ਸ੍ਰੀ ਅਨੰਦਪੁਰ ਸਾਹਿਬ- ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਦੋ ਰੋਜ਼ਾ ਵਿਰਸਾ ਸੰਭਾਲ ਗਤਕਾ ਮੁਕਾਬਲੇ ਕਲ ਤੋਂ ਅਰੰਭ ਹੋਣਗੇ। ਇਸ ਵਿੱਚ ਸਮੁੱਚਾ ਭਾਰਤ ਦੇ ਵੱਖ-ਵੱਖ ਪ੍ਰਾਤਾਂ ਅਤੇ ਵਿਦੇਸ਼ਾਂ ਤੋਂ ਦੀ ਗਤਕਾ ਮੁਕਾਬਲਿਆਂ ਵਿੱਚ ਭਾਗ ਲੈਣਗੀਆਂ। ਗਤਕਾ ਦੇ ਅਰੰਭਲੇ ਪੜਾਅ ਵਿੱਚ ਪੰਥ ਦੀਆਂ ਮਹਾਨ ਸਖ਼ਸ਼ੀਅਤਾਂ ਵਿਸ਼ੇਸ਼ ਤੌਰ ਤੇ ਸਮੂਲੀਅਤ ਕਰਨਗੀਆਂ।
ਬੁੱਢਾ ਦਲ ਦੇ ਵਿਦਵਾਨ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ 14 ਮਾਰਚ ਨੂੰ ਗੁ: ਗੁਰੂ ਕਾ ਬਾਗ਼ ਛਾਉਣੀ ਬੁੱਢਾ ਦਲ ਵਿਖੇ ਵਿਰਸਾ ਸੰਭਾਲ ਗਤਕਾ ਮੁਕਾਬਲੇ ਦੇ ਪਲੇਟਫਾਰਮ ਤੋਂ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਛੇ ਸਿੱਖ ਸਖ਼ਸ਼ੀਅਤਾਂ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨਤ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ, ਉਘੇ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਕੌਮਾਂਤਰੀ ਪ੍ਰਚਾਰਕ ਗਿ. ਬਲਬੀਰ ਸਿੰਘ ਚੰਗਿਆੜਾ, ਬਾਬਾ ਗੁਰਵਿੰਦਰ ਸਿੰਘ ਨੰਗਲੀ ਬੁਲਾਰਾ ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ, ਭਾਈ ਸੁਖਜੀਤ ਸਿੰਘ ਕਨੱਈਆ ਪ੍ਰਚਾਰਕ ਬੁੱਢਾ ਦਲ, ਭਾਈ ਰਣਜੀਤ ਸਿੰਘ ਰਾਣਾ ਇੰਗਲੈਂਡ ਦੇ ਨਾਮ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਤੋਂ ਇਲਾਵਾ 13 ਮਾਰਚ ਨੂੰ ਗਤਕਾ ਮੁਕਾਬਲੇ ਦੀ ਅਰੰਭਤਾ ਵਾਲੇ ਦਿਨ ਬਾਬਾ ਜਸਵਿੰਦਰ ਸਿੰਘ ਜੱਸੀ ਇੰਚਾਰਜ਼ ਬੁੱਢਾ ਦਲ ਇਕਾਈ ਅਮਰੀਕਾ, ਬਾਬਾ ਰਾਜਾਰਾਜ ਸਿੰਘ ਅਰਬਾਂ ਖਰਬਾਂ, ਬਾਬਾ ਕੁਲਵਿੰਦਰ ਸਿੰਘ ਚੌਂਤਾ, ਸ. ਸਰਬਜੀਤ ਸਿੰਘ, ਸ. ਬਲਦੇਵ ਸਿੰਘ, ਬਾਬਾ ਗੁਰਮੀਤ ਸਿੰਘ ਤਿੰਨੇ ਅਮਰੀਕਾ ਤੋਂ ਵੀ ਸਨਮਾਨਤ ਹੋਣਗੇ।