ਨਵੀਂ ਦਿੱਲੀ -ਚਾਰ ਸਾਹਿਬਜਾਦਿਆਂ ਦੀ ਲਾਸ਼ਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਰਾਜੋਰੀ ਗਾਰਡਨ ਵਿਖ਼ੇ ਨਿੱਕੇ ਨਿੱਕੇ ਬੱਚਿਆਂ ਨੂੰ ਉਨ੍ਹਾਂ ਦੇ ਸੁਨਹਿਰੀ ਇਤਿਹਾਸ ਨਾਲ ਜੋੜਨ ਲਈ ਇੰਦਰਪ੍ਰੀਤ ਸਿੰਘ ਮੌਂਟੀ ਜੋ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਨੌਜੁਆਨ ਮੈਂਬਰ ਅਤੇ ਸਮਾਜ ਸੇਵੀ ਹਨ ਵਲੋਂ ਜਪਤਪ ਸਮਾਗਮ ਕਰਵਾ ਕੇ ਸੰਗਤਾਂ ਨੂੰ ਗੁਰੂਘਰ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ । ਇਸ ਮੌਕੇ ਬੱਚਿਆਂ ਨੇ ਆਪਣੇ ਹੱਥੀਂ 35 ਅੱਖਰੀ ਲਿਖਣ ਦੇ ਨਾਲ ਸਾਹਿਬਜਾਦਿਆਂ ਦੇ ਚਿੱਤਰ ਬਣਾਏ ਸਨ । ਚਿੱਤਰਕਾਰੀ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ । ਇਸ ਮੌਕੇ ਗੁਰਦੁਆਰਾ ਸਾਹਿਬ ਵਿਖ਼ੇ ਕੀਰਤਨ ਦਰਬਾਰ ਅਤੇ ਗੁਰਬਾਣੀ ਕਥਾ ਦਾ ਵੀ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਸ ਵਿਚ ਰਾਗੀ ਵਰਿੰਦਰ ਸਿੰਘ ਅਤੇ ਗੁਰਮਤਿ ਵਿਚਾਰਾਂ ਨਾਲ ਕਥਾਵਾਚਕ ਗਿਆਨੀ ਸੁਖਜੀਤ ਸਿੰਘ ਨੇ ਸ਼ਹੀਦੀ ਦਿਹਾੜਿਆਂ ਦਾ ਲਹੂ ਭਿੱਜਿਆ ਇਤਿਹਾਸ ਸਰਵਣ ਕਰਵਾ ਕੇ ਉਨ੍ਹਾਂ ਨੂੰ ਸ਼ਹੀਦੀ ਦਿਹਾੜਿਆਂ ਦੀ ਮਹੱਤਤਾ ਦਸੀ । ਇਸ ਮੌਕੇ ਇੰਦਰਪ੍ਰੀਤ ਸਿੰਘ ਮੌਂਟੀ ਨੇ ਕਿਹਾ ਕਿ ਸੰਗਤਾਂ ਨੂੰ ਸ਼ਹੀਦੀ ਦਿਹਾੜੇ ਮੌਕੇ ਨਸ਼ੇ ਅਤੇ ਹੋਰ ਵਿਕਾਰਮਈ ਵਸਤੂਆਂ ਤੋਂ ਬਚਦੇ ਹੋਏ ਵੱਧ ਤੋਂ ਵੱਧ ਸਮਾਂ ਨਿਕਾਲ ਕੇ ਗੁਰੂ ਜਸ ਨਾਲ ਜੁੜਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇੰਨ੍ਹਾ ਦਿਨਾਂ ਅੰਦਰ ਸਾਨੂੰ ਖੁਸ਼ੀ ਦੇ ਪ੍ਰੋਗਰਾਮਾਂ ਤੋਂ ਬਚਦਿਆਂ ਅਕਾਲ ਤਖਤ ਤੋਂ ਜਾਰੀ ਆਦੇਸ਼ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਕਿ ਇਹ ਓਹ ਦਿਹਾੜੇ ਹਨ ਜਦੋ ਸਰਬੰਸਦਾਨੀ ਦਸਮ ਪਾਤਸ਼ਾਹ ਨੇ ਮਜ਼ਲੂਮਾਂ ਲਈ ਪਰਿਵਾਰ ਵਾਰ ਦਿੱਤਾ ਸੀ । ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਅਸੀ ਉਨ੍ਹਾਂ ਵਲੋਂ ਦੱਸੇ ਰਾਹ ਤੇ ਚਲਦੇ ਹੋਏ ਆਪਣਾ ਜੀਵਨ ਸਫਲ ਕਰਣ ਦਾ ਉਦਮ ਕਰੀਏ ।