“ਸਿੱਖ ਸਫਾ ਵਿਚ ਬਤੌਰ ਲੇਖਕ ਅਤੇ ਖਾੜਕੂ ਸਫਾ ਵਿਚ ਕੰਮ ਕਰਨ ਵਾਲੇ ਭਾਈ ਨਰੈਣ ਸਿੰਘ ਚੌੜਾ ਜੋ ਬੀਤੇ ਲੰਮੇ ਸਮੇ ਤੋਂ ਕੌਮ ਦੀਆਂ ਮਰਿਯਾਦਾਵਾ, ਰਹੁ-ਰੀਤੀਆ ਨੂੰ ਸਹੀ ਰੂਪ ਵਿਚ ਲਾਗੂ ਕਰਨ ਹਿੱਤ ਸਰਗਰਮ ਚੱਲਦੇ ਆ ਰਹੇ ਹਨ ਅਤੇ ਜਿਨ੍ਹਾਂ ਦਾ ਜੀਵਨ ਕੁਰਬਾਨੀ ਭਰਿਆ ਹੈ, ਉਨ੍ਹਾਂ ਨੂੰ ਕੁਝ ਸਮਾਂ ਪਹਿਲਾ ਸ੍ਰੀ ਦਰਬਾਰ ਸਾਹਿਬ ਵਿਖੇ ਗੋਲੀ ਚਲਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ । ਜਿਸ ਨਾਲ ਸੰਘਰਸ ਵਿਚ ਸਰਗਰਮ ਸਿੱਖਾਂ ਦੇ ਮਨਾਂ ਤੇ ਆਤਮਾ ਨੂੰ ਡੂੰਘੀ ਠੇਸ ਪਹੁੰਚੀ ਸੀ । ਬੀਤੇ ਦਿਨੀਂ ਉਨ੍ਹਾਂ ਨੂੰ ਰੋਪੜ੍ਹ ਜੇਲ ਤੋ ਜਮਾਨਤ ਉਤੇ ਰਿਹਾਅ ਕਰ ਦਿੱਤਾ ਗਿਆ ਹੈ । ਜਿਸ ਕਾਨੂੰਨੀ ਅਮਲ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਸਵਾਗਤ ਕਰਦਾ ਹੈ, ਉਥੇ ਉਨ੍ਹਾਂ ਦੇ ਬਾਹਰ ਆਉਣ ਤੇ ਇਖਲਾਕੀ ਅਤੇ ਕੌਮ ਦਾ ਦਰਦ ਰੱਖਣ ਵਾਲੀਆ ਸਖਸ਼ੀਅਤਾਂ ਨੂੰ ਚੋਖਾ ਬਲ ਮਿਲੇਗਾ । ਜਿਸ ਨਾਲ ਸਿੱਖ ਕੌਮ ਦੇ ਚੱਲ ਰਹੇ ਆਜਾਦੀ ਦੇ ਸੰਘਰਸ ਨੂੰ ਮੰਜਿਲ ਵੱਲ ਲਿਜਾਣ ਵਿਚ ਵੀ ਵੱਡਾ ਸਹਿਯੋਗ ਮਿਲੇਗਾ ।”
ਇਹ ਸਵਾਗਤ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਨਰੈਣ ਸਿੰਘ ਚੌੜਾ ਦੇ ਜੇਲ ਤੋ ਜਮਾਨਤ ਤੇ ਰਿਹਾਅ ਹੋਣ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ, ਵਰਕਰਾਂ ਅਤੇ ਹੋਰ ਜਥੇਬੰਦੀਆਂ ਵੱਲੋ ਉਨ੍ਹਾਂ ਦੇ ਬਾਹਰ ਆਉਣ ਤੇ ਕੀਤੇ ਗਏ ਭਰਵੇ ਸਵਾਗਤ ਲਈ ਸਭ ਜਥੇਬੰਦੀਆਂ ਦਾ ਧੰਨਵਾਦ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਮੌਜੂਦਾ ਸਮਾਂ ਜਿਸ ਵਿਚ ਬਾਦਲ ਦਲੀਆ ਅਤੇ ਬਾਗੀ ਦਲੀਆ ਵੱਲੋ ਸਿੱਖ ਕੌਮ ਦੇ ਸਿਧਾਤਾਂ, ਅਸੂਲਾਂ, ਨਿਯਮਾਂ ਦਾ ਘਾਣ ਕਰਕੇ ਆਪਣੇ ਸਵਾਰਥੀ ਹਿੱਤਾ ਲਈ ਬੀਤੇ ਲੰਮੇ ਸਮੇ ਤੋ ਗੈਰ ਸਿਧਾਤਿਕ ਸਿਆਸਤ ਕੀਤੇ ਜਾਣ ਦੀ ਬਦੌਲਤ ਸਾਡੀਆ ਸਿੱਖੀ ਸੰਸਥਾਵਾਂ ਦੇ ਮਾਣ ਸਨਮਾਨ ਨੂੰ ਡੂੰਘੀ ਠੇਸ ਪਹੁੰਚਾਈ ਗਈ ਹੈ ਅਤੇ ਜੋ ਘਟੀਆ ਹੱਥਕੰਡੇ ਵਰਤਕੇ ਸਿੱਖੀ ਸੰਸਥਾਵਾਂ ਦੀ ਇਸੇ ਤਰ੍ਹਾਂ ਦੁਰਵਰਤੋ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ, ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਮਹਾਨ ਸੰਸਥਾਂ ਦੇ ਮਾਣ ਸਨਮਾਨ ਨੂੰ ਬਹਾਲ ਕਰਵਾਉਣ ਲਈ ਸਮੁੱਚੇ ਸੰਘਰਸੀ ਯੋਧਿਆ ਨੂੰ ਆਉਣ ਵਾਲੇ ਸਮੇ ਦੀ ਨਿਜਾਕਤ ਨੂੰ ਪਹਿਚਾਣਦੇ ਹੋਏ ਇਕੱਤਰ ਹੋ ਕੇ ਅਗਲੀ ਧਰਮੀ ਸਿਆਸਤ ਕਰਨ ਦੀ ਸਖਤ ਲੋੜ ਹੈ । ਸਭ ਸੰਘਰਸੀਲ ਧਿਰਾਂ ਨੂੰ ਇਕ ਦੂਜੇ ਨੂੰ ਸਮਝਦੇ ਹੋਏ ਆਪਣੀਆ ਮਹਾਨ ਸੰਸਥਾਵਾਂ ਦੇ ਸਤਿਕਾਰ ਮਾਣ ਨੂੰ ਬਹਾਲ ਕਰਵਾਉਣ ਤੇ ਮੀਰੀ ਪੀਰੀ ਦੇ ਮਹਾਨ ਤਖਤ ਦੀ ਅਗਵਾਈ ਹੇਠ ਇਕੱਠ ਹੋ ਕੇ ਅੱਜ ਲੜਾਈ ਲੜਨ ਦੀ ਲੋੜ ਹੈ ਤਾਂ ਕਿ ਅਸੀ ਆਉਣ ਵਾਲੀਆ ਐਸ.ਜੀ.ਪੀ.ਸੀ ਚੋਣਾਂ ਵਿਚ ਉਚੇ ਸੁੱਚੇ ਇਖਲਾਕ ਵਾਲੇ ਉਮੀਦਵਾਰਾਂ ਨੂੰ ਜਿਤਾਕੇ ਆਪਣੀ ਐਸ.ਜੀ.ਪੀ.ਸੀ ਦੀ ਪ੍ਰਬੰਧਕੀ ਸੰਸਥਾਂ ਦੇ ਪ੍ਰਬੰਧ ਵਿਚ ਆਏ ਨਿਘਾਰ ਨੂੰ ਸਹੀ ਕਰ ਸਕੀਏ ਅਤੇ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਕੀਤੀਆ ਗਈਆ ਕੌਮੀ ਮਰਿਯਾਦਾਵਾ ਤੇ ਸੋਚ ਨੂੰ ਮਜਬੂਤ ਕਰਕੇ ਆਪਣੀ ਆਜਾਦੀ ਦੀ ਮੰਜਿਲ ਵੱਲ ਵੱਧ ਸਕੀਏ।