ਜੈਕਾਰਿਆਂ ਦੀ ਗੂੰਜ ਵਿਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਅਰਦਾਸ ਕਰਕੇ 2 ਦਸੰਬਰ 2024 ਦੇ ਹੁਕਮਨਾਮੇ ਤੇ ਪਹਿਰਾ ਦਿੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਬਣਾਈ ਕਮੇਟੀ ਨੇ ਅੱਜ ਨਵੀ ਭਰਤੀ ਸੁ਼ਰੂ ਕਰ ਦਿੱਤੀ।2 ਦਸੰਬਰ 2024 ਨੂੰ ਹੁਕਮਨਾਮਾ ਜਾਰੀ ਕਰਨ ਵਾਲੇ ਪੰਜ ਜਥੇਦਾਰਾਂ ਵਿਚ ਸ਼ਾਮਲ ਰਹੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੇ ਪਹਿਲੇ ਮੈਂਬਰ ਵਜੋ ਪਰਚੀ ਕਟਵਾਈ।ਅੱਂਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੀ ਪੁਨਾਰ ਸੁਰਜੀਤੀ ਦੀ ਅਰਦਾਸ ਕੀਤੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਬਣਾਈ ਸੱਤ ਕਮੇਟੀ ਦੇ ਪੰਜ ਮੈਂਬਰਾਂ ਸ੍ਰ ਗੁਰਪ੍ਰਤਾਪ ਸਿੰਘ ਵਡਾਲਾ, ਸ੍ਰ ਇਕਬਾਲ ਸਿੰਘ ਝੁੰਦਾ, ਸ੍ਰ ਮਨਪ੍ਰੀਤ ਸਿੰਘ ਇਆਲੀ, ਜਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਨੂੰ ਸਿਰੋਪਾ ਦੇ ਕੇ ਨਵੀ ਜਿੰਮੇਵਾਰੀ ਤਨਦੇਹੀ ਨਾਲ ਪੂਰੀ ਕਰਨ ਦਾ ਅਸ਼ੀਰਵਾਦ ਦਿੱਤਾ।ਦਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਬਣਾਈ ਸੱਤ ਮੈਂਬਰੀ ਕਮੇਟੀ ਵਿਚੋ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਅਸਤੀਫਾ ਦੇ ਦਿੱਤਾ ਸੀ।ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨ ਤੋ ਬਾਅਦ ਪੱਤਰਕਾਰਾਂ ਨਾਲ ਗਲ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਤੋਂ ਜਿਹੜੀ ਕਮੇਟੀ ਬਣੀ ਸੀ ਅੱਜ ਉਹਨੇ ਭਰਤੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈਣ ਵਾਸਤੇ ਪਹੁੰਚ ਰਹੇ ਹਨ। ਉਹਨਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋ ਦਾਅਵਾ ਕੀਤਾ ਜਾ ਰਿਹਾ ਸੀ ਕਿ 30 ਲੱਖ ਦੀ ਭਰਤੀ ਕੀਤੀ ਜਾ ਚੁੱਕੀ ਹੈ, ਹੁਣ ਬੀਤੇ ਕੱਲ 22 ਲੱਖ ਦੀ ਭਰਤੀ ਦਸੀ ਜਾ ਰਹੀ ਹੈ। ਪਤਾ ਨਹੀਂ ਇਹ ਘਟ ਕਿਵੇ ਹੋ ਗਈ।ਇਸ ਮੌਕੇ ਤੇ ਪੱਤਰਕਾਰਾਂ ਨਾਲ ਗਲ ਕਰਦਿਆਂ ਸ੍ਰ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਜੇਕਰ ਅਕਾਲੀ ਦਲ ਬਾਦਲ ਉਸ ਸਮੇ ਸਾਡੀ ਕਮੇਟੀ ਦੀਆਂ ਕੀਤੀਆਂ ਸ਼ਿਫਾਰਸ਼ਾਂ ਮੰਨ ਲੈਂਦਾ ਤਾਂ ਅੱਜ ਪੰਥ ਨੂੰ ਇਹ ਦਿਨ ਨਾ ਦੇਖਣੇ ਪੈਂਦੇ। ਸੰਗਤ ਵੱਲੋਂ ਮਿਲ ਰਿਹਾ ਹੁੰਗਾਰਾ ਅਤੇ ਵੱਡਾ ਉਤਸਾਹ ਦੇਖ ਕੇ ਲੱਗਦਾ ਕਿ ਇਹ ਇਕ ਵਡੀ ਲਹਿਰ ਬਣੇਗੀ ਔਰ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੇ ਹਿੱਤਾਂ ਦਾ ਪਹਿਰੇਦਾਰ ਬਣ ਕੇ ਪੰਜਾਬ ਦੀਆਂ ਅਸਲੀ ਹੱਕੀ ਮੰਗਾਂ ਲਈ ਲੜੇਗਾ।ਸ੍ਰ ਝੂੰਦਾ ਨੇ ਕਿਹਾ ਕਿ ਅਸੀ ਸਮੁੱਚੇ ਪੰਜਾਬੀਆਂ ਨੂੰ ਹਰ ਜਾਤ ਕੌਮ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਗੁਰੂ ਮਹਾਰਾਜ ਦੇ ਸਿਧਾਂਤ ਨੂੰ ਪ੍ਰਫੁੱਲਿਤ ਕਰਨ ਲਈ ਇਸ ਭਰਤੀ ਮੁਹਿੰਮ ਵਿੱਚ ਸ਼ਾਮਿਲ ਹੋਵੋ ਤਾਂ ਕਿ ਜਿਸ ਤਰ੍ਹਾਂ ਦਾ ਅਕਾਲੀ ਦਲ ਦੀ ਸਾਡੇ ਬਜ਼ੁਰਗਾਂ ਨੇ 1920 ਸਿਰਜਣਾ ਕੀਤੀ ਸੀ ਉਸ ਤਰ੍ਹਾਂ ਦਾ ਅਕਾਲੀ ਦਲ ਲੋਕਾਂ ਨੂੰ ਦੇਖਣ ਨੂੰ ਮਿਲੇ।ਇਸ ਮੌਕੇ ਤੇ ਬੋਲਦਿਆਂ ਸ੍ਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਅਸੀਂ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਕੇ ਭਰਤੀ ਸ਼ੁਰੂ ਕਰਨ ਜਾ ਰਹੇ ਹਾਂ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਡੇ ਤੇ ਮਿਹਰ ਕੀਤੀ ਸਾਨੂੰ ਆਸਰਾ ਬਖਸ਼ਿਆ ਇਸ ਰਾਹ ਤੇ ਤੋਰਿਆ। ਅਸੀਂ ਬੜੀਆਂ ਮੁਸ਼ਕਿਲਾਂ ਚੋਂ ਘੁੰਮਣ ਘੇਰੀਆਂ ਚੋਂ ਨਿਕਲ ਕੇ ਆਏ ਹਾਂ। ਅੱਜ ਸਾਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਕਿ ਬਹੁਤ ਵੱਡੇ ਪੱਧਰ ਤੇ ਸੰਗਤਾਂ ਆਈਆਂ ਹਨ ਜਿਨਾਂ ਨੇ ਇਸ ਭਰਤੀ ਮੁਹਿੰਮ ਵਿੱਚ ਸ਼ਾਮਿਲ ਹੋਣਾ ਹੈ। ਉਨਾਂ ਕਿਹਾ ਕਿ ਸਮੁੱਚੇ ਪੰਜਾਬੀਆਂ ਦੀ ਸਾਰੇ ਵਰਗਾਂ ਦੀ ਭਾਈਚਾਰਿਆਂ ਦੀ ਦੁਨੀਆਂ ਭਰ ਦੇ ਪੰਜਾਬੀ ਜਿੱਥੇ ਬੈਠੇ ਨੇ ਸਭ ਦੀ ਇਸ ਅਕਾਲੀ ਦਲ ਨੂੰ ਸਪੋਰਟ ਮਿਲੇਗੀ।ਸਾਡਾ ਆਪਣਾ ਕੋਈ ਸਵਾਰਥ ਨਹੀ ਹੈ।ਆਗੂ ਬਾਰੇ ਬੋਲਦਿਆਂ ਸ੍ਰ ਵਡਾਲਾ ਨੇ ਕਿਹਾ ਕਿ ਜਿਸ ਨੂੰ ਪੰਥ ਚਾਹੇਗਾ ਉਹ ਲੀਡਰ ਮੂਹਰੇ ਲੱਗ ਕੇ ਪੰਥ ਦੀ ਸੇਵਾ ਕਰੇਗਾ।ਸ੍ਰ ਵਡਾਲਾ ਨੇ ਕਿਹਾ ਕਿ ਨਵੀ ਭਰਤੀ ਲਈ ਅੰਮ੍ਰਿਤਸਰ ਦੇ ਨਾਲ ਨਾਲ ਬਾਕੀ ਸ਼ਹਿਰਾਂ ਵਿਚ ਵੀ ਦਫਤਰ ਖੋਹਲੇ ਜਾਣਗੇ ਤੇ ਇਹ ਭਰਤੀ ਭੇਟਾ ਰਹਿਤ ਹੋਵੇਗੀ।ਇਸ ਮੌਕੇ ਤੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਅੰਸ ਵੰਸ ਬਾਬਾ ਸਰਬਜੋਤ ਸਿੰਘ ਬੇਦੀ, ਸੰਤ ਸੇਵਾ ਸਿੰਘ ਰਾਮਪੁਰਖੇੜਾ ਵਾਲੇ, ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਜਰਨਲ ਸਕੱਤਰ ਬੀਬੀ ਕਿਰਨਜੋਤ ਕੌਰ, ਸਾਬਕਾ ਐਮ ਪੀ ਡਾ ਰਤਨ ਸਿੰਘ ਅਜਨਾਲਾ, ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਡਸਾ, ਸੁੱਚਾ ਸਿੰਘ ਛੋਟੇਪੁਰ, ਚਰਨਜੀਤ ਸਿੰਘ ਬਰਾੜ, ਸ੍ਰ ਜ਼ਸਬੀਰ ਸਿੰਘ ਘੰੁਮਣ, ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ, ਹਰਦੇਵ ਸਿੰਘ ਰੌਗਲਾ, ਕਰਨੈਲ ਸਿੰਘ ਪੰਜੋਲੀ, ਅਮਰੀਕ ਸਿੰਘ ਸ਼ਾਹਪੁਰ, ਸਾਬਕਾ ਮੈਂਬਰ ਭਜਨ ਸਿੰਘ ਸ਼ੇਰਗਿਲ, ਹਰਬੰਸ ਸਿੰਘ ਮੰਝਪੁਰ, ਮੰਗਲ ਸਿੰਘ, ਕਸ਼ਮੀਰ ਸਿੰਘ ਬਰਿਆਰ, ਜ਼ਸਵਿੰਦਰ ਸਿੰਘ ਐਡਵੋਕੇਟ ਅਤੇ ਸਾਬਕਾ ਸਕੱਤਰ ਸ੍ਰ ਦਲਜੀਤ ਸਿੰਘ ਬੇਦੀ ਆਦਿ ਹਾਜਰ ਸਨ।