ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘੱਟ ਗਿਣਤੀ ਸੈਲ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਦਿੱਲੀ ਦੇ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਤੇ ਉਦਯੋਗ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੌਮੀ ਰਾਜਧਾਨੀ ਵਿਚ ਪੜ੍ਹਦੇ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਲਈ ਫੀਸ ਵਾਪਸੀ ਦੀ ਸਕੀਮ ਦੇ ਮਾਮਲੇ ਵਿਚ ਆਮਦਨ ਦੀ ਹੱਦ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਜਾਵੇ ਤਾਂ ਜੋ ਢੁਕਵੀਂ ਗਿਣਤੀ ਵਿਚ ਵਿਦਿਆਰਥੀ ਸਕੀਮ ਦਾ ਲਾਭ ਲੈ ਸਕਣ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਜਸਵਿੰਦਰ ਸਿੰਘ ਜੌਲੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਅਜੋਕੇ ਮਹਿੰਗਾਈ ਵਾਲੇ ਯੁੱਗ ਵਿਚ 3 ਲੱਖ ਰੁਪਏ ਦੀ ਆਮਦਨ ਹੱਦ ਬਹੁਤ ਜ਼ਿਆਦਾ ਘੱਟ ਹੈ। ਉਹਨਾਂ ਕਿਹਾ ਕਿ ਜਿਹੜੇ ਪਰਿਵਾਰਾਂ ਦੀ ਆਮਦਨ 3 ਲੱਖ ਰੁਪਏ ਤੋ ਸਿਰਫ 500 ਰੁਪਏ ਜਾਂ ਹੋਰ ਥੋੜ੍ਹੀ ਜ਼ਿਆਦਾ ਹੈ, ਉਹ ਇਸ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਉਹਨਾਂਕਿਹਾ ਕਿ ਮਹਿੰਗਾਈ ਦੇ ਇਸ ਯੁੱਗ ਵਿਚ ਸਭ ਤੋਂ ਵੱਡੀ ਮਾਰ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਨੂੰ ਪੈ ਰਹੀ ਹੈ ਜਿਹਨਾਂ ਦੇ ਪਰਿਵਾਰ ਫੀਸਾਂ ਭਰਨ ਤੋਂ ਅਸਮਰਥ ਹਨ ਤੇ ਉਪਰੋਂ ਆਮਦਨ ਦੀ ਹੱਦ ਸੀਮਤ ਹੋਣ ਕਾਰਣ ਉਹ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਦੀਆਂ ਅਜਿਹੀਆਂ ਸਕੀਮਾਂ ਦਾ ਲਾਭ ਨਹੀਂ ਉਠਾ ਸਕਦੇ। ਸਰਦਾਰ ਜਸਵਿੰਦਰ ਸਿੰਘ ਜੌਲੀ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਲਾਭ ਸਹੀ ਲਾਭ ਪਾਤਰਾਂ ਤੱਕ ਪਹੁੰਚਾਉਣ ਲਈ ਜ਼ਰੂਰੀ ਹੈ ਕਿ ਇਸ ਸਕੀਮ ਤਹਿਤ ਆਮਦਨ ਹੱਦ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਜਾਵੇ ਤਾਂ ਜੋ ਗਰੀਬ, ਮੱਧ ਵਰਗੀ ਤੇ ਲੋੜਵੰਦ ਵਿਦਿਆਰਥੀ ਸਕੀਮ ਦਾ ਲਾਭ ਲੈ ਸਕਣ। ਉਹਨਾਂ ਕਿਹਾ ਕਿ ਗਰੀਬ ਤੇ ਮੱਧਵਰਗੀ ਤੇ ਲੋੜਵੰਦ ਵਿਦਿਆਰਥੀਆਂ ਲਈ ਇਹ ਸਕੀਮ ਬਹੁਤ ਲਾਹੇਵੰਦ ਹੈ ਪਰ ਇਸਨੂੰ ਪ੍ਰਭਾਵਸ਼ਾਲੀ ਰੂਪ ਵਿਚ ਲਾਗੂ ਕਰਨਾ ਬਹੁਤ ਜ਼ਰੂਰੀ ਹੈ।
ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ ਜੋ ਇਸ ਸਕੀਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਉਣ ਵਾਸਤੇ ਵਚਨਬੱਧ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਤੇ ਮੰਤਰੀ ਸਰਦਾਰ ਸਿਰਸਾ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਦਿਆਂ ਆਮਦਨ ਹੱਦ ਵਧਾਉਣ ਦੇ ਮਾਮਲੇ ਵਿਚ ਸਹਿਯੋਗ ਕਰਨਗੇ ਤਾਂ ਜੋ ਵੱਧ ਤੋਂ ਵੱਧ ਘੱਟ ਗਿਣਤੀ ਵਿਦਿਆਰਥੀ ਸਕੀਮ ਦਾ ਲਾਭ ਲੈ ਸਕਣ।