ਨਵੀਂ ਦਿੱਲੀ-ਤਖਤ ਪਟਨਾ ਸਾਹਿਬ ਕਮੇਟੀ ਵਲੋਂ ਸਮੇਂ-ਸਮੇਂ ਤੇ ਬੱਚਿਆਂ ਨੂੰ ਗੁਰਬਾਣੀ, ਗੁਰੂ ਇਤਿਹਾਸ, ਗਤਕਾ ਸਿਖਲਾਈ ਨਾਲ ਜੋੜਨ ਦੇ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ। ਇਸੇ ਕੜੀ ਵਿੱਚ ਕਮੇਟੀ ਨੇ ਬਾਬਾ ਦੀਪ ਸਿੰਘ ਗਤਕਾ ਅਖਾੜੇ ਦੇ ਸਹਿਯੋਗ ਨਾਲ ਬੱਚਿਆਂ ਲਈ ਤਬਲਾ ਸਿਖਲਾਈ ਦੀਆਂ ਕਲਾਸਾਂ ਸ਼ੁਰੂ ਕਰਵਾਈਆਂ ਹਨ। ਇਸ ਮੌਕੇ 'ਤੇ ਕਮੇਟੀ ਦੇ ਧਰਮ ਪ੍ਰਚਾਰ ਦੇ ਚੇਅਰਮੈਨ ਮਹੇੰਦਰਪਾਲ ਸਿੰਘ ਢਿੱਲੋ, ਸਕੱਤਰ ਹਰਬੰਸ ਸਿੰਘ, ਮੈਂਬਰ ਹਰਪਾਲ ਸਿੰਘ ਜੋਹਲ, ਕਥਾ ਵਾਚਕ ਸਤਨਾਮ ਸਿੰਘ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ।
ਸ੍ਰੀ ਮਹੇੰਦਰਪਾਲ ਸਿੰਘ ਢਿੱਲੋ ਨੇ ਦੱਸਿਆ ਕਿ ਕਮੇਟੀ ਵੱਲੋਂ ਉਨ੍ਹਾਂ ਨੂੰ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸਨੂੰ ਉਹ ਬਖੂਬੀ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਜ ਬੱਚਿਆਂ ਦੀ ਤਬਲਾ ਸਿਖਲਾਈ ਕਲਾਸ ਤੋਂ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ, ਅਤੇ ਅਗਲੇ ਦਿਨਾਂ ਵਿੱਚ ਧਰਮ ਪ੍ਰਚਾਰ ਦੇ ਕੰਮ ਨੂੰ ਵੱਧ ਚੜ੍ਹ ਕੇ ਕੀਤਾ ਜਾਵੇਗਾ ਅਤੇ ਖਾਸ ਕਰਕੇ ਉਹਨਾਂ ਪਿਛੜੇ ਇਲਾਕਿਆਂ ਵਿੱਚ ਜਾ ਕੇ ਧਰਮ ਦਾ ਪ੍ਰਚਾਰ ਕੀਤਾ ਜਾਵੇਗਾ ਜਿੱਥੇ ਲੋਕਾਂ ਵਿੱਚ ਅੱਜ ਵੀ ਜਾਗਰੂਕਤਾ ਦੀ ਕਮੀ ਹੈ। ਸਮੇਂ-ਸਮੇਂ 'ਤੇ ਅੰਮ੍ਰਿਤ ਸੰਚਾਰ ਦੇ ਪ੍ਰੋਗ੍ਰਾਮ ਵੀ ਕੀਤੇ ਜਾਣਗੇ ਅਤੇ ਗੁਰੂ ਤੇਗ ਬਹਾਦਰ ਜੀ ਦੀ 350 ਸਾਲੀ ਸ਼ਹੀਦੀ ਪੁਰਬ ਨੂੰ ਮਨਾਉਣ ਲਈ ਵੀ ਪ੍ਰੋਗ੍ਰਾਮ ਕੀਤੇ ਜਾਣਗੇ।