ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋ ਕੇ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੈਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਦੀ ਅਗਵਾਈ ਹੇਠ ਦਸਤਾਰ ਮੁਕਾਬਲੇ ਕਰਵਾਏ ਗਏ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਤੇ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਅੱਜ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਨੇ ਬਹੁਤ ਹੀ ਚੰਗਾ ਉਪਰਾਲਾ ਕੀਤਾ ਹੈ। ਉਹਨਾਂ ਕਿਹਾ ਕਿ ਦਸਤਾਰ ਸਾਡੀ ਦੁਨੀਆਂ ਭਰ ਵਿਚ ਪਛਾਣ ਹੈ ਅਤੇ ਗੁਰਬਾਣੀ ਦਾ ਉਪਦੇਸ਼ ਹੈ ਕਿ ’’ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ..।’’ ਉਹਨਾਂ ਕਿਹਾ ਕਿ ਸਿੱਖੀ ਦੀ ਇਹੋ ਪਛਾਣ ਹੈ ਕਿ ਦੁਨੀਆਂ ਭਰ ਵਿਚ ਅਸੀਂ ਆਪਣੀ ਦਸਤਾਰ ਨਾਲ ਜਾਣੇ ਜਾਂਦੇ ਹਾਂ। ਉਹਨਾਂ ਕਿਹਾ ਕਿ ਖਾਲਸੇ ਦੀ ਪਛਾਣ ਦਸਤਾਰ ਨਾਲ ਹੀ ਹੁੰਦੀ ਹੈ।
ਉਹਨਾਂ ਕਿਹਾ ਕਿ ਇਸ ਇਤਿਹਾਸਕ ਤੇ ਪਵਿੱਤਰ ਦਿਹਾੜੇ ’ਤੇ ਇਸ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹਾਂ ਕਿ ਇਹ ਬਹੁਤ ਵੱਡਾ ਮੌਕਾ ਹੈ ਜੋ ਸਿੱਖ ਨੌਜਵਾਨਾਂ ਨੂੰ ਆਪਣੇ ਪੁਰਾਤਨ ਵਿਰਸੇ ਤੇ ਇਤਿਹਾਸ ਨਾਲ ਜੋੜਦਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਆਪਣੇ ਵਿਰਸੇ ਤੇ ਇਤਿਹਾਸ ਨਾਲ ਜੁੜੇ ਰਹਾਂਗੇ ਤਾਂ ਹੀ ਅਸੀਂ ਸਿੱਖੀ ਤੇ ਗੁਰਸਿੱਖੀ ਜੀਵਨ ਜਾਚ ਨੂੰ ਆਪਣੀ ਅਗਲੀ ਪੀੜੀ ਤੱਕ ਸੰਭਾਲ ਸਕਾਂਗੇ। ਸਰਦਾਰ ਕਾਲਕਾ ਤੇ ਸਰਦਾਰ ਕਾਹਲੋ ਨੇ ਕਿਹਾ ਕਿ ਇਹ ਬਹੁਤ ਹੀ ਸੁਭਾਗਾ ਮੌਕਾ ਹੈ ਕਿ ਅਸੀਂ ਅਜਿਹੇ ਕਾਰਜ ਕਰ ਰਹੇ ਹਾਂ। ਇਸ ਲਈ ਕਮੇਟੀ ਦਾ ਧਰਮ ਪ੍ਰਚਾਰ ਵਿੰਗ ਵਿਸ਼ੇਸ਼ ਤੌਰ ’ਤੇ ਵਧਾਈ ਦਾ ਪਾਤਰ ਹੈ ਜੋ ਅਜਿਹੇ ਉਪਰਾਲੇ ਕਰ ਰਿਹਾ ਹੈ।