ਤਲਵੰਡੀ ਸਾਬੋ- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਵਿਸਾਖੀ ਵਾਲੇ ਦਿਹਾੜੇ ਭਾਵ ਖਾਲਸਾ ਸਾਜਨਾ ਦਿਵਸ ਤੇ ਸੰਗਤਾਂ ਨੂੰ ਹੁੰਮ ਹੁਮਾ ਕੇ ਤਲਵੰਡੀ ਸਾਬੋ ਬਠਿੰਡਾ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਜਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਿੱਖਾਂ ਲਈ ਵਿਸਾਖੀ ਕੋਈ ਰਵਾਇਤੀ ਤਿਉਹਾਰ ਜਾਂ ਮੇਲਾ ਨਹੀਂ ਹੈ, ਵਿਸਾਖੀ ਸਿੱਖ ਕੌਮ ਲਈ ਕਰਾਂਤੀਕਾਰੀ ਤੇ ਹਰ ਗੁਲਾਮੀ ਤੋਂ ਦੱਬੇ ਕੁਚਲੇ ਅਤੇ ਲਿਤਾੜੇ ਮਨੁੱਖ ਨੂੰ ਅਜ਼ਾਦ ਹੋਣ ਦਾ ਦਿਹਾੜਾ ਹੈ। ਉਨ੍ਹਾਂ ਰਾਜਨੀਤਕ ਗੁਲਾਮੀ ਨੂੰ ਗੁਲਾਮੀ ਦਾ ਬਹੁਤ ਹੀ ਕਰੂਰ ਰੂਪ ਮੰਨਿਆ ਹੈ। ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਜੀ ਦੇ ਅਣਖੀ ਸੂਰਮਿਆਂ ਦਾ ਸਾਜਿਆ ਹੋਇਆ ਪੰਥ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਕਈ ਸਰਕਾਰਾਂ ਆਈਆਂ ਤੇ ਗਈਆਂ, ਕੋਈ ਵੀ ਵੈਸਾਖੀ ਵਾਲੇ ਦਿਹਾੜੇ ਨੂੰ ਖਾਲਸਾ ਸਾਜਨਾ ਦਿਵਸ ਦਾ ਨਾਮ ਨਹੀ ਦੇ ਸਕਿਆ, ਸਿੱਖਾਂ ਦੇ ਦਾਅਵੇਦਾਰਾਂ ਨੂੰ ਇਸ ਦਿਹਾੜੇ ਨੂੰ ਖਾਲਸਾ ਸਾਜਨਾ ਦਿਵਸ ਵਜੋਂ ਮਾਨਤਾ ਦਿਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖੀ ਵਿਰੁੱਧ ਤਾਕਤਾਂ ਨੇ ਵੈਸਾਖ ਨੂੰ ਕੇਵਲ ਆਰਥਿਕ ਸਭਿਆਚਾਰਕ ਭਾਵਨਾ ਨਾਲ ਜੋੜ ਦਿੱਤਾ ਹੈ। ਸਿੱਖ ਕੌਮ ਦੀ ਹੋਂਦ ਦਾ ਪ੍ਰਗਟਾਅ ਨਹੀਂ ਹੋਣ ਦਿਤਾ ਗਿਆ। ਉਨ੍ਹਾਂ ਕਿਹਾ ਇੱਕ ਵੈਸਾਖ ਨੂੰ ਹਰ ਥਾਂ ਪੁਰ “ਖਾਲਸਾ ਸਾਜਨਾ ਦਿਵਸ” ਵਜੋਂ ਮਨਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਸਤਿਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸਿਧਾਂਤ ਦਿੱਤਾ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਨਿਮਰਤਾ ਅਤੇ ਤੀਜੇ ਗੁਰੂ ਅਮਰਦਾਸ ਜੀ ਨੇ ਲੰਗਰ ਪ੍ਰਥਾ, ਚੌਥੇ ਗੁਰੂ ਨੇ ਮਨੁੱਖਤਾ ਅੰਦਰ ਅਧਿਆਤਮਕ ਦੀ ਰੂਹ ਫੁਕੀ। ਪੰਜਵੇਂ ਪਾਤਸ਼ਾਹ ਨੇ ਤੱਤੀ ਤਵੀ ਤੇ ਬੈਠ ਭਾਣਾ ਮੰਨਣ ਦਾ ਰਾਹ ਦਰਸਾਇਆ, ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਸਾਜ ਕੇ ਜ਼ੁਲਮ ਵਿਰੁੱਧ ਲੜਨਾ ਤੇ ਆਪਣੇ ਹੱਕ ਪ੍ਰਾਪਤ ਕਰਨ ਦਾ ਰਾਹ ਦੱਸਿਆ। ਛੇਵੇਂ ਗੁਰੂ ਨੇ 52 ਬਾਗ਼ ਲਾ ਕੇ ਕੁਦਰਤ ਦੀ ਹੋਂਦ ਨੂੰ ਬਰਾਬਰ ਰੱਖਣ ਦਾ ਸੰਦੇਸ਼ ਦਿੱਤਾ। ਅੱਠਵੇਂ ਗੁਰੂ ਨੇ ਔਰੰਗਜੇਬ ਨੂੰ ਨਾ ਮਿਲ ਕੇ ਅਦੁਤੀ ਦ੍ਰਿੜਤਾ ਦਾ ਸਬੂਤ ਦਿੱਤਾ। ਨੌਵੇਂ ਗੁਰੂ ਨੇ ਆਪਣਾ ਸੀਸ ਕੁਰਬਾਨ ਕਰਕੇ ਮਨੁੱਖਤਾ ਨੂੰ ਬਚਾਉਣ ਦਾ ਸੁਨੇਹਾ ਦਿੱਤਾ। ਨੌਂ ਗੁਰੂ ਸਾਹਿਬਾਨ ਨੂੰ ਖਾਲਸਾ ਸਾਜਨਾ ਦਿਵਸ ਤੱਕ 232 ਸਾਲਾਂ ਦਾ ਸਮਾਂ ਲੱਗਿਆ। ਉਹਨਾਂ ਕਿਹਾ ਕਿ ਵਿਸਾਖੀ ਦਿਹਾੜੇ ਨੂੰ ਖਾਲਸਾ ਸਾਜਨਾ ਦਿਵਸ ਵਜੋਂ ਮਨਾਉਣਾ ਕੀਤਾ ਹੈ ਉੱਥੇ ਸਰਕਾਰੀ ਪੱਧਰ ਤੇ ਵੀ ਇਸ ਨੂੰ ਖਾਲਸਾ ਸਾਜਨਾ ਦਿਵਸ ਮਨਾਇਆ ਜਾਵੇ। ਉਨ੍ਹਾਂ ਕਿਹਾ ਗੁਰਦੁਆਰਾ ਬੇਰ ਸਾਹਿਬ ਦੇਗਸਰ ਸਾਹਿਬ ਵਿਖੇ ਬੁੱਢਾ ਦਲ ਵੱਲੋਂ ਵਿਸ਼ੇਸ਼ ਤੌਰ ਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਵੇਗਾ, ਜਿਨ੍ਹਾਂ ਵੀਰਾਂ ਭੈਣਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ ਉਹ ਆਪਣੇ ਨਾਂ ਗੁ: ਬੇਰ ਸਾਹਿਬ ਵਿਖੇ ਦਰਜ ਕਰਾਉਣ ਦੀ ਖੇਚਲ ਕਰਨ।