ਨਵੀਂ ਦਿੱਲੀ- ਪੰਥ ਦੀ ਸੇਵਾ ਤੇ ਮਨੁੱਖੀ ਅਧਿਕਾਰਾਂ ਲਈ ਜਿੰਦਗੀ ਲਾਉਣ ਵਾਲੇ ਭਾਈ ਦੁੱਲਾ ਸਿੰਘ ਦਾ ਅੰਤਮ ਅਰਦਾਸ ਸਮਾਗਮ ਉਹਨਾਂ ਦੇ ਜੱਦੀ ਪਿੰਡ ਖੇੜੀ ਖੁਰਦ ਵਿਖੇ ਕਰਵਾਇਆ ਗਿਆ, ਜਿੱਥੇ ਪੰਜਾਬ ਭਰ ਦੀਆਂ ਸਖ਼ਸੀਅਤਾਂ ਨੇ ਹਾਜਰੀ ਭਰੀ, ਜਿਹਨਾਂ ਵਿਚ ਵਿਸ਼ੇਸ਼ ਤੌਰ ’ਤੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਭਰਾ ਭਾਊ ਬਲਦੇਵ ਸਿੰਘ ਪੰਜਵੜ੍ਹ ਵੀ ਸਾਥੀਆਂ ਸਮੇਤ ਪੁੱਜੇ। ਉਹਨਾਂ ਨੂੰ ਸਰਧਾਂਜਲੀ ਭੇਂਟ ਕਰਦਿਆ ਉਹਨਾਂ ਦੇ ਤੀਹ ਸਾਲ ਦੇ ਕਰੀਬ ਸਾਥੀ ਰਹੇ ਪੰਥ ਸੇਵਕ ਜਥਾ ਦੇ ਆਗੂ ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਭਾਈ ਦੁੱਲਾ ਵੱਲੋਂ ਬੇਤਸਾਹਾ ਤਸ਼ੱਦਦ ਸਹਿਣਾ, ਜੇਲ੍ਹਾਂ ਦੀਆਂ ਸਲਾਖ਼ਾਂ ਤੇ ਫਿਰ ਬਾਹਰ ਆ ਕੇ ਜਿੰਦਗੀ ਭਰ ਤਨ, ਮਨ, ਧਨ ਨਾਲ ਪੰਥਕ ਸੇਵਾ ਕਰਨ ਦੇ ਵਰਤਾਰੇ ਨੂੰ ਭੁਲਾਇਆ ਨਹੀਂ ਜਾ ਸਕਦਾ, ਉਹਨਾਂ ਕਿਹਾ ਕਿ ਉਹਨਾਂ ਦੀ ਜਸਟਿਸ ਅਜੀਤ ਸਿੰਘ ਬੈਂਸ ਨਾਲ ਬਹੁਤ ਨੇੜਤਾ ਸੀ ਤੇ ਉਹ ਉਹਨਾਂ ਦੀ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਵੀ ਸਨ । ਉਹਨਾਂ ਨੂੰ ਸੱਚੀ ਸਰਧਾਂਜਲੀ ਇਹ ਹੋਵੇਗੀ ਕਿ ਅਸੀਂ ਉਹਨਾਂ ਦੇ ਦਰਸਾਏ ਰਾਹ ’ਤੇ ਚੱਲ ਆਪਣੇ ਰਾਜ ਭਾਗ ਲਈ ਸੰਘਰਸ਼ ਕਰੀਏ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਭਾਈ ਨਰਿੰਦਰ ਸਿੰਘ ਕਾਲਾ ਨੇ ਕਿਹਾ ਕਿ ਭਾਈ ਦੁੱਲਾ ਸਿੰਘ ਨੇ ਨਿਸਕਾਮ ਹੋ ਕੇ ਬਗੈਰ ਕਿਸੇ ਲੋਭ ਲਾਲਚ ਤੋਂ ਕੌਮ ਦੀ ਸੇਵਾ ਕੀਤੀ, ਜਦੋਂ ਵੀ ਸ੍ਰ. ਸਿਮਰਨਜੀਤ ਸਿੰਘ ਮਾਨ ਜਿੱਥੋਂ ਵੀ ਚੋਣਾਂ ਵਿਚ ਖੜੇ ਹੁੰਦੇ ਉਹ ਉਹਨਾਂ ਲਈ ਦਿਨ ਰਾਤ ਮਿਹਨਤ ਕਰਦੇ ਹੁੰਦੇ ਸਨ । ਪੰਜਾਬ ਹਿਊਮਨ ਰਾਇਟਸ ਦੇ ਸਰਪ੍ਰਸਤ ਬਾਬਾ ਦਰਸ਼ਨ ਸਿੰਘ ਨੇ ਦੱਸਿਆ ਕਿ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਸਤੇ ਉਹਨਾਂ ਨੂੰ ਭਾਈ ਦੁੱਲਾ ਸਿੰਘ ਜੀ ਹੀ ਇਸ ਖੇਤਰ ਵਿਚ ਲੈ ਕੇ ਆਏ, ਉਹਨਾਂ ਕਿਹਾ ਕਿ ਉਹ ਪੰਥ ਦੀ ਸੇਵਾ ਲਈ ਐਨੇ ਸਮਪ੍ਰਤ ਸਨ ਕਿ ਉਹਨਾਂ ਵਿਆਹ ਵੀ ਨਾ ਕਰਵਾਇਆ ਤੇ ਜਿੰਦਗੀ ਦਾ ਇਕ ਇਕ ਪਲ ਕੌਮ ਲੇਖੇ ਲਾਇਆ। ਭਾਈ ਗੁਰਨਾਇਬ ਸਿੰਘ ਰਾਮਪੁਰ ਜਿਲ੍ਹਾ ਪ੍ਰਧਾਨ ਸੰਗਰੂਰ ਮਾਨ ਦਲ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਸਨ । ਸਮਾਗਮ ਵਿਚ ਸਟੇਜ ਦੀ ਜਿੰਮੇਵਾਰੀ ਭਾਈ ਰਾਮ ਸਿੰਘ ਢਿਪਾਲੀ ਨੇ ਨਿਭਾਈ। ਅੰਤਮ ਅਰਦਾਸ ਅੰਦਰ ਸ਼ਹੀਦ ਭਾਈ ਪੰਜਵੜ੍ਹ ਦੇ ਸਾਥੀ ਭਾਈ ਪਰਮਜੀਤ ਸਿੰਘ ਮਾਲੂਵਾਲ, ਲੇਖਕ ਤੇ ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ, ਦਲ ਖ਼ਾਲਸਾ ਦੇ ਭਾਈ ਗੁਰਵਿੰਦਰ ਸਿੰਘ ਬਠਿੰਡਾ, ਭਾਈ ਜੀਵਨ ਸਿੰਘ ਗਿੱਲ ਕਲਾਂ, ਸਰਪੰਚ ਰਣਜੀਤ ਸਿੰਘ ਗੋਇੰਦਵਾਲ ਸਾਹਿਬ, ਸਰਪੰਚ ਬਲਵੀਰ ਸਿੰਘ ਗੱਗੋਬੂਹਾ, ਭਾਈ ਮੰਗਲ ਸਿੰਘ ਤਰਨ ਤਾਰਨ, ਪ੍ਰਿਤਪਾਲ ਸਿੰਘ ਤਰਨ ਤਾਰਨ ਆਦਿ ਵੀ ਹਾਜ਼ਰ ਸਨ।
ਇਸ ਮੌਕੇ ਲੇਖਕ ਸੁਰਿੰਦਰਪਾਲ ਸਿੰਘ ਠੀਕਰੀਵਾਲ ਦੀ ਕਿਤਾਬ "ਜੰਗੀ ਯੋਧੇ" ਵੀ ਜਾਰੀ ਕੀਤੀ ਗਈ ਤੇ ਪੁੱਜੀਆਂ ਸਾਰੀਆਂ ਸ਼ਖਸੀਅਤਾਂ ਨੂੰ ਕਿਤਾਬ ਭੇਟ ਕੀਤੀ ਗਈ।