ਅੰਮ੍ਰਿਤਸਰ - ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ ਖ਼ਾਲਸਾ ਭਿੰਡਰਾ ਵਾਲਿਆਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਲੁਕਵੇ ਢੰਗ ਨਾਲ ਕੀਤੀ ਗਈ ਤਾਜਪੋਸ਼ੀ ਤੇ ਹੈਰਾਨੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਲੁਕਵੇ ਢੰਗ ਨਾਲ ਹੋਈ ਤਾਜਪੋਸ਼ੀ ਪੰਥਕ ਪੰ੍ਰਪਰਾਵਾਂ ਦਾ ਘਾਣ ਹੈ।ਉਨਾਂ ਕਿਹਾ ਕਿ ਨਾ ਤਾਂ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਤੇ ਨਾ ਹੀ ਖ਼ਾਲਸਾ ਪੰਥ ਤੇ ਪੰਥ ਦੀਆਂ ਜਥੇਬੰਦੀਆਂ ਮੌਜੂਦ ਸਨ। ਅੱਜ ਜਾਰੀ ਬਿਆਨ ਵਿਚ ਗਿਆਨੀ ਰਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਲੁਕਵੈ ਢੰਗ ਨਾਲ ਕੀਤੀ ਗਈ ਤਾਜਪੋਸ਼ੀ ਨੇ ਪੰਥ ਵਿਚ ਕਈ ਸਵਾਲ ਖੜੇ ਕੀਤੇ ਹਨ।ਸ਼ੋ੍ਰਮਣੀ ਕਮੇਟੀ ਦੇ ਇਸ ਫੈਸਲੇ ਨਾਲ ਪੂਰਾ ਪੰਥ ਨਰਾਜ ਹੈ।ਚਾਹੀਦਾ ਤਾਂ ਇਹ ਸੀ ਕਿ ਸ਼ੋ੍ਰਮਣੀ ਕਮੇਟੀ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਭਰੋਸੇ ਵਿਚ ਲੈ ਕੇ ਨਵੇ ਜਥੇਦਾਰਾਂ ਦੀ ਨਿਯੁਕਤੀ ਕਰਦੀ ਪਰ ਆਪ ਹੁਦਰਾਪਨ ਦਿਖਾਉਦਿਆਂ ਸ਼ੋ੍ਰਮਣੀ ਕਮੇਟੀ ਨੇ ਸਿੱਖ ਜਥੇਬੰਦੀਆਂ ਦੀ ਗੈਰ ਹਾਜਰੀ ਵਿਚ ਹੀ ਨਵੇ ਜਥੇਦਾਰ ਨੂੰ ਰਾਤ ਦੇ ਹਨੇਰੇ ਵਿਚ ਹੀ ਸੇਵਾਵਾਂ ਸੋਂਪ ਦਿੱਤੀਆਂ।ਉਨਾ ਕਿਹਾ ਕਿ ਪੰਥ ਦੀਆਂ ਸੰਸਥਾਵਾਂ ਨਵਨਿਯੁਕਤ ਜਥੇਦਾਰ ਨੂੰ ਦਸਤਾਰਾਂ ਭੇਟ ਕਰਕੇ ਜਿੰਮੇਵਾਰੀ ਸੋਂਪਦੀਆਂ ਹਨ ਪਰ ਪਹਿਲੀ ਵਾਰ ਹੈ ਕਿ ਸੰਸਥਾਵਾਂ ਨੂੰ ਸਮਾਗਮ ਵਿਚ ਬੁਲਾਇਆ ਹੀ ਨਹੀ ਗਿਆ, ਜਿਸ ਤੋ ਬਾਅਦ ਕਿਹਾ ਜਾ ਸਕਦਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਪੰਥ ਦੇ ਨਹੀ ਸਿਰਫ ਸ਼ੋ੍ਰਮਣੀ ਕਮੇਟੀ ਦੇ ਜਥੇਦਾਰ ਹਨ।