ਨਵੀਂ ਦਿੱਲੀ - ਮਾਤਾ ਸੁੰਦਰੀ ਕਾਲਜ ਦੇ ਪ੍ਰਿੰਸੀਪਲ ਸਾਹਿਬਾ ਦੀ ਅਗਵਾਈ ਵਿੱਚ ਵਿਦਿਆਰਥਨਾਂ ਦਾ ਜੱਥਾ ਸ਼੍ਰੀ ਮੰਜੀ ਸਾਹਿਬ ਅੰਬਾਲਾ ਸ਼ਹਿਰ ਵਿਖੇ ਦਰਸ਼ਨ ਦੀਦਾਰੇ ਲਈ ਪਹੁੰਚਣ ਤੇ ਵਿਰਾਸਤ ਸਿੱਖੀਜ਼ਮ ਟਰੱਸਟ ਦੇ ਅੰਤਰਿਮ ਮੈਂਬਰ ਸਰਦਾਰ ਕਰਮ ਸਿੰਘ ਨੇ ਸੰਗਤ ਦਾ ਭਰਵਾਂ ਸਵਾਗਤ ਕੀਤਾ। ਗੁਰਦੁਆਰਾ ਮੰਜੀ ਸਾਹਿਬ ਦੇ ਮੈਨੇਜਰ ਸਰਦਾਰ ਪ੍ਰਿਤਪਾਲ ਸਿੰਘ ਜੀ ਨੇ ਵੀ ਦਰਸ਼ਨ ਨੂੰ ਆਈ ਸੰਗਤ ਨੂੰ ਜੀ ਆਇਆਂ ਆਖਿਆ ਅਤੇ ਕਾਲਜ ਦੀ ਪ੍ਰਿੰਸੀਪਲ ਪ੍ਰੋਫੈਸਰ ਹਰਪ੍ਰੀਤ ਕੌਰ ਅਤੇ ਟਰੱਸਟ ਦੇ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਅਤੇ ਡਾ ਰਸ਼ਮੀ ਕੋਰ ਨੂੰ ਸਿਰੋਪਾਓ ਦੀ ਬਖਸ਼ਿਸ਼ ਨਾਲ ਨਵਾਜਿਆ। ਸਰਦਾਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਮਾਤਾ ਸੁੰਦਰੀ ਕੋਰ ਜੀ ਦੇ ਨਾਮ ਤੇ ਚਲ ਰਹੇ ਕਾਲਜ ਵਲੋਂ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਦਾ ਇਹ ਇਕ ਸ਼ਲਾਘਾਯੋਗ ਉਪਰਾਲਾ ਹੈ। ਪ੍ਰਿੰਸੀਪਲ ਪ੍ਰੋਫੈਸਰ ਹਰਪ੍ਰੀਤ ਕੌਰ ਨੇ ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਇਸ ਉਪਰਾਲੇ ਦਾ ਮੁੱਖ ਟੀਚਾ ਨੋਜਵਾਨ ਬੱਚਿਆਂ ਨੂੰ ਪਾਵਨ ਇਤਿਹਾਸਕ ਅਸਥਾਨ ਦੇ ਦਰਸ਼ਨ ਦੀਦਾਰੇ ਕਰਵਾ ਕੇ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਜੋੜਨਾ ਹੈ। ਟਰੱਸਟ ਦੇ ਅੰਤਰਿਮ ਮੈਂਬਰ ਸਰਦਾਰ ਕਰਮ ਸਿੰਘ ਨੇ ਦੱਸਿਆ ਕਿ ਜਲਦ ਹੀ ਅੰਬਾਲਾ ਦੇ ਨੋਜਵਾਨ ਬੱਚਿਆਂ ਲਈ ਇਕ ਨਵੇਕਲ ਪ੍ਰੋਗਰਾਮ ਵਿਰਾਸਤ ਸਿੱਖੀਜ਼ਮ ਟਰੱਸਟ ਵੱਲੋਂ ਕਰਵਾਇਆ ਜਾਵੇਗਾ।