ਅੰਮ੍ਰਿਤਸਰ- ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਈ ਗਈ ਇੰਟਰ ਕਾਲਜਿਸ ਚੈਂਪੀਅਨਸ਼ਿਪ ’ਚ ਬੇਸਬਾਲ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲੇ ਸਥਾਨ ’ਤੇ ਰਹਿ ਕੇ ਟਰਾਫ਼ੀ ’ਤੇ ਕਬਜ਼ਾ ਕੀਤਾ ਹੈ। ਖ਼ਾਲਸਾ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 10-0, ਲਾਇਲਪੁਰ ਖ਼ਾਲਸਾ ਕਾਲਜ ਨੂੰ 6-0 ਅਤੇ ਡੀ. ਏ. ਵੀ. ਕਾਲਜ ਅੰਮ੍ਰਿਤਸਰ ਨੂੰ 9-0 ਦੇ ਫ਼ਰਕ ਨਾਲ ਮਾਤ ਦੇ ਕੇ ਉਕਤ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ।
ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰ: ਡਾ. ਅਰਵਿੰਦਰ ਕੌਰ ਕਾਹਲੋਂ ਨੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਨੂੰ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਉਕਤ ਮੁਕਾਬਲੇ ਦੌਰਾਨ ਅਮਨਿੰਦਰ ਸਿੰਘ, ਸਤਿੰਦਰ ਸਿੰਘ, ਗੁਰਲਾਲ ਸਿੰਘ, ਮਨੀਸ਼ ਕੁਮਾਰ, ਨਿਤੀਸ਼, ਨੀਰਜ਼, ਦੀਪਕ ਕੁਮਾਰ, ਅਮਿਤ, ਕਮਲ ਅਤੇ ਪ੍ਰਭਦੀਪ ਸਿੰਘ ਨੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਮੌਕੇ ਪ੍ਰਿੰ: ਡਾ. ਕਾਹਲੋਂ ਦੀ ਮੌਜ਼ੂਦਗੀ ’ਚ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਮਾਰਚ ਮਹੀਨੇ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਆਲ ਇੰਡੀਆ ਇੰਟਰ ’ਵਰਸਿਟੀ ਚੈਂਪੀਅਨਸ਼ਿਪ ’ਚ ਕੈਂਪ ਦੌਰਾਨ ਚੁਣੇ ਗਏ ਖਿਡਾਰੀ ਬੇਸਬਾਲ ਦਾ ਪ੍ਰਦਰਸ਼ਨ ਕਰਨਗੇ। ਇਸ ਮੌਕੇ ਡਾ. ਕਾਹਲੋਂ ਨੇ ਵਿਦਿਆਰਥੀਆਂ ਨੂੰ ਭਵਿੱਖ ’ਚ ਹੋਣ ਵਾਲੀ ਪ੍ਰਤੀਯੋਗਤਾ ਲਈ ਉਤਸ਼ਾਹਿਤ ਕਰਦਿਆਂ ਸਿਖ਼ਰਾਂ ਨੂੰ ਛੂਹਣ ਦੀ ਕਾਮਨਾ ਕੀਤੀ। ਇਸ ਮੌਕੇ ਬੇਸਬਾਲ ਕੋਚ ਇੰਦਰਬੀਰ ਸਿੰਘ, ਕੋਚ ਲਵ ਰਿਸ਼ੀ, ਪ੍ਰੋ: ਪਲਵਿੰਦਰ ਸਿੰਘ ਹਾਜ਼ਰ ਸਨ।