ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮਨਾਉਣ ਨੂੰ ਲੈ ਕੇ ਦਿੱਲੀ ਦੀਆਂ ਸਿੰਘ ਸਭਾਵਾਂ ਦੇ ਪ੍ਰਤੀਨਿਧਾਂ ਨਾਲ ਬੀਤੇ ਦਿਨ ਇਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਦੱਸਿਆ ਗਿਆ ਕਿ ਕਮੇਟੀ ਨੇ ਸਾਢੇ ਤਿੰਨ ਲੱਖ ਸਹਿਜ ਪਾਠ ਦਾ ਟੀਚਾ ਰੱਖਿਆ ਹੈ ਜਿਸ ਲਈ ਸੰਗਤਾ ਨੂੰ ਪ੍ਰੇਰਿਆ ਜਾ ਰਿਹਾ ਹੈ। 15 ਅਪ੍ਰੈਲ ਤੋਂ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਸਹਿਜ ਪਾਠ ਆਰੰਭ ਹੋਣਗੇ ਜਿਹਨਾਂ ਦੇ ਭੋਗ 25 ਨਵੰਬਰ 2025 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ’ਤੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਪਾਏ ਜਾਣੇ ਹਨ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਕੀਤਾ ਹੈ।
ਇਥੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਇਸ ਸਬੰਧ ਵਿਚ ਸਿੰਘ ਸਭਾਵਾਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ, ਸਰਦਾਰ ਕਾਹਲੋਂ ਤੇ ਸਰਦਾਰ ਕਰਮਸਰ ਨੇ ਕਿਹਾ ਕਿ ਸਾਡਾ ਯਤਨ ਹੈ ਕਿ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਜਾਵੇ। ਉਹਨਾਂ ਕਿਹਾ ਕਿ ਜਦੋਂ 1999 ਵਿਚ ਅਸੀਂ 300 ਸਾਲਾ ਖਾਲਸੇ ਦਾ ਜਨਮ ਦਿਹਾੜਾ ਮਨਾਇਆ, ਫਿਰ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦਾ ਦਿਹਾੜਾ ਆਇਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਦਿਹਾੜਾ ਆਇਆ ਤਾਂ ਸਮੁੱਚੀ ਦੁਨੀਆਂ ਨੇ ਵੇਖਿਆ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਤੇ ਕੌਮ ਨਾਲ ਸਬੰਧਤ ਦਿਹਾੜੇ ਕਿਵੇਂ ਮਨਾਉਂਦੇ ਹਾਂ। ਉਹਨਾਂ ਕਿਹਾ ਕਿ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸ਼ਹੀਦੀ ਦਿਹਾੜਾ ਆ ਰਿਹਾ ਹੈ। ਉਹਨਾਂ ਕਿਹਾ ਕਿ ਪੂਰੀ ਦੁਨੀਆਂ ਵਿਚ ਇਹ ਇਕਲੌਤੀ ਸ਼ਹਾਦਤ ਹੈ ਜੋ ਦੂਜਿਆਂ ਦੇ ਧਰਮ ਦੀ ਰਾਖੀ ਵਾਸਤੇ ਦਿੱਤੀ ਗਈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਸਰਬੰਸ ਵਾਰਿਆ, ਇਸਦੀ ਬਰਾਬਰੀ ਦੀ ਕੋਈ ਮਿਸਾਲ ਨਹੀਂ ਮਿਲਦੀ ਅਤੇ ਇਸ ਤੋਂ ਵੱਡੀ ਸ਼ਹਾਦਤ ਕੋਈ ਨਹੀਂ ਹੋਈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਹੋਈ। ਉਹਨਾਂ ਕਿਹਾ ਕਿ ਜਦੋਂ ਵੀ ਲੋਕ ਆਪਣਾ ਇਤਿਹਾਸ ਪੜ੍ਹਦੇ ਹਨ ਤਾਂ ਉਹਨਾਂ ਦੇ ਮਨਾਂ ’ਤੇ ਉਸਦੀ ਛਾਪ ਰਹਿ ਜਾਂਦੀ ਹੈ। ਉਹਨਾਂ ਕਿਹਾ ਕਿ ਇਹ ਇਕ ਅੱਟਲ ਸੱਚਾਈ ਹੈ ਕਿ ਸਾਡਾ ਸਿੱਖ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਹੈ। ਉਹਨਾਂ ਕਿਹਾ ਕਿ ਜੋ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਧਾਮ ਹਨ, ਉਹਨਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਸੀਂ ਸਲਾਹ ਮਸ਼ਵਰੇ ਵਾਸਤੇ ਸੱਦਿਆ ਹੈ। ਅਸੀਂ ਇਸ ਸ਼ਤਾਬਦੀ ਨੂੰ ਇਸ ਤਰੀਕੇ ਮਨਾਉਣਾ ਚਾਹੁੰਦੇ ਹਾਂ ਕਿ ਦੁਨੀਆਂ ਵਿਚ ਮਿਸਾਲ ਬਣੇ। ਉਹਨਾਂ ਕਿਹਾ ਕਿ ਜਿਵੇਂ ਵੀਰ ਬਾਲ ਦਿਵਸ ਨੂੰ ਦੁਨੀਆਂ ਭਰ ਵਿਚ ਸਰਕਾਰ ਨੇ ਮਨਾਇਆ, ਉਸੇ ਤਰੀਕੇ ਅਸੀਂ ਇਹ ਸ਼ਤਾਬਦੀ ਮਨਾਉਣਾ ਚਾਹੁੰਦੇ ਹਾਂ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਸਰਕਾਰਾਂ ਦਾ ਵੀ ਸਾਨੂੰ ਪੂਰਨ ਸਹਿਯੋਗ ਹੈ। ਉਹਨਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਦੇ ਨਾਲ-ਨਾਲ ਉਹਨਾਂ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਵੀ ਮਿਲਾਂਗੇ ਜਿਥੇ-ਜਿਥੇ ਗੁਰੂ ਸਾਹਿਬ ਗਏ ਸਨ ਤੇ ਦੱਸਾਂਗੇ ਕਿ ਅਸੀਂ ਇਹ ਦਿਹਾੜਾ ਮਨਾਉਣਾ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਤਿਲਕ ਜੰਜੂ ਦੀ ਰਾਖੀ ਕੀਤੀ ਹੈ।
ਉਹਨਾਂ ਕਿਹਾ ਕਿ ਤੁਹਾਡੇ ਸੁਝਾਅ ਲੈਣ ਮਗਰੋਂ ਅਸੀਂ ਅੰਤਿਮ ਪ੍ਰੋਗਰਾਮ ਤੈਅ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਅਜਿਹੇ ਪ੍ਰੋਗਰਾਮ ਕਰਾਵਾਂਗੇ ਕਿ ਦੁਨੀਆਂ ਯਾਦ ਰੱਖੇ। ਉਹਨਾਂ ਕਿਹਾ ਕਿ 15 ਅਪ੍ਰੈਲ ਤੋਂ ਅਸੀਂ ਸਹਿਜ ਪਾਠ ਦੀ ਆਰੰਭਤਾ ਸਵੇਰੇ 11.00 ਵਜੇ ਕਰਾਂਗੇ। ਅਸੀਂ ਸੰਗਤਾਂ ਨੂੰ ਅਪੀਲ ਕਰਾਂਗੇ ਕਿ ਆਪ ਪਾਠ ਕਰੋ ਤੇ ਜਿਹਨਾਂ ਦੇ ਘਰਾਂ ਵਿਚ ਸਰੂਪ ਨਹੀਂ ਹਨ, ਅਸੀਂ ਸਰੂਪ ਵੀ ਦੇਵਾਂਗੇ। ਉਹਨਾਂ ਕਿਹਾ ਕਿ ਜਿਹਨਾਂ ਦੇ ਘਰਾਂ ਵਿਚ ਸਰੂਪ ਰੱਖਣ ਲਈ ਥਾਂ ਨਹੀਂ, ਅਸੀਂ ਸੈਂਚੀਆਂ ਪ੍ਰਦਾਨ ਕਰਾਂਗੇ। ਉਹਨਾਂ ਕਿਹਾ ਕਿ ਸਹਿਜ ਪਾਠ ਦੀ ਸਮਾਪਤੀ 25 ਨਵੰਬਰ ਨੂੰ ਹੋਵੇਗੀ। ਉਹਨਾਂ ਕਿਹਾ ਕਿ 25 ਨਵੰਬਰ ਨੂੰ ਅਸੀਂ ਲਾਲ ਕਿਲ੍ਹੇ ’ਤੇ ਵੱਡਾ ਸਮਾਗਮ ਕਰਾਂਗੇ। ਇਥੇ ਹੀ ਸ੍ਰੀ ਸਹਿਜ ਪਾਠ ਦੀ ਸੰਪੂਰਨਤਾ ਕਰਾਂਗੇ। ਉਹਨਾਂ ਕਿਹਾ ਕਿ ਜਿਹਨਾਂ ਨੂੰ ਖ਼ਤਮ ਕਰਨ ਵਾਸਤੇ ਔਰੰਗਜੇਬ ਨੇ ਮੁਹਿੰਮ ਚਲਾਈ, ਉਹਨਾਂ ਦਾ ਨਾਂ ਸਾਰੀ ਦੁਨੀਆਂ ਵਿਚ ਗੂੰਜ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ 15 ਅਪ੍ਰੈਲ ਤੱਕ ਨਾਵਾਂ ਦੀ ਰਜਿਸਟਰੇਸ਼ਨ ਕਰਾਂਗੇ, ਜਿਸ ਵਾਸਤੇ ਲੋਕ ਆਪ ਮੁਹਾਰੇ ਅੱਗੇ ਆਉਣ। ਉਹਨਾਂ ਕਿਹਾ ਕਿ ਅਸੀਂ ਦੱਸਾਂਗੇ ਕਿ ਕਿਵੇਂ ਲੱਖਾਂ ਲੋਕ ਰੋਜ਼ਾਨਾ ਸਹਿਜ ਪਾਠ ਕਰਨਗੇ ਤੇ ਗੁਰੂ ਦੇ ਜਸ ਗਾਇਨ ਕਰਨਗੇ। ਉਹਨਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਮੈਂਬਰਾਂ ਨੂੰ ਆਖਿਆ ਕਿ ਉਹ ਆਪੋ ਆਪਣੇ ਇਲਾਕੇ ਵਿਚ ਸਿੰਘ ਸਭਾਵਾਂ, ਇਸਤਰੀ ਸਤਿਸੰਗ ਤੇ ਹੋਰ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕਰ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਾਸਤੇ ਯੋਗਦਾਨ ਪਾਉਣ।