ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਾ ਤਸਕਰਾਂ ਦੇ ਨੈਟਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਵਿੱਢੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਸਕਾਰਾਤਮਕ ਸਿੱਟੇ ਸਾਹਮਣੇ ਆ ਰਹੇ ਹਨ ਅਤੇ ਇਸ ਪਹਿਲਕਦਮੀ ਨਾਲ ਆਮ ਲੋਕ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ।
ਪੰਜਾਬ ਸਰਕਾਰ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ ਜਿਸ ਤਹਿਤ ਅੱਜ ਕਈ ਜ਼ਿਲ੍ਹਿਆਂ ਵਿੱਚ ਨਸ਼ਾ ਤਸਕਰਾਂ ਦੀ ਮਲਕੀਅਤ ਵਾਲੀਆਂ ਗੈਰ-ਕਾਨੂੰਨੀ ਉਸਾਰੀਆਂ ਢਾਹੀਆਂ ਗਈਆਂ। ਅੱਜ ਕੀਤੀਆਂ ਗਈਆਂ ਇਨ੍ਹਾਂ ਕਾਰਵਾਈਆਂ ਵਿੱਚ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਨਵਾਂਸ਼ਹਿਰ ਅਤੇ ਸੁਨਾਮ ਊਧਮ ਸਿੰਘ ਵਾਲਾ ‘ਚ ਨਸ਼ਾ ਤਸਕਰਾਂ ਨਾਲ ਸਬੰਧਤ ਨਾਜਾਇਜ਼ ਉਸਾਰੀਆਂ ਨੂੰ ਢਾਹਣਾ ਸ਼ਾਮਲ ਹੈ।
ਨਵਾਂਸ਼ਹਿਰ ਦੇ ਕੱਲਰਾਂ ਮੁਹੱਲੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਸਥਾਨਕ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ਾ ਤਸਕਰੀ ਵਿੱਚ ਸ਼ਾਮਲ ਤਿੰਨ ਪਰਿਵਾਰਾਂ ਦੀਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹ ਦਿੱਤਾ। ਐਸਐਸਪੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਬੀਰੋ, ਸ਼ਿੰਦੋ ਅਤੇ ਸੰਤੋਸ਼ ਨਾਮਕ ਔਰਤਾਂ ਵਿਰੁੱਧ ਕੀਤੀ ਗਈ ਹੈ, ਜਿਨ੍ਹਾਂ 'ਤੇ ਸਮੂਹਿਕ ਤੌਰ 'ਤੇ ਕਈ ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ ਇੱਕ ਪਰਿਵਾਰ ਵਿਰੁੱਧ ਹੀ 14 ਕੇਸ ਦਰਜ ਹਨ।
ਉਨ੍ਹਾਂ ਦੱਸਿਆ ਕਿ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੀ ਇਹ ਕਾਰਵਾਈ ਨਗਰ ਕੌਂਸਲ ਦੀ ਬੇਨਤੀ 'ਤੇ ਕੀਤੀ ਗਈ ਸੀ ਅਤੇ ਨਗਰ ਕੌਂਸਲ ਨੂੰ ਇਨ੍ਹਾਂ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹੁਣ ਲਈ ਪੁਲਿਸ ਸਹਾਇਤਾ ਦੀ ਲੋੜ ਸੀ। ਸਥਾਨਕ ਨਿਵਾਸੀ ਇਨ੍ਹਾਂ ਨਸ਼ਾ ਤਸਕਰਾਂ ਤੋਂ ਬਹੁਤ ਪ੍ਰੇਸ਼ਾਨ ਸਨ ਅਤੇ ਹੁਣ ਪੰਜਾਬ ਸਰਕਾਰ ਦੀ ਇਸ ਕਾਰਵਾਈ ਦਾ ਸਵਾਗਤ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਦੀ ਹਮਾਇਤ ਕੀਤੀ ਹੈ।
ਇਸ ਦੇ ਨਾਲ ਹੀ ਐਸਐਸਪੀ ਸਰਤਾਜ ਸਿੰਘ ਚਾਹਲ ਦੀ ਨਿਗਰਾਨੀ ਹੇਠ ਸੁਨਾਮ ਊਧਮ ਸਿੰਘ ਵਾਲਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੀ ਸਾਂਝੀ ਟੀਮ ਨੇ ਅਨਾਜ ਮੰਡੀ ਦੇ ਮੁੱਖ ਗੇਟ ਨੇੜੇ ਨਸ਼ਾ ਤਸਕਰ ਬੁੱਧ ਸਿੰਘ ਉਰਫ ਬੁੱਧੂ ਨਾਲ ਸਬੰਧਤ ਗੈਰ-ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ। ਇਸ ਵਿਅਕਤੀ ਨੇ ਮਾਰਕੀਟ ਕਮੇਟੀ ਸੁਨਾਮ ਨਾਲ ਸਬੰਧਤ ਜਗ੍ਹਾ 'ਤੇ ਗੈਰ-ਕਾਨੂੰਨੀ ਕਬਜ਼ਾ ਕੀਤਾ ਹੋਇਆ ਸੀ ਅਤੇ ਕਥਿਤ ਤੌਰ 'ਤੇ ਨਸ਼ੀਲੇ ਪਦਾਰਥਾਂ ਦੀਆਂ ਗਤੀਵਿਧੀਆਂ ਲਈ ਇੱਕ ਘਰ ਅਤੇ ਦੁਕਾਨ ਚਲਾ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਉਸ ਵਿਰੁੱਧ ਐਨਡੀਪੀਐਸ ਐਕਟ ਅਤੇ ਆਬਕਾਰੀ ਐਕਟ ਤਹਿਤ ਕਈ ਮਾਮਲੇ ਦਰਜ ਕੀਤੇ ਗਏ ਹਨ।
ਦੋਵਾਂ ਐਸਐਸਪੀਜ਼ ਨੇ ਆਪਣੇ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਸਖ਼ਤ ਚੇਤਾਵਨੀਆਂ ਜਾਰੀ ਕਰਦਿਆਂ ਕਿਹਾ ਹੈ ਕਿ ਜਾਂ ਤਾਂ ਨਸ਼ਾ ਤਸਕਰ ਆਪਣੀ ਮਰਜ਼ੀ ਨਾਲ ਨਸ਼ਿਆਂ ਦੀ ਤਸਕਰੀ ਛੱਡ ਦੇਣ ਜਾਂ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹਿਣ। ਉਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਦੀ ਅਪੀਲ ਕਰਦਿਆਂ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਮੁਲਜ਼ਮਾਂ ਵਿਰੁੱਧ ਫੌਰੀ ਢੰਗ ਨਾਲ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ।
ਦੱਸਣਯੋਗ ਹੈ ਕਿ ਸਥਾਨਕ ਨਿਵਾਸੀਆਂ ਨੇ ਪੰਜਾਬ ਸਰਕਾਰ ਦੇ ਇਨ੍ਹਾਂ ਉਪਰਾਲਿਆਂ ਨੂੰ ਜ਼ੋਰਦਾਰ ਹਮਾਇਤ ਦਿੱਤੀ ਹੈ ਅਤੇ ਵਿਸ਼ੇਸ਼ ਤੌਰ 'ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਇਨ੍ਹਾਂ ਫੈਸਲਾਕੁੰਨ ਕਾਰਵਾਈਆਂ ਲਈ ਧੰਨਵਾਦ ਕੀਤਾ ਹੈ। ਇਨ੍ਹਾਂ ਕਾਰਵਾਈਆਂ ਤੋਂ ਆਮ ਲੋਕ ਰਾਹਤ ਮਹਿਸੂਸ ਕਰ ਰਹੇ ਹਨ ਅਤੇ ਉਮੀਦ ਕਰ ਰਹੇ ਹਨ ਕਿ ਜਲਦੀ ਹੀ ਪੰਜਾਬ ਵਿੱਚੋਂ ਨਸ਼ਿਆਂ ਦੀ ਤਸਕਰੀ ਦਾ ਪੂਰੀ ਤਰ੍ਹਾਂ ਅੰਤ ਹੋ ਜਾਵੇਗਾ।
ਦੋਵੇਂ ਪੁਲਿਸ ਅਧਿਕਾਰੀਆਂ ਨੇ ਦੁਹਰਾਇਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦੇ ਹਿੱਸੇ ਵਜੋਂ ਨਸ਼ਾ ਤਸਕਰੀ ਦੇ ਨੈੱਟਵਰਕਾਂ ਅਤੇ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।