ਮਾਨਸਾ-ਸੱਤ ਸਾਲ ਪਹਿਲਾਂ, ਅਸੀਂ 2018 ਵਿੱਚ ਖੇਲੋ ਇੰਡੀਆ ਸਕੂਲ ਗੇਮਜ਼ (ਕੇਆਈਐੱਸਜੀ) ਦੀ ਸ਼ੁਰੂਆਤ ਨਾਲ ਇੱਕ ਅੰਦੋਲਨ ਨੂੰ ਜਗਾਇਆ ਸੀ। ਅੱਜ, ਜਦੋਂ ਮੈਂ ਵੇਖਦਾ ਹਾਂ ਕਿ ਅਸੀਂ ਕਿੰਨੀ ਦੂਰ ਆ ਗਏ ਹਾਂ, ਤਾਂ ਮੈਨੂੰ ਬਹੁਤ ਮਾਣ ਹੁੰਦਾ ਹੈ - ਨਾ ਸਿਰਫ਼ ਸਾਡੇ ਜਿੱਤੇ ਗਏ ਤਗਮਿਆਂ ਲਈ, ਸਗੋਂ ਇਸ ਲਈ ਵੀ ਕਿ ਖੇਲੋ ਇੰਡੀਆ ਨੇ ਸਾਡੇ ਦੇਸ਼ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਕਿਵੇਂ ਬਦਲ ਦਿੱਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਸੰਕਲਪਿਤ, ਖੇਲੋ ਇੰਡੀਆ ਕਦੇ ਵੀ ਸਿਰਫ਼ ਤਗਮੇ ਜਿੱਤਣ ਬਾਰੇ ਨਹੀਂ ਸੀ - ਇਹ ਖੇਡਾਂ ਲਈ ਇੱਕ ਦੇਸ਼ ਵਿਆਪੀ ਲਹਿਰ ਨੂੰ ਜਗਾਉਣ, ਇੱਕ ਅਜਿਹੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਬਾਰੇ ਸੀ, ਜਿੱਥੇ ਹਰ ਬੱਚੇ ਨੂੰ ਖੇਡਣ ਅਤੇ ਸਮੁੱਚੇ ਤੌਰ 'ਤੇ ਵਿਕਸਤ ਹੋਣ ਦਾ ਮੌਕਾ ਮਿਲੇ। ਅੱਜ, ਇਹ ਅੰਦੋਲਨ ਖੇਲੋ ਇੰਡੀਆ ਗੇਮਜ਼ ਦੇ 16 ਐਡੀਸ਼ਨਾਂ ਵਿੱਚ ਫੈਲੇ ਹੋਏ ਇੱਕ ਬਹੁ-ਪੱਖੀ ਰਾਸ਼ਟਰੀ ਪ੍ਰੋਗਰਾਮ ਵਿੱਚ ਵਿਕਸਤ ਹੋ ਗਿਆ ਹੈ, ਜੋ ਇੱਕ ਅਜਿਹਾ ਈਕੋਸਿਸਟਮ ਬਣਾਉਂਦਾ ਹੈ ਜੋ ਨੌਜਵਾਨ ਪ੍ਰਤਿਭਾ ਦਾ ਪੋਸ਼ਣ ਕਰਦਾ ਹੈ, ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਬਣਾਉਂਦਾ ਹੈ, ਅਤੇ ਖੇਡਾਂ ਵਿੱਚ ਸਮਾਵੇਸ਼ ਨੂੰ ਉਤਸ਼ਾਹਿਤ ਕਰਦਾ ਹੈ - ਜੋ ਕਿ ਭਾਰਤ ਨੂੰ ਇੱਕ ਮੋਹਰੀ ਵਿਸ਼ਵ ਖੇਡ ਰਾਸ਼ਟਰ ਬਣਨ ਦੇ ਅਭਿਲਾਸ਼ੀ ਟੀਚੇ ਦੀ ਬੁਨਿਆਦ ਰੱਖਦਾ ਹੈ।
ਪਹਿਲੀਆਂ ਖੇਲੋ ਇੰਡੀਆ ਸਕੂਲ ਗੇਮਜ਼ (ਕੇਆਈਐੱਸਜੀ) ਨੇ ਭਾਰਤ ਦੇ ਜ਼ਮੀਨੀ ਪੱਧਰ 'ਤੇ ਖੇਡ ਕ੍ਰਾਂਤੀ ਦੀ ਦਿਸ਼ਾ ਤੈਅ ਕੀਤੀ। ਸਕੂਲ-ਪੱਧਰੀ ਮੁਕਾਬਲਿਆਂ ਵਿੱਚ ਅਥਾਹ ਸੰਭਾਵਨਾ ਨੂੰ ਪਛਾਣਦਿਆਂ, ਕੇਆਈਐੱਸਜੀ ਨੇ ਨੌਜਵਾਨ ਐਥਲੀਟਾਂ ਲਈ ਅੰਤਰ-ਸਕੂਲ ਮੁਕਾਬਲਿਆਂ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਸਮਾਗਮਾਂ ਵਿੱਚ ਤਬਦੀਲੀ ਲਈ ਇੱਕ ਢਾਂਚਾਗਤ ਮਾਰਗ ਤਿਆਰ ਕੀਤਾ। ਪਿਛਲੇ ਕੁਝ ਸਾਲਾਂ ਦੌਰਾਨ, ਇਸ ਪਹਿਲਕਦਮੀ ਨੇ ਹਜ਼ਾਰਾਂ ਐਥਲੀਟਾਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਦਾ ਪੋਸ਼ਣ ਕੀਤਾ ਹੈ, ਜਿਨ੍ਹਾਂ ਵਿੱਚੋਂ ਕੁਝ ਓਲੰਪਿਕ ਅਤੇ ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਇਸ ਪ੍ਰਣਾਲੀ ਦੀ ਸਭ ਤੋਂ ਵੱਡੀ ਉਦਾਹਰਣ ਖੇਲ ਰਤਨ ਪੁਰਸਕਾਰ ਜੇਤੂ ਮਨੂ ਭਾਕਰ ਹੈ, ਜੋ ਸਕੂਲ ਖੇਡਾਂ ਤੋਂ ਯੂਨੀਵਰਸਿਟੀ ਖੇਡਾਂ ਤੱਕ ਅੱਗੇ ਵਧੀ ਅਤੇ ਪੈਰਿਸ ਓਲੰਪਿਕ ਵਿੱਚ ਦੋਹਰਾ ਕਾਂਸੇ ਦਾ ਤਗਮਾ ਜੇਤੂ ਬਣੀ।
ਕੇਆਈਐੱਸਜੀ ਦੇ ਖੇਲੋ ਇੰਡੀਆ ਗੇਮਜ਼ ਦੇ ਵਿਸ਼ਾਲ ਢਾਂਚੇ ਵਿੱਚ ਵਿਸਥਾਰ ਨਾਲ, ਜ਼ਮੀਨੀ ਪੱਧਰ 'ਤੇ ਪ੍ਰਤਿਭਾ ਦੀ ਪਛਾਣ ਮਜ਼ਬੂਤ ਹੋਈ ਹੈ। ਸਕੂਲ ਕੱਚੀ ਪ੍ਰਤਿਭਾ ਲਈ ਸਭ ਤੋਂ ਵਧੀਆ ਸਥਾਨ ਹਨ ਅਤੇ ਖੇਲੋ ਇੰਡੀਆ ਨੇ ਇਹ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਕਿ ਇਨ੍ਹਾਂ ਨੌਜਵਾਨ ਐਥਲੀਟਾਂ ਨੂੰ ਵਿਸ਼ਵ ਪੱਧਰੀ ਸਿਖਲਾਈ, ਬੁਨਿਆਦੀ ਢਾਂਚਾ ਅਤੇ ਪ੍ਰਦਰਸ਼ਨ ਦਾ ਮੌਕਾ ਮਿਲੇ। ਅੱਜ, ਖੇਲੋ ਇੰਡੀਆ ਦੇ ਸਕੂਲ ਅਤੇ ਯੂਨੀਵਰਸਿਟੀ ਪੱਧਰ ਦੇ ਚੈਂਪੀਅਨ ਉੱਤਮ ਪੱਧਰ 'ਤੇ ਤਗਮੇ ਜਿੱਤ ਰਹੇ ਹਨ, ਜੋ ਕਿ ਪ੍ਰੋਗਰਾਮ ਦੀ ਪ੍ਰਭਾਵਸ਼ੀਲਤਾ ਦਾ ਸਬੂਤ ਹੈ। ਆਪਣੀ ਸ਼ੁਰੂਆਤ ਤੋਂ ਲੈ ਕੇ, ਖੇਲੋ ਇੰਡੀਆ ਨੇ ਆਪਣੇ ਖੇਡਾਂ ਦੇ 16 ਐਡੀਸ਼ਨਾਂ ਦਾ ਆਯੋਜਨ ਕੀਤਾ ਹੈ, ਜਿਸ ਵਿੱਚ ਛੇ ਯੂਥ ਗੇਮਜ਼, ਚਾਰ ਯੂਨੀਵਰਸਿਟੀ ਗੇਮਜ਼, ਪੰਜ ਸਰਦ ਰੁੱਤ ਗੇਮਜ਼ ਅਤੇ ਇੱਕ ਪੈਰਾ ਗੇਮਜ਼ ਸ਼ਾਮਲ ਹਨ। ਹਰ ਇੱਕ ਐਡੀਸ਼ਨ ਨੇ ਭਾਰਤ ਦੇ ਖੇਡ ਦ੍ਰਿਸ਼ ਵਿੱਚ ਨਵੇਂ ਮੁਕਾਮ ਪੇਸ਼ ਕੀਤੇ ਹਨ।
ਸਕੂਲ ਗੇਮਜ਼ ਅਤੇ ਇਸ ਤੋਂ ਬਾਅਦ ਹੋਣ ਵਾਲੀਆਂ ਯੂਥ ਗੇਮਜ਼ ਹੁਣ ਨੌਜਵਾਨ ਐਥਲੀਟਾਂ ਲਈ ਪ੍ਰਮੁੱਖ ਮੁਕਾਬਲੇ ਅਤੇ ਭਾਰਤ ਦੇ ਭਵਿੱਖ ਦੇ ਓਲੰਪੀਅਨਾਂ ਲਈ ਇੱਕ ਮਹੱਤਵਪੂਰਨ ਪ੍ਰਤਿਭਾ-ਪਛਾਣ ਪ੍ਰੋਗਰਾਮ ਬਣ ਗਈਆਂ ਹਨ। ਇਸ ਵਿਸਥਾਰ ਨੇ ਵੱਖ-ਵੱਖ ਪੱਧਰਾਂ 'ਤੇ ਐਥਲੀਟਾਂ ਲਈ ਇੱਕ ਨਿਰਵਿਘਨ ਤਬਦੀਲੀ ਨੂੰ ਯਕੀਨੀ ਬਣਾਇਆ ਹੈ, ਜਿਸ ਨਾਲ ਭਾਰਤ ਦੀ ਖੇਡ ਪਾਈਪਲਾਈਨ ਨੂੰ ਮਜ਼ਬੂਤੀ ਮਿਲੀ ਹੈ।
ਖੇਲੋ ਇੰਡੀਆ ਸਿਰਫ਼ ਇੱਕ ਐਥਲੀਟ ਪਛਾਣ ਪ੍ਰੋਗਰਾਮ ਤੋਂ ਅੱਗੇ ਵਧ ਗਿਆ ਹੈ। ਇਸ ਵਿੱਚ ਹੁਣ ਕਈ ਹਿੱਸੇਦਾਰ ਸ਼ਾਮਲ ਹਨ, ਜਿਨ੍ਹਾਂ ਵਿੱਚ ਕਾਰਪੋਰੇਟ, ਰਾਜ ਸਰਕਾਰਾਂ, ਨਿੱਜੀ ਅਕਾਦਮਿਕ ਸੰਸਥਾਵਾਂ ਅਤੇ ਜ਼ਮੀਨੀ ਪੱਧਰ ਦੇ ਸੰਗਠਨ ਸ਼ਾਮਲ ਹਨ। ਨਿੱਜੀ ਖੇਤਰ ਦੀ ਭੂਮਿਕਾ ਵਿੱਚ ਕਾਫ਼ੀ ਵਾਧਾ ਹੋਇਆ ਹੈ, ਕਾਰਪੋਰੇਸ਼ਨਾਂ ਸਪਾਂਸਰਸ਼ਿਪ, ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਅਤੇ ਐਥਲੀਟ ਮੈਂਟਰਸ਼ਿਪ ਪ੍ਰੋਗਰਾਮਾਂ ਰਾਹੀਂ ਖੇਡਾਂ ਦੇ ਵਿਕਾਸ ਵਿੱਚ ਨਿਵੇਸ਼ ਕਰ ਰਹੀਆਂ ਹਨ। "ਇੱਕ ਕਾਰਪੋਰੇਟ, ਇੱਕ ਖੇਡ" ਪਹਿਲਕਦਮੀ ਸਰਕਾਰ, ਰਾਸ਼ਟਰੀ ਖੇਡ ਫੈਡਰੇਸ਼ਨਾਂ (ਐੱਨਐੱਸਐੱਫ) ਅਤੇ ਕਾਰਪੋਰੇਟ ਸੰਸਥਾਵਾਂ ਨਾਲ ਸਾਂਝੇਦਾਰੀ ਰਾਹੀਂ ਨਿਸ਼ਾਨਾਬੱਧ ਸਹਾਇਤਾ ਨੂੰ ਯਕੀਨੀ ਬਣਾ ਕੇ ਖੇਡਾਂ ਵਿੱਚ ਕਾਰਪੋਰੇਟ ਸ਼ਮੂਲੀਅਤ ਨੂੰ ਹੋਰ ਵਧਾਉਣ ਲਈ ਸ਼ੁਰੂ ਕੀਤੀ ਜਾ ਰਹੀ ਹੈ। ਰਾਜ ਸਰਕਾਰਾਂ ਨੇ ਵੀ ਪਹਿਲ ਕੀਤੀ ਹੈ, ਖੇਤਰੀ ਖੇਡ ਤਰਜੀਹਾਂ ਦੇ ਆਧਾਰ 'ਤੇ ਖੇਲੋ ਇੰਡੀਆ ਸੈਂਟਰ (ਕੇਆਈਸੀ) ਦਾ ਮਤਾ ਰੱਖਿਆ ਹੈ, ਇਹ ਯਕੀਨੀ ਬਣਾਉਂਦੇ ਹੋਏ ਕਿ ਖੇਡਾਂ ਦਾ ਵਿਕਾਸ ਸਥਾਨਕ ਲੋੜਾਂ ਦੇ ਅਨੁਸਾਰ ਹੋਵੇ। ਇਸ ਤੋਂ ਇਲਾਵਾ, ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਓਲੰਪਿਕ ਸਿਖਲਾਈ ਕੇਂਦਰ (ਓਟੀਸੀ) ਸਥਾਪਤ ਕਰਨ ਦੀਆਂ ਯੋਜਨਾਵਾਂ ਹਨ। ਇਹ ਵਿਸ਼ਵ ਪੱਧਰੀ ਉੱਚ ਪ੍ਰਦਰਸ਼ਨ ਕੇਂਦਰ ਪੈਰਾ-ਖੇਡਾਂ ਅਤੇ ਸਵਦੇਸ਼ੀ ਖੇਡਾਂ ਸਮੇਤ ਚੋਟੀ ਦੇ ਐਥਲੀਟਾਂ ਦੀ ਸਿਖਲਾਈ ਪ੍ਰਦਾਨ ਕਰਨਗੇ, ਅਤੇ ਇਹ ਅਤਿ-ਆਧੁਨਿਕ ਖੇਡ ਬੁਨਿਆਦੀ ਢਾਂਚੇ, ਖੇਡ ਵਿਗਿਆਨ ਅਤੇ ਖੇਡ ਇਲਾਜ ਸਹੂਲਤਾਂ ਨਾਲ ਲੈਸ ਹੋਣਗੇ। ਇਸ ਤੋਂ ਇਲਾਵਾ, ਉੱਚ-ਗੁਣਵੱਤਾ ਵਾਲੇ ਸਿਖਲਾਈ ਪ੍ਰੋਗਰਾਮ ਪ੍ਰਦਾਨ ਕਰਨ ਲਈ ਸਟੇਟ ਸੈਂਟਰ ਆਫ਼ ਐਕਸੀਲੈਂਸ (ਐੱਸਸੀਓਈ) ਸਥਾਪਤ ਕੀਤੇ ਜਾਣਗੇ, ਜੋ ਖਿਡਾਰੀਆਂ ਨੂੰ ਤਰਜੀਹੀ ਖੇਡਾਂ ਵਿੱਚ ਸਹਾਇਤਾ ਕਰਨਗੇ।
ਸਮਾਵੇਸ਼ਤਾ ਖੇਲੋ ਇੰਡੀਆ ਦੀ ਮੁੱਖ ਬੁਨਿਆਦ ਰਹੀ ਹੈ ਅਤੇ 'ਕਾਰਵਾਈ ਰਾਹੀਂ ਮਹਿਲਾਵਾਂ ਨੂੰ ਪ੍ਰੇਰਿਤ ਕਰਕੇ ਖੇਡ ਮੀਲ ਪੱਥਰ ਸਥਾਪਤ ਕਰਨਾ' (ਅਸਮਿਤਾ) ਲੀਗ ਵਰਗੀਆਂ ਪਹਿਲਕਦਮੀਆਂ ਨੇ ਖੇਡਾਂ ਵਿੱਚ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 2021 ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ, ਅਸਮਿਤਾ ਨੇ 880 ਤੋਂ ਵੱਧ ਮੁਕਾਬਲੇ ਆਯੋਜਿਤ ਕੀਤੇ ਹਨ, ਜਿਨ੍ਹਾਂ ਨੇ 100, 000 ਤੋਂ ਵੱਧ ਮਹਿਲਾ ਐਥਲੀਟਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਨ੍ਹਾਂ ਵਿੱਚ ਮੀਰਾਬਾਈ ਚਾਨੂ ਵਰਗੀਆਂ ਓਲੰਪਿਕ ਤਗਮਾ ਜੇਤੂ ਵੀ ਸ਼ਾਮਲ ਹਨ। ਮਾਣਯੋਗ ਪ੍ਰਧਾਨ ਮੰਤਰੀ ਮੋਦੀ ਨੇ ਹਮੇਸ਼ਾ ਪੇਂਡੂ ਭਾਰਤ ਅਤੇ ਛੋਟੇ ਕਸਬਿਆਂ ਦੇ ਖਿਡਾਰੀਆਂ ਨੂੰ ਸਮਰਥਨ ਦੇਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ, ਜਿਨ੍ਹਾਂ ਨੂੰ ਅਕਸਰ ਵਾਧੂ ਸਹਾਇਤਾ ਦੀ ਲੋੜ ਹੁੰਦੀ ਹੈ। ਖੇਲੋ ਇੰਡੀਆ ਰਾਹੀਂ, ਅਸੀਂ ਇਹ ਯਕੀਨੀ ਬਣਾਇਆ ਹੈ ਕਿ ਵਿੱਤੀ ਰੁਕਾਵਟਾਂ ਪ੍ਰਤਿਭਾ ਨੂੰ ਪਿੱਛੇ ਨਾ ਛੱਡਣ। ਖੇਲੋ ਇੰਡੀਆ ਦੇ ਅਧੀਨ ਮਹਿਲਾ ਫੁੱਟਬਾਲ ਲੀਗ ਅਰੁਣਾਚਲ ਪ੍ਰਦੇਸ਼ ਦੇ ਮੋਨੀਗੋਂਗ ਵਰਗੇ ਦੂਰ-ਦੁਰਾਡੇ ਇਲਾਕਿਆਂ ਤੱਕ ਵੀ ਪਹੁੰਚ ਗਈ ਹੈ, ਜਿਸ ਨਾਲ ਉਨ੍ਹਾਂ ਖੇਤਰਾਂ ਵਿੱਚ ਖੇਡਾਂ ਦੀ ਭਾਗੀਦਾਰੀ ਨੂੰ ਹੁਲਾਰਾ ਮਿਲਿਆ ਹੈ, ਜੋ ਪਹਿਲਾਂ ਸੰਗਠਿਤ ਖੇਡ ਗਤੀਵਿਧੀਆਂ ਤੋਂ ਅਣਛੋਹੇ ਸਨ।
ਪੈਰਾ-ਐਥਲੀਟਾਂ ਲਈ, ਖੇਲੋ ਇੰਡੀਆ ਪੈਰਾ ਗੇਮਜ਼ ਨੇ ਇੱਕ ਸਮਾਵੇਸ਼ੀ ਪਲੇਟਫਾਰਮ ਪ੍ਰਦਾਨ ਕੀਤਾ ਹੈ, ਜਿਸ ਨਾਲ ਬਹੁਤ ਸਾਰੇ ਐਥਲੀਟ ਹੁਣ ਪੈਰਾਲੰਪਿਕਸ ਵਰਗੇ ਆਲਮੀ ਮੁਕਾਬਲਿਆਂ ਲਈ ਕੁਆਲੀਫਾਈ ਕਰ ਰਹੇ ਹਨ। ਇਸ ਤੋਂ ਇਲਾਵਾ, ਇਸ ਪਹਿਲਕਦਮੀ ਨੇ ਯੋਗਾਸਨ, ਮੱਲਖੰਭ, ਕਲਾਰੀਪਯੱਟੂ, ਥਾਂਗ-ਤਾ ਅਤੇ ਗੱਤਕਾ ਵਰਗੀਆਂ ਸਵਦੇਸ਼ੀ ਖੇਡਾਂ ਨੂੰ ਸਰਗਰਮੀ ਨਾਲ ਉਤਸ਼ਾਹਿਤ ਕੀਤਾ ਹੈ ਅਤੇ ਉਨ੍ਹਾਂ ਨੂੰ ਖੇਲੋ ਇੰਡੀਆ ਯੂਥ ਅਤੇ ਯੂਨੀਵਰਸਿਟੀ ਖੇਡਾਂ ਵਿੱਚ ਸ਼ਾਮਲ ਕਰਕੇ ਉਨ੍ਹਾਂ ਦੀ ਸੰਭਾਲ ਅਤੇ ਵਿਕਾਸ ਨੂੰ ਯਕੀਨੀ ਬਣਾਇਆ ਹੈ। ਸਵਦੇਸ਼ੀ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ, ਕਬੱਡੀ ਅਤੇ ਖੋ-ਖੋ ਵਰਗੀਆਂ ਰਵਾਇਤੀ ਖੇਡਾਂ ਲਈ ਭਾਰਤ-ਅਧਾਰਤ ਅੰਤਰਰਾਸ਼ਟਰੀ ਫੈਡਰੇਸ਼ਨਾਂ ਸਥਾਪਤ ਕਰਨ ਦੇ ਯਤਨ ਕੀਤੇ ਜਾਣਗੇ, ਜਿਸਦਾ ਮੰਤਵ ਵਿਸ਼ਵ ਚੈਂਪੀਅਨਸ਼ਿਪਾਂ ਦਾ ਆਯੋਜਨ ਕਰਨਾ ਅਤੇ ਅੰਤਰਰਾਸ਼ਟਰੀ ਬਹੁ-ਖੇਡ ਸਮਾਗਮਾਂ ਵਿੱਚ ਉਨ੍ਹਾਂ ਨੂੰ ਸ਼ਾਮਲ ਕਰਨ ਲਈ ਕੰਮ ਕਰਨਾ ਹੈ।
ਕੋਚਿੰਗ ਢਾਂਚੇ ਨੂੰ ਹੋਰ ਪੇਸ਼ੇਵਰ ਬਣਾਉਣ ਲਈ, ਅਸੀਂ ਪੂਰੇ ਭਾਰਤ ਵਿੱਚ 1000 ਤੋਂ ਵੱਧ ਖੇਲੋ ਇੰਡੀਆ ਸੈਂਟਰਾਂ (ਕੇਆਈਸੀ) ਵਿੱਚ ਸਾਬਕਾ ਚੈਂਪੀਅਨ ਐਥਲੀਟਾਂ (ਪੀਸੀਏ) ਨੂੰ ਮਾਰਗਦਰਸ਼ਕ ਵਜੋਂ ਸ਼ਾਮਲ ਕਰਨ ਨੂੰ ਯਕੀਨੀ ਬਣਾਇਆ ਹੈ। ਇਸ ਤੋਂ ਇਲਾਵਾ, ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐੱਨਆਈਐੱਸ) ਪਟਿਆਲਾ ਵਿਖੇ ਮੁਫ਼ਤ ਸਰਟੀਫਿਕੇਸ਼ਨ ਕੋਰਸਾਂ ਰਾਹੀਂ, ਇਹ ਸਾਬਕਾ ਅੰਤਰਰਾਸ਼ਟਰੀ/ਰਾਸ਼ਟਰੀ ਐਥਲੀਟ ਹੁਣ ਭਾਰਤ ਦੇ ਕੋਚਿੰਗ ਈਕੋਸਿਸਟਮ ਵਿੱਚ ਯੋਗਦਾਨ ਦੇ ਰਹੇ ਹਨ, ਜੋ ਇਹ ਯਕੀਨੀ ਬਣਾਉਂਦੇ ਹਨ ਕਿ ਅਗਲੀ ਪੀੜ੍ਹੀ ਉਨ੍ਹਾਂ ਦੇ ਤਜ਼ਰਬੇ ਅਤੇ ਮੁਹਾਰਤ ਤੋਂ ਲਾਭ ਹਾਸਲ ਕਰੇ।
ਜਿਵੇਂ-ਜਿਵੇਂ ਭਾਰਤ ਅੱਗੇ ਵਧ ਰਿਹਾ ਹੈ, ਖੇਲੋ ਇੰਡੀਆ ਮੁਹਿੰਮ ਸਿਰਫ਼ ਇੱਕ ਖੇਡ ਵਿਕਾਸ ਪ੍ਰੋਗਰਾਮ ਤੋਂ ਕਿਤੇ ਵਧਕੇ ਹੈ; ਇਹ ਇੱਕ ਰਣਨੀਤਕ ਪਹਿਲ ਹੈ, ਜੋ 2036 ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਅਤੇ ਚੋਟੀ ਦੇ 10 ਖੇਡ ਰਾਸ਼ਟਰਾਂ ਵਿੱਚ ਦਰਜਾ ਹਾਸਲ ਕਰਨ ਦੇ ਦੇਸ਼ ਦੇ ਲੰਬੇ ਸਮੇਂ ਦੇ ਟੀਚੇ ਨਾਲ ਮੇਲ ਖਾਂਦੀ ਹੈ। ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਇਸ ਦ੍ਰਿਸ਼ਟੀਕੋਣ ਦਾ ਇੱਕ ਮੁੱਖ ਪਹਿਲੂ ਹੋਵੇਗਾ, ਜਿਸ ਵਿੱਚ ਰਾਸ਼ਟਰੀ ਖੇਡ ਫੈਡਰੇਸ਼ਨਾਂ (ਐੱਨਐੱਸਐੱਫ) ਨੂੰ ਅੰਤਰਰਾਸ਼ਟਰੀ ਸਮਾਗਮਾਂ ਲਈ ਬੋਲੀ ਲਗਾਉਣ ਅਤੇ ਭਾਰਤ ਵਿੱਚ ਪ੍ਰਮੁੱਖ ਆਲਮੀ ਖੇਡ ਸਮਾਗਮਾਂ ਨੂੰ ਲਿਆਉਣ ਲਈ ਸਮਰਥਨ ਦੇਣ ਦੇ ਯਤਨ ਕੀਤੇ ਜਾ ਰਹੇ ਹਨ।
ਜਦੋਂ ਅਸੀਂ 2036 ਵੱਲ ਦੇਖਦੇ ਹਾਂ, ਖੇਲੋ ਇੰਡੀਆ ਦਾ ਪ੍ਰਭਾਅ ਸਿਰਫ਼ ਜਿੱਤੇ ਗਏ ਤਗਮਿਆਂ 'ਤੇ ਹੀ ਨਹੀਂ, ਸਗੋਂ ਇਸਨੇ ਲੱਖਾਂ ਜ਼ਿੰਦਗੀਆਂ ਨੂੰ ਛੋਹਿਆ ਹੈ, ਇਸਨੇ ਜ਼ਮੀਨੀ ਪੱਧਰ 'ਤੇ ਜੋ ਕ੍ਰਾਂਤੀ ਲਿਆਂਦੀ ਅਤੇ ਭਾਰਤੀ ਸਮਾਜ ਵਿੱਚ ਖੇਡਾਂ ਅਤੇ ਤੰਦਰੁਸਤੀ ਦੇ ਸੱਭਿਆਚਾਰ ਨੂੰ ਸ਼ਾਮਲ ਕੀਤਾ ਹੈ, ਉਸ ਨਾਲ ਮਾਪਿਆ ਜਾਵੇਗਾ। ਲਗਾਤਾਰ ਨਿਵੇਸ਼, ਸਹਿਯੋਗ ਅਤੇ ਨਵੀਨਤਾ ਦੇ ਨਾਲ, ਭਾਰਤ ਇੱਕ ਆਲਮੀ ਖੇਡ ਮਹਾਸ਼ਕਤੀ ਬਣਨ ਦੇ ਆਪਣੇ ਸੁਫ਼ਨੇ ਨੂੰ ਸਾਕਾਰ ਕਰਨ ਦੇ ਰਾਹ 'ਤੇ ਹੈ।