮੇਤ ਅਨੇਕਾਂ ਯਤਨ ਕਰ ਰਹੀ ਹੈ ਕਿ ਬੱਚੇ ਗੁਰਮਤਿ ਨਾਲ ਜੁੜਨ। ਉਹਨਾਂ ਕਿਹਾ ਕਿ ਜਦੋਂ ਬੱਚੇ ਗੁਰਮਤਿ ਜੀਵਨ ਨਾਲ ਜੁੜ ਗਏ ਤਾਂ ਫਿਰ ਕਦੇ ਵੀ ਨਸ਼ਿਆਂ ਵੱਲ ਰੁਖ਼ ਨਹੀਂ ਕਰਨਗੇ ਤੇ ਨਾ ਹੀ ਪਤਿਤਪੁਣੇ ਵੱਲ ਮੂੰਹ ਕਰਨਗੇ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਪਤਿਤਪੁਣੇ ਤੇ ਨਸ਼ਿਆਂ ਦੀ ਲਹਿਰ ਪੰਜਾਬ ਤੋਂ ਸ਼ੁਰੂ ਹੋਈ ਹੈ ਪਰ ਦਿੱਲੀ ਵਿਚ ਦਿੱਲੀ ਗੁਰਦੁਆਰਾ ਕਮੇਟੀ ਨੌਜਵਾਨਾਂ ਨੂੰ ਗੁਰਸਿੱਖੀ ਜੀਵਨ ਨਾਲ ਜੋੜਨ ਵਾਸਤੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਣ ਦੀ ਸ਼ੁਰੂਆਤ ਕੀਤੀ ਹੈ ਤੇ ਜਿਸ ਧਰਮ ਤੇ ਜਿਸ ਕੌਮ ਲਈ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ, ਉਹਨਾਂ ਨੂੰ ਗੁਰੂ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਸਾਡਾ ਟੀਚਾ ਹੈ।