ਅੰਮ੍ਰਿਤਸਰ - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵਨਿਯੁਕਤ ਜਥੇਦਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਧਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੰਚੇ ਜਿਥੇ ਉਨਾਂ ਵਿਧੀਵਤ ਢੰਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲੀ।ਸ੍ਰੀ ਦਰਬਾਰ ਸਾਹਿਬ ਪਹੰੁਚਣ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਦੇ ਮੈਨੇਜਰ ਸ੍ਰ ਜ਼ਸਪਾਲ ਸਿੰਘ ਨੇ ਉਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਤੇ ਮੈਨੇਜਰ ਸ੍ਰ ਰਜਿੰਦਰ ਸਿੰਘ ਰੂਬੀ ਤੇ ਗੁਰਤਿੰਦਰ ਸਿੰਘ ਨੇ ਜਥੇਦਾਰ ਦੇ ਨਾਲ ਜਾ ਕੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦਵਾਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਮੱਥਾ ਟਿਕਵਾਇਆ। ਕਾਰਜਭਾਰ ਸੰਭਾਲਣ ਤੋ ਬਾਅਦ ਪੱਤਰਕਾਰਾਂ ਨਾਲ ਗਲ ਕਰਦਿਆਂ ਗਿਆਨੀ ਗੜਗੱਜ ਨੇ ਭਾਰਤ ਸਰਕਾਰ ਪਾਂਸੋ ਮੰਗ ਕੀਤੀ ਕਿ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਅਨੰਦਪੁਰ ਸਾਹਿਬ ਨੂੰ ਪਵਿਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ।ਇਕ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਤਾਜਪੋਸ਼ੀ ਰਾਤ ਦੇ ਹਨੇਰੇ ਵਿਚ ਨਹੀ ਬਲਕਿ ਅੰਮ੍ਰਿਤ ਵੇਲੇ ਹੋਈ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿਚ ਪੰਜ ਪਿਆਰੇ ਸਿੰਘਾਂ ਦੇ ਰੂਪ ਵਿਚ ਖਾਲਸਾ ਪੰਥ ਹਾਜਰ ਸੀ।ਉਨਾਂ ਕਿਹਾ ਕਿ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਰੀ ਹੁਕਮਨਾਮਿਆਂ ਦੀ ਪਾਲਣਾ ਕੀਤੀ ਜਾਵੇਗੀ। ਉਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਅਕਾਲੀ ਦਲ ਦੀ ਭਰਤੀ ਲਈ ਬਣਾਈ ਕਮੇਟੀ ਬਾਰੇ ਬੋਲਦਿਆਂ ਕਿਹਾ ਕਿ ਹਰ ਗਲ ਦਾ ਗੁਰਮਤਿ ਦੀ ਰੌਸ਼ਨੀ ਵਿਚ ਹਲ ਕੀਤਾ ਜਾ ਸਕਦਾ ਹੈ।ਉਨਾਂ ਅਗੇ ਕਿਹਾ ਕਿ ਪੰਥ ਪ੍ਰਥਮ ਹੈ ਤੇ ਪੰਥ ਨੂੰ ਆਰਥਿਕ, ਸਮਾਜਿਕ ਤੇ ਰਾਜਨੀਤਕ ਤੌਰ ਤੇ ਮਜਬੂਤ ਕਰਨ ਦੀ ਲੋੜ ਹੈ।ਪੰਥ ਹਮੇਸ਼ਾ ਚੜ੍ਹਦੀ ਕਲਾ ਵਿਚ ਸੀ ਹੈ ਤੇ ਰਹੇਗਾ। ਪੰਥ ਵਿਚ ਏਕਤਾ ਤੇ ਇਤਫਾਕ ਹੋਣਾ ਚਾਹੀਦਾ ਹੈ ਤਾਂ ਕਿ ਖਾਲਸਾ ਜੀ ਕੇ ਬੋਲ ਬਾਲੇ ਤੇ ਚੜ੍ਹਦੀ ਕਲਾ ਹੋਵੇ। ਉਨਾਂ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਬਾਰੇ ਬੋਲਦਿਆਂ ਕਿਹਾ ਕਿ ਇਥੇ ਬੰਦੇ ਬਿਰਖ ਹੋ ਗਏ, ਪਰ ਅਕਾਲ ਪੁਰਖ ਦਾ ਨਿਆਂ ਅਟੱਲ ਹੈ।ਉਨਾਂ ਕਿਹਾ ਕਿ ਪੰਥ ਇਕਜੁੱਟ ਹੈ।ਜਿੰਦਾ ਕੌਮਾਂ ਵਿਚ ਛੋਟੇ ਛੋਟੇ ਮਤਭੇਦ ਹੁੰਦੇ ਹਨ। ਅਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੁੰ ਮੰਨਦੇ ਹਾਂ ਤੇ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛੱਤਰ ਛਾਇਆ ਵਿਚ ਹਾਂ।ਇਸ ਤੋ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸੀਏ ਸਿੰਘ ਭਾਈ ਪ੍ਰਗਟ ਸਿੰਘ ਨੇ ਜਥੇਦਾਰ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ, ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਪਿਆਰੇ ਸਿੰਘ ਭਾਈ ਪਰਮਜੀਤ ਸਿੰਘ, ਭਾਈ ਸੁਖਵੰਤ ਸਿੰਘ, ਭਾਈ ਬਲਜਿੰਦਰ ਸਿੰਘ, ਭਾਈ ਸੁਰਿੰਦਰ ਸਿੰਘ ਤੇ ਭਾਈ ਦਲਜਿੰਦਰ ਸਿੰਘ ਨੇ ਦਸਤਾਰ ਭੇਟ ਕਰਕੇ ਸੇਵਾ ਸੰਭਾਲ ਕਰਵਾਈ।