ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੌਮੀ ਖੇਡਾਂ, ਖੇਲੋ ਇੰਡੀਆ ਤੇ ਦਿੱਲੀ ਖੇਡਾਂ ਦੌਰਾਨ ਗੱਤਕਾ ਦੇ ਮੁਕਾਬਲਿਆਂ ਵਿਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਹਨਾਂ ਖਿਡਾਰੀਆਂ ਦਾ ਸਨਮਾਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਸਾਹਿਬ ਜੀ ਨੇ ਮੱਲ ਅਖਾੜਿਆਂ ਦੀ ਸ਼ੁਰੂਆਤ ਕਰਵਾਈ ਸੀ ਜਿਸ ਮਗਰੋਂ ਗੱਤਕੇ ਦੀ ਖੇਡ ਸ਼ੁਰੂ ਹੋਈ। ਉਹਨਾਂ ਕਿਹਾ ਕਿ ਅੱਜ ਸਾਡੀ ਸਿੱਖ ਕੌਮ ਦੇ ਬੱਚੇ ਇਹਨਾਂ ਗੱਤਕਾ ਮੁਕਾਬਲਿਆਂ ਵਿਚ ਸਿਰਫ ਸੂਬਾਈ ਜਾਂ ਦੇਸ਼ ਪੱਧਰ ਹੀ ਨਹੀਂ ਬਲਕਿ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿਚ ਵੀ ਮੈਡਲ ਜਿੱਤ ਰਹੇ ਹਨ। ਉਹਨਾਂ ਕਿਹਾ ਕਿ ਉਹ ਸਰਦਾਰ ਜ਼ੋਰਾਵਰ ਸਿੰਘ, ਸੁਰਿੰਦਰਪਾਲ ਸਿੰਘ ਹੰਸਪਾਲ ਤੇ ਇਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦੇਣਾ ਚਾਹੁੰਦੇ ਹਨ ਜੋ ਇਸ ਮਾਮਲੇ ਵਿਚ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਭਾਵੇਂ ਖੇਲੋ ਇੰਡੀਆ ਹੋਵੇ, ਕੌਮੀ ਖੇਡਾਂ ਹੋਣ ਜਾਂ ਦਿੱਲੀ ਦੀਆਂ ਖੇਡਾਂ ਹੋਣ, ਇਹਨਾਂ ਸਭ ਵਿਚ ਇਹਨਾਂ ਖਿਡਾਰੀਆਂ ਨੇ ਨੇ ਮੈਡਲ ਜਿੱਤੇ ਤੇ ਬੁਲੰਦੀਆਂ ਹਾਸਲ ਕੀਤੀਆਂ ਹਨ।
ਉਹਨਾਂ ਕਿਹਾ ਕਿ ਅੱਜ ਗੱਤਕੇ ਦਾ ਨਾਮ ਉੱਚਾ ਹੋਣ ਵਿਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਿੱਖ ਕੌਮ ਦੀ ਰਵਾਇਤੀ ਖੇਡ ਗੱਤਕਾ ਦੀ ਚਰਚਾ ਅੱਜ ਦੁਨੀਆਂ ਭਰ ਵਿਚ ਹੋ ਰਹੀ ਹੈ। ਉਹਨਾਂ ਕਿਹਾ ਕਿ ਗੱਤਕਾ ਇਕ ਮਾਰਸ਼ਲ ਆਰਟ ਹੈ ਜੋ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਤੇ ਗੱਤਕਾ ਸਿੱਖਣ ਵਾਲਾ ਵਿਅਕਤੀ ਆਪਣੀ ਸਵੈ ਰੱਖਿਆ ਵਿਚ ਵੀ ਨਿਪੁੰਨ ਹੁੰਦਾ ਹੈ। ਉਹਨਾਂ ਕਿਹਾ ਕਿ ਇਹ ਲੋਕ ਸਾਨੂੰ ਸਾਡੀ ਰਵਾਇਤੀ ਖੇਡ ਨਾਲ ਵੀ ਜੋੜ ਰਹੇ ਹਨ ਜੋ ਗੁਰੂ ਸਾਹਿਬ ਨੇ ਸਵੈ ਰੱਖਿਆ ਵਾਸਤੇ ਸ਼ੁਰੂ ਕੀਤੀ ਸੀ। ਉਹਨਾਂ ਕਿਹਾ ਕਿ ਅੱਜ ਖਾਲਸਾ ਕੌਮ ਦੀ ਇਸ ਮਾਮਲੇ ਵਿਚ ਚੜ੍ਹਦੀਕਲਾ ਦੀ ਇਹ ਖੇਡ ਪ੍ਰਤੀਕ ਹੈ। ਉਹਨਾਂ ਨੇ ਖਾਸ ਤੌਰ ’ਤੇ ਲੜਕੀਆਂ ਨੂੰ ਵੀ ਵਧਾਈ ਦਿੱਤੀ ਜਿਹਨਾਂ ਨੇ ਇਸ ਖੇਡ ਵਿਚ ਮੱਲਾਂ ਮਾਰੀਆਂ ਹਨ।