ਅੰਮ੍ਰਿਤਸਰ-ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਆਈ. ਕੇ. ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ’ਚ ਉੱਚ ਮੈਰਿਟ ਪੁਜੀਸ਼ਨਾਂ ਪ੍ਰਾਪਤ ਕਰਕੇ ਆਪਣੀ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਦੇ ਬੀ. ਐਸ. ਸੀ. ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਦੇ ਖੈਰਤ ਖੀਰ ਜੁਮਾ ਨੇ 9.04 ਦੇ ਸੀ. ਜੀ. ਪੀ. ਏ. ਅਤੇ ਬੀ. ਐਸ. ਸੀ. ਮੈਡੀਕਲ ਟੈਕਨਾਲੋਜੀ-ਅਨੱਸਥੀਸੀਆ ਅਤੇ ਆਪ੍ਰੇਸ਼ਨ ਥੀਏਟਰ ਦੀ ਦਿਸ਼ਾ ਮਹਿਰਾ ਨੇ 8.8 ਦੇ ਸੀ. ਜੀ. ਪੀ. ਏ. ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਇਸ ਮੌਕੇ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਵਿਦਿਆਰਥੀਆਂ ਦੀ ਉਕਤ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਸੇ ਤਰ੍ਹਾਂ ਬੀ. ਐਸ. ਸੀ. ਰੇਡੀਓਲੋਜੀ ਅਤੇ ਇਮੇਜਿੰਗ ਤਕਨਾਲੋਜੀ ਦੇ ਆਇਸ਼ਾ ਅਬਾਸ ਉਮਰ ਨੇ 8.92 ਦੇ ਸੀ. ਜੀ. ਪੀ. ਏ. ਨਾਲ ਦੂਜਾ ਅਤੇ ਬੀ. ਐਸ. ਸੀ. ਮੈਡੀਕਲ ਤਕਨਾਲੋਜੀ-ਅਨੱਸਥੀਸੀਆ ਅਤੇ ਆਪ੍ਰੇਸ਼ਨ ਥੀਏਟਰ ਦੀ ਦਲੇਰ ਕੌਰ ਨੇ 8.75 ਦੇ ਸੀ. ਜੀ. ਪੀ. ਏ. ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਬੀ. ਐਸ. ਸੀ. ਰੇਡੀਓਲੋਜੀ ਅਤੇ ਇਮੇਜਿੰਗ ਤਕਨਾਲੋਜੀ ਦੀ ਸਿਮਰਨਜੀਤ ਕੌਰ ਨੇ 8.9 ਦੇ ਸੀ. ਜੀ. ਪੀ. ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 2 ਵਿਦਿਆਰਥੀਆਂ ਨੇ ਚੌਥਾ, 1 ਵਿਦਿਆਰਥੀ ਨੇ ਛੇਵਾਂ, 1 ਵਿਦਿਆਰਥੀ ਨੇ ਸੱਤਵਾਂ, 1 ਵਿਦਿਆਰਥੀ ਨੇ ਅੱਠਵਾਂ, 1 ਵਿਦਿਆਰਥੀ ਨੇ ਨੌਵਾਂ ਅਤੇ 3 ਵਿਦਿਆਰਥੀਆਂ ਨੇ ਦਸਵਾਂ ਸਥਾਨ ਪ੍ਰਾਪਤ ਕੀਤਾ, ਜਿਸ ਨਾਲ ਮੈਰਿਟ ਧਾਰਕਾਂ ਦੀ ਕੁਲ ਗਿਣਤੀ 14 ਹੋ ਗਈ ਹੈ।
ਉਨ੍ਹਾਂ ਕਿਹਾ ਕਿ ਉਕਤ ਤੋਂ ਇਲਾਵਾ ਡਿਪਲੋਮਾ ਮਕੈਨੀਕਲ ਇੰਜੀਨੀਅਰਿੰਗ ਸੈਮ 6ਵਾਂ ਦੇ ਮੁਹੰਮਦ ਨਾਜ ਬਾਬੂ ਅਤੇ ਡਿਪਲੋਮਾ ਸਿਵਲ ਇੰਜੀਨੀਅਰਿੰਗ 6ਵਾਂ ਸੈਮ ਅਨੰਤ ਕੁਮਾਰ ਨੇ ਅਪ੍ਰੈਲ 2024 ਦੀ ਪੰਜਾਬ ਰਾਜ ਬੋਰਡ ਤਕਨੀਕੀ ਸਿੱਖਿਆ ਪ੍ਰੀਖਿਆ ’ਚ ਕ੍ਰਮਵਾਰ ਚੌਥਾ ਅਤੇ ਛੇਵਾਂ ਸਥਾਨ ਪ੍ਰਾਪਤ ਕੀਤਾ ਹੈ।
ਇਸ ਮੌਕੇ ਡਾ. ਮੰਜੂ ਬਾਲਾ ਨੇ ਸਬੰਧਿਤ ਵਿਸ਼ਿਆਂ ਦੇ ਸਟਾਫ਼ ਦੁਆਰਾ ਕਰਵਾਈ ਗਈ ਮਿਹਨਤ ਅਤੇ ਅਣਥੱਕ ਯਤਨਾਂ ਲਈ ਪ੍ਰਸ਼ੰਸਾ ਕਰਦਿਆਂ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਨੂੰ ਆਪਣੇ ਕਰੀਅਰ ’ਚ ਉੱਤਮਤਾ ਪ੍ਰਾਪਤ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰਨ ਲਈ ਕਾਲਜ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਵਿਦਿਆਰਥੀਆਂ ਨੂੰ ਉੱਤਮਤਾ ਲਈ ਯਤਨ ਕਰਨ ਅਤੇ ਆਪਣੇ-ਆਪਣੇ ਖੇਤਰਾਂ ’ਚ ਅਰਥਪੂਰਨ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੀਆਂ ਹਨ।
ਇਸ ਦੌਰਾਨ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਵਧਾਈ ਦਿੰਦਿਆਂ ਅਕਾਦਮਿਕ ਪ੍ਰਤਿਭਾ ਦੀ ਪ੍ਰਾਪਤੀ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਉਕਤ ਸ਼ਾਨਦਾਰ ਪ੍ਰਦਰਸ਼ਨ ਗੁਣਵੱਤਾ ਵਾਲੀ ਸਿੱਖਿਆ ਅਤੇ ਸੰਪੂਰਨ ਵਿਕਾਸ ਪ੍ਰਤੀ ਕਾਲਜ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।