ਪੰਜਾਬ

ਐਡਵੋਕੇਟ ਧਾਮੀ ਨੇ ਭਾਰਤ ਸਰਕਾਰ ਵੱਲੋਂ ਬੰਦੀ ਸਿੰਘਾਂ ਸਬੰਧੀ ਅਪਣਾਈ ਉਦਾਸੀਨ ਨੀਤੀ ਦੀ ਕੀਤੀ ਕਰੜੀ ਆਲੋਚਨਾ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | March 26, 2025 09:25 PM
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਉੱਤੇ ਅਪਣਾਈ ਜਾ ਰਹੀ ਉਦਾਸੀਨ ਨੀਤੀ ਦੀ ਕਰੜੀ ਆਲੋਚਨਾ ਕਰਦਿਆਂ ਸਰਕਾਰ ਦੀ ਇਸ ਪਹੁੰਚ ਨੂੰ ਮਾਨਵੀ ਅਧਿਕਾਰਾਂ ਦੀ ਉਲੰਘਣਾ, ਨਿਆਂ ਦੀਆਂ ਕਦਰਾਂ ਕੀਮਤਾਂ ਦੀ ਤੌਹੀਨ ਅਤੇ ਸਿੱਖਾਂ ਨਾਲ ਬੇਇਨਸਾਫ਼ੀ ਕਰਾਰ ਦਿੱਤਾ ਹੈ। ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜੇ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਇਸ ਸੰਜੀਦਾ ਮਾਮਲੇ ਉੱਤੇ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਯਤਨ ਕਰ ਰਹੀ ਹੈ, ਪਰ ਕੇਂਦਰ ਸਰਕਾਰ ਦਾ ਨਕਾਰਾਤਮਕ ਰਵੱਈਆ ਇਸ ਵਿੱਚ ਅੜਿੱਕਾ ਬਣਿਆ ਹੋਇਆ ਹੈ। ਉਨ੍ਹਾਂ ਆਖਿਆ ਬੀਤੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਪੰਜ ਮੈਂਬਰੀ ਕਮੇਟੀ ਦੀ ਗਠਨ ਕੀਤਾ ਗਿਆ ਸੀ, ਲੇਕਿਨ ਦੁਖਦ ਪਹਿਲੂ ਇਹ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਸਿੱਖਾਂ ਦੇ ਸਰਬਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੁਮਾਇੰਦਗੀ ਵਾਲੀ ਕਮੇਟੀ ਨੂੰ ਸਮਾਂ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ ਗਿਆ।
ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਲਈ ਕਈ ਯਤਨ ਕੀਤੇ ਗਏ, ਲੇਕਿਨ ਡੇਢ ਸਾਲ ਤੋਂ ਵੱਧ ਸਮਾਂ ਬੀਤਣ ਬਾਅਦ ਸਰਕਾਰ ਵੱਲੋਂ ਨਿਰਾਸ਼ਾਜਨਕ ਜਵਾਬ ਮਿਲਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੂੰ ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਸੂਚਨਾ ਅਨੁਸਾਰ ਬੰਦੀ ਸਿੰਘਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਨੇ ਜੋ ਸਮਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਲਈ ਦਸੰਬਰ 2023 ਵਿੱਚ ਮੰਗਿਆ ਸੀ, ਜਿਸ ਨੂੰ 21 ਮਾਰਚ 2025 ਨੂੰ ਇਹ ਕਹਿੰਦਿਆਂ ਬੰਦ ਕਰ ਦਿੱਤਾ ਗਿਆ ਹੈ ਕਿ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਪਾਸ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਪਾਸ ਵਿਚਾਰ ਅਧੀਨ ਹੈ ਤਾਂ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਸਰਕਾਰ ਵੱਲੋਂ ਫੈਸਲਾ ਕਿਉਂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇਹ ਕਿਹਾ ਗਿਆ ਸੀ ਕਿ ਇਸ ਮਾਮਲੇ ਸਬੰਧੀ ਗ੍ਰਹਿ ਮੰਤਰੀ ਨਾਲ ਗੱਲਬਾਤ ਕੀਤੀ ਜਾਵੇ, ਪਰੰਤੂ ਗ੍ਰਹਿ ਮੰਤਰਾਲੇ ਵੱਲੋਂ ਵੀ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਗਿਆ।
ਐਡਵੋਕੇਟ ਧਾਮੀ ਨੇ ਕਿਹਾ ਕਿ ਭਾਈ ਰਾਜੋਆਣਾ ਅਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ ਸਿੱਖ ਭਾਵਨਾਵਾਂ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਨੇ ਲੰਮੀਆਂ ਸਜ਼ਾਵਾਂ ਵੀ ਭੁਗਤ ਲਈਆਂ ਹਨ, ਇਸ ਲਈ ਭਾਰਤ ਸਰਕਾਰ ਨੂੰ ਬਿਨਾਂ ਦੇਰੀ ਫੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਨਿਆਂ ਦਾ ਨਿਯਮ ਸਭ ਲਈ ਇੱਕਸਾਰ ਲਾਗੂ ਕਰਨਾ ਸਰਕਾਰਾਂ ਦੀ ਜਿੰਮੇਵਾਰੀ ਹੈ ਅਤੇ ਇਸ ’ਤੇ ਰਾਜਸੀ ਪਹੁੰਚ ਠੀਕ ਨਹੀਂ ਹੈ। ਲਿਹਾਜ਼ਾ ਬੰਦੀ ਸਿੰਘਾਂ ਨੂੰ ਨਿਆਂ ਦੇ ਕੇ ਸਰਕਾਰ ਆਪਣੀ ਜਿੰਮੇਵਾਰੀ ਨਿਭਾਏ ਤਾਂ ਜੋ ਸਿੱਖਾਂ ਅੰਦਰ ਬੇਵਿਸ਼ਵਾਸੀ ਦੀ ਭਾਵਨਾ ਨਾ ਬਣੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ. ਗੁਰਮੀਤ ਸਿੰਘ ਬੂਹ, ਓਐੱਸਡੀ ਸ. ਸਤਬੀਰ ਸਿੰਘ ਧਾਮੀ ਵੀ ਮੌਜੂਦ ਸਨ।

Have something to say? Post your comment

 

ਪੰਜਾਬ

ਖਾਲਸਾ ਕਾਲਜ ਵਿਖੇ ਪੰਜਾਬੀ ਵਿਭਾਗ ਦੇ ਡਾ. ਪਰਮਿੰਦਰ ਸਿੰਘ 12ਵੇਂ ਮੁੱਖੀ ਨਿਯੁਕਤ

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣੀ ਭਾਰਤੀ ਕਮੇਟੀ ਨੂੰ ਪਟਿਆਲਾ ਵਿੱਚ ਵੀ ਮਿਲਿਆ ਜੋਰਦਾਰ ਹੁੰਗਾਰਾ-ਕਈ ਪੰਥਕ ਪਰਿਵਾਰ ਹੋਏ ਇੱਕ ਜੁੱਟ

ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਵਿਸਾਖੀ ਤੇ ਕੌਮ ਦੇ ਨਾਮ ਸੰਦੇਸ਼ ਜਾਰੀ ਕਰਨਗੇ: ਬਾਬਾ ਬਲਬੀਰ ਸਿੰਘ

ਪੰਜਾਬ ਪੁਲਿਸ ਨੇ ਪਾਕਿਸਤਾਨ ਅਤੇ ਅਮਰੀਕਾ ਅਧਾਰਤ ਡਰੱਗ ਸਿੰਡੀਕੇਟਸ ਨਾਲ ਸਬੰਧਤ 15 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਕਾਬੂ

ਪੰਜਾਬ ਸਰਕਾਰ ਵੱਲੋਂ ਐਨ.ਜੀ.ਓਜ਼ ਨੂੰ ਵਿੱਤੀ ਸਹਾਇਤਾ ਲਈ 80 ਲੱਖ ਰੁਪਏ ਦੀ ਗਰਾਂਟ ਜਾਰੀ – ਡਾ. ਬਲਜੀਤ ਕੌਰ

ਪਿਛਲੇ ਹਾਕਮਾਂ ਨੇ ਪੰਜਾਬ ਅਤੇ ਇਸ ਦੇ ਪਾਣੀਆਂ ਨੂੰ ਆਪਣੇ ਨਿੱਜੀ ਫਾਇਦਿਆਂ ਲਈ ਵੰਡਿਆ: ਕੈਬਨਿਟ ਮੰਤਰੀ

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਸੰਕਲਪ ਪੰਜਾਬ ਵਿੱਚੋਂ ਨਸ਼ਾ ਅਤੇ ਨਸ਼ਾ ਤਸਕਰਾਂ ਨੂੰ ਕਰਾਂਗੇ ਜੜ੍ਹੋਂ ਖਤਮ

ਤਰਨਤਾਰਨ ਵਿੱਚ 'ਆਪ' ਹੋਈ ਹੋਰ ਵੀ ਮਜ਼ਬੂਤ, ਕਈ ਸਥਾਨਕ ਆਗੂ ਪਾਰਟੀ ਵਿੱਚ ਹੋਏ ਸ਼ਾਮਲ

ਮੁੱਖ ਮੰਤਰੀ ਵੱਲੋਂ ਮੁਸਲਿਮ ਭਰਾਵਾਂ ਨੂੰ ਈਦ ਦਾ ਤੋਹਫ਼ਾ; ਮਲੇਰਕੋਟਲਾ ਦੇ ਵਿਕਾਸ ਲਈ 200 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਐਲਾਨ

ਆਈ.ਏ.ਐਸ. ਮਾਲਵਿੰਦਰ ਸਿੰਘ ਜੱਗੀ 33 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਹੋਏ ਸੇਵਾ ਮੁਕਤ