ਨਵੀਂ ਦਿੱਲੀ -ਗੁਰਬਾਣੀ ਰਿਸਰਚ ਫਾਉਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੋਸਾਇਟੀ ਵਲੋਂ ਗੁਰਦੁਆਰਾ ਸਾਹਿਬ ਰਾਮਗੜੀਆ ਸ਼ਿਵ ਨਗਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬਜਾਦਿਆਂ ਵਲੋਂ ਦਿੱਤੀ ਗਈ ਅਦੁੱਤੀ ਸ਼ਹਾਦਤ ਦੀ ਯਾਦ ਵਿਚ ਵਿਸ਼ੇਸ਼ ਕੀਰਤਨ ਦਰਬਾਰ ਸਜਾਏ ਗਏ । ਇਸ ਮੌਕੇ ਪੰਥ ਦੇ ਪ੍ਰਸਿੱਧ ਰਾਗੀ ਜਥੇਆਂ ਨੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਜਿਨ੍ਹਾਂ ਵਿਚ ਭਾਈ ਜਗਪ੍ਰੀਤ ਸਿੰਘ ਖੰਨੇ ਵਾਲੇ, ਭਾਈ ਬਿੰਦਰ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਭਾਈ ਅਮਰਜੀਤ ਸਿੰਘ ਪਟਿਆਲਾ ਨੇ ਉਚੇਚੇ ਤੌਰ ਤੇ ਹਾਜ਼ਿਰੀ ਭਰੀ ਸੀ । ਇਸ ਮੌਕੇ ਸੰਸਥਾ ਵਲੋਂ ਐਜੂਕੇਸ਼ਨ ਲੰਗਰ ਲਗਾ ਕੇ ਬੱਚਿਆਂ ਨੂੰ ਕਾਪੀਆਂ, ਰਜਿਸਟਰ, ਪੈਨ ਅਤੇ ਪੈਨਸਿਲ ਵੰਡ ਕੇ ਉਨ੍ਹਾਂ ਨੂੰ ਪੜਨ ਲਈ ਪ੍ਰੇਰਿਤ ਕੀਤਾ ਗਿਆ।
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਦੇ ਸਾਬਕਾ ਮੁੱਖ ਸੇਵਾਦਾਰ, ਗੁਰਬਾਣੀ ਰਿਸਰਚ ਫਾਉਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੋਸਾਇਟੀ ਦੇ ਚੇਅਰਮੈਨ ਪੰਥਕ ਆਗੂ ਸਰਦਾਰ ਪਰਮਜੀਤ ਸਿੰਘ ਵੀਰਜੀ ਜਿਨ੍ਹਾਂ ਵਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਸੀ ਨੇ ਦਸਿਆ ਕਿ ਸਿੱਖ ਵਿਰਾਸਤ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਸ ਤਿਆਗ ਨੂੰ ਯਾਦ ਰੱਖਣ ਲਈ ਸਿੱਖ ਕੌਮ ਵੱਲੋਂ ਹਰ ਸਾਲ ਸ਼ਹੀਦੀ ਯਾਦਗਾਰ ਅਤੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਹਨ। ਸਿੱਖ ਇਤਿਹਾਸ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਇੱਕ ਮਹਾਨ ਅਧਿਆਇ ਹੈ ਜੋ ਤਿਆਗ ਅਤੇ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਦਾ ਪ੍ਰਤੀਕ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਨੇ ਆਪਣੇ ਧਰਮ ਦੀ ਰੱਖਿਆ ਲਈ ਆਪਣੀਆਂ ਜ਼ਿੰਦਗੀਆਂ ਕੁਰਬਾਨ ਕੀਤੀਆਂ। ਇਹ ਘਟਨਾਵਾਂ ਸਾਡੇ ਲਈ ਸਿਰਫ਼ ਇੱਕ ਇਤਿਹਾਸ ਨਹੀਂ ਸਗੋਂ ਸਾਡੇ ਲਈ ਮਾਰਗਦਰਸ਼ਕ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਸਿੱਖ ਪਰਿਵਾਰਾਂ ਵਿੱਚ ਪੱਛਮ ਦੀ ਕਲਚਰਰ ਨੂੰ ਅਪਨਾਉਣ ਦਾ ਰੁਝਾਨ ਵੱਧਣ ਨਾਲ ਆਧੁਨਿਕਤਾ ਦਾ ਪ੍ਰਭਾਵ ਜਿਆਦਾ ਹੋ ਗਿਆ ਹੈ ਜਿਸ ਕਰਕੇ ਸਿੱਖ ਇਤਿਹਾਸ ਦੀ ਸਿੱਖਿਆ ਜੋ ਕਦੇ ਸਿੱਖਿਆ ਪ੍ਰਣਾਲੀ ਦਾ ਅਭਿੰਨ ਭਾਗ ਸੀ. ਹੁਣ ਬਹੁਤ ਘੱਟ ਸਿਖਾਈ ਜਾ ਰਹੀ ਹੈ। ਜਿਸ ਕਰਕੇ ਅਸੀ ਸਿੱਖ ਇਤਿਹਾਸ ਅਤੇ ਧਰਮ ਦੇ ਮੁੱਢਲੇ ਸਿਧਾਂਤਾਂ ਤੋਂ ਦੂਰ ਜਾ ਰਹੇ ਹਨ। ਸਕੂਲ ਅਤੇ ਪਾਠਕ੍ਰਮਾਂ ਵਿੱਚ ਵੀ ਸਿੱਖਾਂ ਦੇ ਇਤਿਹਾਸਕ ਤੱਥਾਂ ਨੂੰ ਵੱਧ ਤਰਜੀਹ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਸਿੱਖ ਵਿਦਿਆਰਥੀਆਂ ਨੂੰ ਇਹ ਜਾਨਕਾਰੀ ਪੂਰੀ ਤਰ੍ਹਾਂ ਨਹੀਂ ਮਿਲ ਪਾ ਰਹੀ ਹੈ । ਸਿੱਖ ਪੰਥ ਦੀ ਵਿਰਾਸਤ ਸਿਰਫ ਪੁਰਾਣੀ ਕਹਾਣੀਆਂ ਨਹੀਂ ਹਨ. ਇਹ ਸਾਡੇ ਆਗਾਮੀ ਲਈ ਮਿਸਾਲਾਂ ਹਨ। ਜੇਕਰ ਅਸੀਂ ਆਪਣੇ ਸ਼ਹੀਦਾਂ ਅਤੇ ਉਹਨਾਂ ਦੀ ਵਿਰਾਸਤ ਨੂੰ ਭੁੱਲ ਗਏ, ਤਾਂ ਅਸੀਂ ਆਪਣੀ ਪਹਿਚਾਣ ਵੀ ਗੁਆ ਦੇਵਾਂਗੇ। ਇਸ ਲਈ ਹਾਲੇ ਵੀ ਸਮਾਂ ਹੈ ਕਿ ਅਸੀਂ ਆਪਣੇ ਮੂਲਾਂ ਨੂੰ ਮਜ਼ਬੂਤ ਕਰੀਏ ਅਤੇ ਆਪਣੀ ਅਮੀਰ ਵਿਰਾਸਤ ਨੂੰ ਸੁਰੱਖਿਅਤ ਕਰੀਏ।