ਨਵੀਂ ਦਿੱਲੀ - ਆਗਰਾ ਦੀ ਵਿਸ਼ੇਸ਼ ਅਦਾਲਤ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੇ ਖਿਲਾਫ ਦਾਇਰ ਮਾਮਲੇ ਵਿੱਚ ਨਿਊ ਆਗਰਾ ਪੁਲਿਸ ਸਟੇਸ਼ਨ ਤੋਂ ਰਿਪੋਰਟ ਮੰਗੀ ਹੈ। ਇਹ ਮਾਮਲਾ ਕੰਗਨਾ ਵੱਲੋਂ ਕਿਸਾਨਾਂ ਦੇ ਵਿਰੋਧ 'ਤੇ ਕੀਤੀ ਗਈ ਟਿੱਪਣੀ ਨਾਲ ਜੁੜਿਆ ਹੋਇਆ ਹੈ। ਕੰਗਨਾ 'ਤੇ ਦੋਸ਼ ਹੈ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਇਕ ਬਿਆਨ ਦੇ ਕੇ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ 'ਕਾਤਲ, ਬਲਾਤਕਾਰੀ ਅਤੇ ਵੱਖਵਾਦੀ' ਕਿਹਾ ਸੀ। ਇਸ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਐਡਵੋਕੇਟ ਰਮਾ ਸ਼ੰਕਰ ਸ਼ਰਮਾ ਨੇ 11 ਸਤੰਬਰ 2024 ਨੂੰ ਵਿਸ਼ੇਸ਼ ਅਦਾਲਤ 'ਚ ਸੰਸਦ ਮੈਂਬਰ-ਵਿਧਾਇਕ ਕੰਗਨਾ ਦੇ ਖਿਲਾਫ ਦੇਸ਼ਧ੍ਰੋਹ ਅਤੇ ਦੇਸ਼ ਦਾ ਅਪਮਾਨ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਸੀ। ਅਦਾਲਤ ਨੇ ਨਿਊ ਆਗਰਾ ਪੁਲਿਸ ਸਟੇਸ਼ਨ ਨੂੰ ਗਵਾਹਾਂ, ਸਬੂਤਾਂ ਅਤੇ ਬਿਆਨਾਂ ਦੀ ਜਾਂਚ ਕਰਨ ਅਤੇ 20 ਦਿਨਾਂ ਦੇ ਅੰਦਰ ਰਿਪੋਰਟ ਦੇਣ ਦਾ ਹੁਕਮ ਦਿੱਤਾ ਹੈ । ਇਸ ਤੋਂ ਬਾਅਦ ਅਦਾਲਤ ਫੈਸਲਾ ਲਵੇਗੀ। 29 ਜਨਵਰੀ ਨੂੰ ਥਾਣਾ ਨਿਊ ਆਗਰਾ ਦੀ ਪੁਲਿਸ ਅਦਾਲਤ 'ਚ ਰਿਪੋਰਟ ਪੇਸ਼ ਕਰੇਗੀ ਅਤੇ 8 ਫਰਵਰੀ ਨੂੰ ਅਦਾਲਤ ਆਪਣਾ ਫੈਸਲਾ ਸੁਣਾਏਗੀ। ਇਸ ਮਾਮਲੇ 'ਚ ਕੰਗਨਾ ਰਣੌਤ ਕਈ ਵਾਰ ਅਦਾਲਤ ਅੰਦਰ ਪੇਸ਼ ਹੋਣ ਦੇ ਹੁਕਮਾਂ ਦੇ ਬਾਵਜੂਦ ਅਜੇ ਤੱਕ ਅਦਾਲਤ 'ਚ ਪੇਸ਼ ਨਹੀਂ ਹੋਈ ਹੈ, ਜਿਸ ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।
ਜਿਕਰਯੋਗ ਹੈ ਕਿ ਲੱਖਾਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ
ਪਟੀਸ਼ਨ ਦਾਇਰ ਕਰਨ ਵਾਲੇ ਐਡਵੋਕੇਟ ਰਮਾਸ਼ੰਕਰ ਸ਼ਰਮਾ ਦਾ ਕਹਿਣਾ ਹੈ ਕਿ ਮੈਂ ਵੀ ਕਿਸਾਨ ਪਰਿਵਾਰ ਨਾਲ ਸਬੰਧਤ ਹਾਂ ਅਤੇ ਮੈਂ ਕਰੀਬ 30 ਸਾਲ ਖੇਤੀ ਵੀ ਕੀਤੀ ਹੈ । ਮੈਂ ਕਿਸਾਨਾਂ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਸਤਿਕਾਰ ਕਰਦਾ ਹਾਂ। ਕੰਗਨਾ ਨੇ ਸਾਡੀਆਂ ਭਾਵਨਾਵਾਂ ਅਤੇ ਲੱਖਾਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਸ ਨੇ ਦੱਸਿਆ ਕਿ 31 ਅਗਸਤ ਨੂੰ ਉਸ ਨੇ ਪੁਲਿਸ ਕਮਿਸ਼ਨਰ ਅਤੇ ਨਿਊ ਆਗਰਾ ਪੁਲਸ ਸਟੇਸ਼ਨ ਨੂੰ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਸੀ।